“ਵਿਕਾਸ ਪ੍ਰੋਜੈਕਟ ਪਾਰਦਰਸ਼ੀ ਢੰਗ ਨਾਲ ਅਤੇ ਸਮੇਂ-ਸਿਰ ਮੁਕੰਮਲ ਹੋਣੇ ਯਕੀਨੀ ਬਣਾਏ ਜਾਣ”- ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ
ਲੋਕ-ਭਲਾਈ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜਦਾ ਕਰਨ ਨੂੰ ਅਧਿਕਾਰੀ ਦੇਣ ਤਰਜੀਹ : ਰਾਜ ਸਭਾ ਮੈਂਬਰ ਰਜਿੰਦਰ ਗੁਪਤਾ
· ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਧਾਨਗੀ ਹੇਠ “ਦਿਸ਼ਾ” ਕਮੇਟੀ ਦੀ ਮੀਟਿੰਗ
ਮਾਲੇਰਕੋਟਲਾ, 20 ਜਨਵਰੀ:
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਐਮ.ਪੀ. ਲੈਂਡ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਮੀਟਿੰਗ ਅੱਜ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ, ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਰਿੰਪੀ ਗਰਗ,ਐਸ.ਡੀ.ਐਮ.ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ, ਐਸ.ਪੀ. (ਪੀ.ਬੀ.ਆਈ) ਰਾਜਵਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਸੈਬੀ ਖ਼ਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੀ ਅਗਵਾਈ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕ-ਭਲਾਈ ਸਕੀਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸਾਰੇ ਵਿਕਾਸ ਪ੍ਰੋਜੈਕਟ ਪੂਰੀ ਪਾਰਦਰਸ਼ਤਾ ਨਾਲ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤੇ ਜਾਣ। ਉਨ੍ਹਾਂ ਨੋਡਲ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ ਅਤੇ ਹਰ ਪ੍ਰੋਜੈਕਟ ਸਥਾਨ ’ਤੇ ਕੰਮ ਦੀ ਮਿਆਦ, ਲਾਗਤ ਅਤੇ ਵੇਰਵਾ ਸਪਸ਼ਟ ਤੌਰ ’ਤੇ ਦਰਜ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕ-ਭਲਾਈ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ,ਪਰ ਇਹ ਸਾਡੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ ਕਿ ਹਰ ਸਕੀਮ ਦਾ ਲਾਭ ਅਸਲ ਹੱਕਦਾਰ ਤੱਕ ਪਹੁੰਚੇ।ਉਨ੍ਹਾਂ ਸਪਸ਼ਟ ਕੀਤਾ ਕਿ ਵਿਕਾਸ ਕੰਮਾਂ ਵਿੱਚ ਬੇਵਜ੍ਹਾ ਦੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਕਿਹਾ ਕਿ ਸਾਰੇ ਅਧਿਕਾਰੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਲੋਕ-ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਅਤੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਵਾਂਝਾ ਨਾ ਰਹੇ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਿਕਾਸ ਕਾਰਜ ਨੂੰ ਸਮਾਂਬੱਧ, ਪਾਰਦਰਸ਼ੀ ਅਤੇ ਗੁਣਵੱਤਾ ਯੁਕਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਹਰ ਸਰਕਾਰੀ ਸਹੂਲਤ ਦਾ ਬਣਦਾ ਲਾਭ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ ਵਧਵਾ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੁਕਲ ਬਾਵਾ,ਜ਼ਿਲਾ ਸਿਹਤ ਅਫਸਰ ਡਾ.ਪੁਨਿਤ ਸਿੱਧੂ,ਐਕਸ਼ੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਇੰਜੀ ਆਦਰਸ਼ ਨਿਰਮਲ, ਐਸ.ਡੀ.ਓ.ਪੰਜਾਬ ਮੰਡੀ ਬੋਰਡ ਇੰਜੀ ਰਤਨਦੀਪ ਸਿੰਘ, ਸਿੱਖਿਆ ਵਿਭਾਗ ਤੋਂ ਮਨਜੀਤ ਕੌਰ, ਸੀ.ਡੀ.ਪੀ.ਓ. ਪਵਨ ਕੁਮਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।