ਆਕਸਫੋਰਡ ਦੇ ਵਿਦਿਆਰਥੀਆਂ ਨੇ ਚਾਇਨਾ ਡੋਰ ਨੂੰ ਨਾ ਵਰਤਣ ਸਬੰਧੀ ਕੱਢੀ ਜਾਗਰੂਕ ਰੈਲੀ
ਅਸ਼ੋਕ ਵਰਮਾ
ਭਗਤਾ ਭਾਈ, 22 ਜਨਵਰੀ 2026 :ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਸਿਰਫ ਵਿੱਦਿਅਕ ਪੱਖ ਤੋਂ ਹੀ ਮੋਹਰੀ ਨਹੀਂ ਸਗੋਂ ਸਮਾਜਿਕ ਪੱਖ ਤੋਂ ਵੀ ਵੱਖ- ਵੱਖ ਗਤੀਵਿਧੀਆਂ ਕਰਵਾਉਣ ਕਾਰਨ ਹਮੇਸ਼ਾ ਸੁਰਖੀਆਂ ਵਿੱੱਚ ਰਹਿੰਦੀ ਹੈ। ਇਸ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਨੇੜਲੇ ਪਿੰਡ ਮਲੂਕਾ, ਭਾਈਰੂਪਾ ਵਿਖੇ ਇੱਕ ਰੈਲੀ ਕੱਢੀ ਗਈ ਜਿਸ ਵਿੱਚ ਚਾਇਨਾ ਡੋਰ ਦੇ ਨੁਕਸਾਨਾਂ ਨੂੰ ਮੁੱਖ ਰੱਖ ਕੇ ਇਸ ਨੂੰ ਨਾ ਵਰਤਣ ਦਾ ਸੁਨੇਹਾ ਦਿੱਤਾ ਗਿਆ।
ਸੰਸਥਾ ਦੇ ਐਨ. ਸੀ. ਸੀ ਕੈਡਿਟ,ਨੇਵੀ ਕੈਡਿਟ ਅਤੇ ਸਕਾਊਟ ਐਂਡ ਗਾਇਡ ਦੇ ਕੈਡਿਟਾਂ ਨੂੰ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਵਿਦਿਆਰਥੀਆਂ ਨੇ ਪਿੰਡਾਂ ਵਿੱਚ ਜਾ ਪਿੰਡ ਵਾਸੀਆਂ ਨੂੰ ਚਾਇਨਾ ਡੋਰ ਦੇ ਕਾਰਨ ਜਾਣ ਵਾਲੀਆਂ ਮਨੁੱਖਾਂ ਅਤੇ ਪੰਛੀਆਂ ਦੀਆਂ ਜਾਨਾਂ ਅਤੇ ਹੋਰ ਵਾਪਰਨ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਥਾਂ ਦੇਸੀ ਡੋਰ ਵਰਤਣ ਦਾ ਸੰਦੇਸ਼ ਦਿੱਤਾ। ਪਿੰਡ ਦੇ ਮੋਹਤਬਰ ਮੈਬਰਾਂ ਅਤੇ ਪਿੰਡ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ।
ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਡੋਰ ਦੀ ਵਰਤੋ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕੀਮਤੀ ਜਾਨਾਂ ਨਾ ਗੁਆਉਣ ਦਾ ਸੁਨੇਹਾ ਦਿੱਤਾ ।ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਵਿਦਿਆਰਥੀਆਂ ਅਤੇ ਇਸ ਸੰਸਥਾ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਆਪਣੇ ਪਿੰਡਾਂ ਵਿੱਚ ਇਸ ਦੀ ਵਰਤੋਂ ਨਾ ਕਰਨ ਲਈ ਉਚੇਚ ਕਰਨ ਦਾ ਵਾਅਦਾ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪੀ੍ਰਤ ਸਿੰਘ‘ਗਗਨ ਬਰਾੜ’(ਚੇਅਰਮੈਨ),ਗੁਰਮੀਤ ਸਿੰਘ ਗਿੱਲ (ਪ੍ਰਧਾਨ),ਪਰਮਪਾਲ ਸਿੰਘ ਸ਼ੈਰੀ ਢਿੱਲੋਂ (ਵਾਈਸ ਚੇਅਰਮੈਨ),ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵਿਦਿਆਰਥੀਆਂ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ।