ਬਠਿੰਡਾ ਪੁਲਿਸ ਨਾਲ ਮੁਕਾਬਲੇ ਦੌਰਾਨ ਲੱਤ ’ਚ ਗੋਲੀ ਲੱਗਣ ਨਾਲ ਮੁਲਜ਼ਮ ਜਖਮੀ
ਅਸ਼ੋਕ ਵਰਮਾ
ਬਠਿੰਡਾ ,17 ਜਨਵਰੀ 2026: ਬਠਿੰਡਾ ਪੁਲਿਸ ਨੇ ਅੱਜ ਤੜਕਸਾਰ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਦੌਰਾਨ ਉਸ ਬਦਮਾਸ਼ ਨੂੰ ਕਾਬੂ ਕੀਤਾ ਹੈ ਜੋ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਲੁੜੀਂਦਾ ਸੀ। ਇਸ ਮੌਕੇ ਬਦਮਾਸ਼ ਨੇ ਪੁਲਿਸ ਤੇ ਗੋਲੀ ਵੀ ਚਲਾਈ ਪਰ ਪੁਲਿਸ ਟੀਮਾਂ ਵੱਲੋਂ ਚਲਾਈ ਜਵਾਬੀ ਗੋਲੀ ਉਸ ਦੇ ਲੱਤ ’ਚ ਲੱਗੀ ਹੈ। ਮੁਲਜਮ ਬਦਮਾਸ਼ ਦੀ ਪਛਾਣ ਸੇਵਕ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਕੀਤੀ ਗਈ ਹੈ ਜਿਸ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪੁੱਜੀ ਜਿਲ੍ਹਾ ਪੁਲਿਸ ਮੁਖੀ ਡਾ ਜਯੋਤੀ ਯਾਦਵ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮੁਹਾਲੀ ’ਚ ਇਮੀਗਰੇਸ਼ਨ ਦਾ ਕੰਮ ਕਰਨ ਵਾਲੇ ਬੇਅੰਤ ਸਿੰਘ ਵਾਸੀ ਗੁਲਾਬਗੜ੍ਹ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰੇ ਫੋਨ ਕਰਨ ਰਾਹੀਂ ਇੱਕ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ ਧਮਕੀ ਭਰੇ ਫੋਨ ਕਰਨ ਵਾਲੇ ਬਦਮਾਸ਼ ਦੀ ਤਲਾਸ਼ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਆਧੁਨਿਕ ਤਕਨੀਕਾਂ ਨਾਲ ਮੁਲਜਮ ਦੀ ਪਛਾਣ ਕਰ ਲਈ ਅਤੇ ਇਸ ਦੌਰਾਨ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਦੇਖਦਿਆਂ ਮੁਲਜਮ ਨੇ ਫਾਇਰਿੰਗ ਕਰ ਦਿੱਤੀ । ਜਦੋਂ ਪੁਲਿਸ ਨੇ ਜਵਾਬ ’ਚ ਗੋਲੀ ਚਲਾਈ ਜੋ ਉਸ ਦੀ ਲੱਤ ਤੇ ਲੱਗੀ। ਉਨ੍ਹਾਂ ਦੱਸਿਆ ਕਿ ਮੁਲਜਮ ਤੋਂ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੇਵਕ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਦੋ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਜਿਸ ਮੋਟਰਸਾਈਕਲ ਤੇ ਅੱਜ ਉਹ ਸਵਾਰ ਸੀ ਉਹ ਚੋਰੀ ਦਾ ਜਾਪਦਾ ਹੈ ਫਿਰ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਮੁਲਜਮ ਤੋਂ ਪੁੱਛਗਿਛ ਕਰੇਗੀ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।