ਪੰਜਾਬ ਦੇ ਰਾਜਪਾਲ ਨੇ ਨੌਜਵਾਨਾਂ ਨੂੰ ਕਰੀਅਰ ’ਚ ਸਫ਼ਲਤਾ ਹਾਸਲ ਕਰਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨ ਦੀ ਕੀਤੀ ਅਪੀਲ
ਐਨ.ਆਈ.ਟੀ. ਜਲੰਧਰ ਵਿਖੇ 21ਵੇਂ ਡਿਗਰੀ ਵੰਡ ਸਮਾਗਮ ਦੀ ਕੀਤੀ ਪ੍ਰਧਾਨਗੀ
1,454 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ, ਅਕਾਦਮਿਕ ਉੱਤਮਤਾ ਲਈ 31 ਮੈਡਲ ਦਿੱਤੇ ਗਏ
ਦੇਸ਼ ਲਈ ਬਿਹਤਰੀਨ ਇੰਜੀਨੀਅਰ ਤਿਆਰ ਕਰਨ ֹ’ਚ ਐਨ.ਆਈ.ਟੀ. ਜਲੰਧਰ ਦੀ ਭੂਮਿਕਾ ਨੂੰ ਸਲਾਹਿਆ
ਜਲੰਧਰ, 16 ਜਨਵਰੀ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਨੌਜਵਾਨਾਂ ਨੂੰ ਆਪਣੀ ਯੋਗਤਾ ਅਤੇ ਸਿੱਖਿਆ ਦੀ ਵਰਤੋਂ ਦੇਸ਼ ਅਤੇ ਸਮਾਜ ਦੀ ਭਲਾਈ ਲਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ 'ਤੇ ਭਾਰਤ ਦੀ ਤਰੱਕੀ ਨਿਰਭਰ ਕਰਦੀ ਹੈ।
ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.), ਜਲੰਧਰ ਦੇ 21ਵੇਂ ਡਿਗਰੀ ਵੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਕਨਵੋਕੇਸ਼ਨ ਵਿਦਿਆਰਥੀ ਦੇ ਜੀਵਨ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੁੰਦਾ ਹੈ, ਜੋ ਉਸ ਦਿਨ ਦਾ ਪ੍ਰਤੀਕ ਹੈ, ਜਦੋਂ ਸਾਲਾਂ ਦੀ ਸਖ਼ਤ ਮਿਹਨਤ ਨੂੰ ਫ਼ਲ ਮਿਲਦਾ ਹੈ।
ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਆਪਣੀ ਯੋਗਤਾ ਰਾਹੀਂ ਉੱਚ ਅਹੁਦੇ ਹਾਸਲ ਕਰਨ, ਆਪਣੇ ਪਰਿਵਾਰਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਇੱਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਰਾਸ਼ਟਰ ਦੇ ਨਿਰਮਾਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸਮਾਰੋਹ ਦੌਰਾਨ ਕੁੱਲ 1,454 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 1,011 ਬੀ.ਟੈਕ, 237 ਐਮ.ਟੈਕ, 23 ਐਮ.ਬੀ.ਏ., 90 ਐਮ.ਐਸ.ਸੀ. ਅਤੇ 92 ਪੀ.ਐਚ.ਡੀ. ਗ੍ਰੈਜੂਏਟ ਸ਼ਾਮਲ ਹਨ। ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ 31 ਮੈਡਲ , ਜਿਨ੍ਹਾਂ ਵਿੱਚ 30 ਵਿਸ਼ਾ-ਵਾਰ ਮੈਡਲ ਅਤੇ ਇੱਕ ਓਵਰਆਲ ਬੀ.ਟੈਕ ਟੌਪਰ ਮੈਡਲ ਸ਼ਾਮਲ ਹੈ, ਪ੍ਰਦਾਨ ਕੀਤੇ ਗਏ।
ਰਾਜਪਾਲ ਨੇ ਐਨ.ਆਈ.ਟੀ. ਜਲੰਧਰ ਨੂੰ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ ਦੱਸਦਿਆਂ ਕਿਹਾ ਕਿ ਇੱਥੋਂ ਪਾਸ ਹੋਣ ਵਾਲੇ ਵਿਦਿਆਰਥੀ ਸਫ਼ਲਤਾ ਪ੍ਰਾਪਤ ਕਰਕੇ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਮਹਾਨ ਰਾਸ਼ਟਰ ਦੀ ਸਿਰਜਣਾ ਲਈ ਡਿਗਰੀਆਂ ਦੇ ਨਾਲ-ਨਾਲ ਚਰਿੱਤਰ ਨਿਰਮਾਣ ਵੀ ਓਨਾ ਹੀ ਮਹੱਤਵਪੂਰਣ ਹੈ। ਉਨ੍ਹਾਂ ਨੇ ਵਿਸ਼ਵ ਪੱਧਰੀ ਇੰਜੀਨੀਅਰ ਪੈਦਾ ਕਰਨ ਵਿੱਚ ਸੰਸਥਾ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਖੋਜ ਅਤੇ ਨਵੀਨਤਾ ਵਿੱਚ ਇਸਦੇ ਕੰਮ ਦੀ ਪ੍ਰਸ਼ੰਸਾ ਵੀ ਕੀਤੀ।
ਸਮੂਹਿਕ ਯਤਨਾਂ ਦਾ ਸੱਦਾ ਦਿੰਦਿਆਂ ਰਾਜਪਾਲ ਨੇ ਰੰਗਲਾ ਪੰਜਾਬ ਬਣਾਉਣ ਵਿੱਚ ਨੌਜਵਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਪਾਣੀ ਦੀ ਸੰਭਾਲ, ਕਿਸਾਨਾਂ ਨੂੰ ਹੋਰ ਸਸ਼ਕਤ ਬਣਾਉਣ, ਮਹਿਲਾ ਸਸ਼ਕਤੀਕਰਨ ਅਤੇ ਨਸ਼ਿਆਂ ਦੇ ਖਾਤਮੇ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਬੋਰਡ ਆਫ਼ ਗਵਰਨਰਜ਼ ਦੇ ਚੇਅਰਪਰਸਨ, ਪ੍ਰੋ. ਜੇ.ਐਸ. ਯਾਦਵ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਜਦਕਿ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਸੰਸਥਾ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਮਿਆਰੀ ਸਿੱਖਿਆ ਤੇ ਖੋਜ ਰਾਹੀਂ ਰਾਸ਼ਟਰ ਨਿਰਮਾਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਵੀ ਮੌਜੂਦ ਸਨ।