ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੂੰ ਮੌਜੂਦਾ ਬੱਸ ਅੱਡੇ ਦੇ ਨਵੀਨੀਕਰਨ ਦੀ ਆਸ ਬੱਝੀ
ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2026 :ਪੰਜਾਬ ਦੇ ਟਰਾਂਸਪੋਰਟ ਮੰਤਰੀ ਸ ਲਾਲਜੀਤ ਸਿੰਘ ਭੁੱਲਰ ਵਲੋਂ ਬੀਤੇ ਦਿਨੀਂ ਬੱਸ ਅੱਡੇ ਦੇ ਨਵੀਨੀਕਰਨ ਸਬੰਧੀ ਦਿੱਤੇ ਗਏ ਬਿਆਨ ਦਾ ਬੱਸ ਅੱਡਾ ਬਚਾਓ ਮੋਰਚੇ ਨੇ ਸਵਾਗਤ ਕਰਦਿਆਂ ਆਸ ਜਤਾਈ ਹੈ ਕਿ ਮੰਤਰੀ ਦਾ ਕਥਨ ਕਹਿਣੀ ਤੇ ਖਰਾ ਉਤਰੇਗਾ। ਮੋਰਚੇ ਦੇ ਆਗੂ ਬਲਤੇਜ ਵਾਂਦਰ ਨੇ ਇਸ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੰਤਰੀ ਜੀ ਦਾ ਬਿਆਨ ਇਸ ਗੱਲ ਦੀ ਉਮੀਦ ਜਗਾਉਂਦਾ ਹੈ ਕਿ ਬੱਸ ਅੱਡੇ ਨੂੰ ਮੌਜੂਦਾ ਥਾਂ ‘ਤੇ ਹੀ ਰੱਖ ਕੇ ਉਸਦਾ ਨਵੀਨੀਕਰਨ ਅਤੇ ਹੋਰ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬੱਸ ਅੱਡਾ ਬਚਾਓ ਮੋਰਚਾ ਇਸੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਸੀ ਕਿ ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦੀ ਬਜਾਏ, ਮੌਜੂਦਾ ਥਾਂ ‘ਤੇ ਹੀ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤਾ ਜਾਵੇ, ਤਾਂ ਜੋ ਆਮ ਲੋਕਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਮਹਿਲਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਬਲਤੇਜ ਵਾਂਦਰ ਨੇ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵਲੋਂ ਵੀ ਲੋਕ ਰਾਇ ਜਾਣ ਕੇ ਫੈਸਲਾ ਲੈਣ ਦੀ ਗੱਲ ਕਹੀ ਗਈ ਸੀ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਬੱਸ ਅੱਡੇ ਦੇ ਮਾਮਲੇ ‘ਚ ਲੋਕਾਂ ‘ਤੇ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਕਰੇਗੀ ਅਤੇ ਨਾ ਹੀ ਲੋਕਾਂ ‘ਤੇ ਵਾਧੂ ਆਰਥਿਕ ਜਾਂ ਸਮਾਜਿਕ ਬੋਝ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਬੱਸ ਅੱਡੇ ਨੂੰ ਮੌਜੂਦਾ ਥਾਂ ‘ਤੇ ਹੀ ਰੱਖ ਕੇ ਨਵੀਨੀਕਰਨ ਕਰਨ ਸਬੰਧੀ ਲੋਕ-ਪੱਖੀ ਫੈਸਲਾ ਲਿਖਤੀ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ, ਤਾਂ ਬੱਸ ਅੱਡਾ ਬਚਾਓ ਮੋਰਚਾ ਆਪਣੇ ਚੱਲ ਰਹੇ ਅੰਦੋਲਨ ਬਾਰੇ ਵਿਚਾਰ ਕਰਕੇ ਉਸਨੂੰ ਸੰਪੂਰਨ ਕਰਨ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕਰੇਗਾ।
ਬਲਤੇਜ ਵਾਂਦਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਬੱਸ ਅੱਡਾ ਬਚਾਓ ਮੋਰਚੇ ਦੀ ਲੜਾਈ ਕਿਸੇ ਵੀ ਤਰ੍ਹਾਂ ਦੀ ਸਿਆਸੀ ਹੋਂਦ ਜਾਂ ਨਿੱਜੀ ਲਾਭ ਲਈ ਨਹੀਂ ਹੈ, ਸਗੋਂ ਇਹ ਸਿਰਫ਼ ਅਤੇ ਸਿਰਫ਼ ਲੋਕ ਹਿਤਾਂ, ਸ਼ਹਿਰ ਦੇ ਵਿਕਾਸ ਅਤੇ ਆਮ ਨਾਗਰਿਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖ ਕੇ ਲੜੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਰਕਾਰ ਲੋਕਾਂ ਦੀ ਭਾਵਨਾ ਨੂੰ ਸਮਝਦਿਆਂ ਜਲਦ ਹੀ ਸਪਸ਼ਟ ਅਤੇ ਠੋਸ ਫੈਸਲਾ ਲਏ।