328 ਸਰੂਪਾਂ ਦਾ ਰਹੱਸ ਖੋਲ੍ਹਣ ਦਾ ਸਮਾਂ ਆ ਗਿਆ ਹੈ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 8 ਦਸੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਗੁੰਮਸ਼ੁਦਾ ਰਿਪੋਰਟ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਵਧ ਰਹੀ ਡੂਘੀ ਨਿਰਾਸ਼ਾ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਇਹ ਪੂਰੇ ਪੰਥ ਨਾਲ ਜੁੜਿਆ ਸਭ ਤੋਂ ਸੰਵੇਦਨਸ਼ੀਲ ਅਤੇ ਗੰਭੀਰ ਮੁੱਦਾ ਹੈ, ਜਿਸ ਬਾਰੇ ਪਿਛਲੇ ਪੰਜ ਸਾਲਾਂ ਤੋਂ ਚਰਚਾ ਅਤੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਨਾ ਤਾਂ ਕੋਈ ਸਪਸ਼ਟ ਪੱਤਰ ਜਾਰੀ ਕੀਤਾ ਗਿਆ ਅਤੇ ਨਾ ਹੀ ਰਿਕਾਰਡ ਵਿੱਚ ਇਸਦੀ ਪੱਕੀ ਜਾਣਕਾਰੀ ਦਿਤੀ ਗਈ ਹੈ।
ਕਾਲਕਾ ਨੇ ਸਪਸ਼ਟ ਕਿਹਾ ਕਿ ਉਹਨਾਂ ਵਰ੍ਹਿਆਂ ਦੌਰਾਨ ਸਰੂਪਾਂ ਦੀ ਚੋਰੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਸਨ, ਤਾਂ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਐਸਜੀਪੀਸੀ ਵੱਲੋਂ ਗੰਭੀਰਤਾ ਨਾਲ ਕੋਈ ਜ਼ਰੂਰੀ ਉਪਰਾਲੇ ਨਹੀਂ ਲਏ ਗਏ।”ਉਨ੍ਹਾਂ ਦੱਸਿਆ ਕਿ ਅਨੇਕਾਂ ਧਾਰਮਿਕ ਤੇ ਕਿਸਾਨ ਜਥੇਬੰਦੀਆਂ, ਜੋ ਗੈਰ-ਰਾਜਨੀਤਿਕ ਤੌਰ ‘ਤੇ ਇਸ ਮੁੱਦੇ ਲਈ ਪਿਛਲੇ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੀਆਂ ਸਨ, ਹੁਣ ਉਨ੍ਹਾਂ ਦੀ ਮੰਗ ਦੇ ਅਧਾਰ ‘ਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਐਫਆਈਆਰ ਵਿੱਚ ਉਹ ਕਰਮਚਾਰੀ ਅਤੇ ਸੰਬੰਧਤ ਅਧਿਕਾਰੀ ਨਾਮਜ਼ਦ ਹਨ ਜਿਹੜੇ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਅਹੁਦਿਆਂ ‘ਤੇ ਤਾਇਨਾਤ ਸਨ।
ਕਾਲਕਾ ਨੇ ਅੱਗੇ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਦੀ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਪ੍ਰਧਾਨ ਨੂੰ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਕਿ ਦੋਸ਼ੀਆਂ ਉੱਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋ ਸਕੇ।”
ਉਨ੍ਹਾਂ ਇਹ ਵੀ ਪੁੱਛਿਆ ਕਿ ਜੇਕਰ ਇਹ ਮਾਮਲਾ ‘ਕਲਰਕਲ ਗਲਤੀ’ ਸੀ, ਤਾਂ ਫਿਰ ਪੰਜ ਸਾਲਾਂ ਤੱਕ ਕਾਰਵਾਈ ਕਿਉਂ ਟਾਲੀ ਗਈ “ਧਾਰਮਿਕ ਗੰਭੀਰਤਾ ਅਤੇ ਪੰਥਕ ਸਤਿਕਾਰ ਦੇ ਮਾਮਲਿਆਂ ਵਿੱਚ ਅਣਦੇਖੀ ਅਤੇ ਢਿੱਲ ਅਸਵੀਕਾਰਯੋਗ ਹੈ।”
ਕਾਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਗ ਕੁਲਤਾਰ ਸਿੰਘ ਸੰਧਵਾਂ ਵੱਲੋਂ ਐਫਆਈਆਰ ਦਰਜ ਕਰਵਾਉਣ ਨੂੰ ‘ਉੱਚ ਕਦਮ’ ਕਰਾਰ ਦਿੰਦਿਆਂ ਉਮੀਦ ਜਤਾਈ ਕਿ ਪੰਜਾਬ ਸਰਕਾਰ ਇਮਾਨਦਾਰੀ ਨਾਲ ਜਾਂਚ ਨੂੰ ਅੱਗੇ ਵਧਾਏਗੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।