ਨਰਸਿੰਗ ਕਾਲਜ ਢਾਹਾਂ ਕਲੇਰਾਂ ਦੇ ਟੌਪਰ ਵਿਦਿਆਰਥੀਆਂ ਨੂੰ ਦੋ 2,90,000 ਦੀ ਸਕਾਲਰਸ਼ਿਪ ਪ੍ਰਦਾਨ
ਬੰਗਾ 28 ਨਵੰਬਰ (ਸੰਧੂ) ਨਰਸਿੰਗ ਸਿੱਖਿਆ ਦੀ ਪੰਜਾਬ ਦੀ ਪ੍ਰਮੁੱਖ ਸੰਸਥਾ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਬੀਤੇ ਦਿਨੀ ਜੀ.ਐਨ.ਐਮ. ਅਤੇ ਬੀ.ਐਸ.ਸੀ. ਨਰਸਿੰਗ ਡਿਗਰੀ ਕੋਰਸਾਂ ਦੇ 8 ਟੌਪਰ ਨਰਸਿੰਗ ਵਿਦਿਆਰਥੀਆਂ ਨੂੰ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਸ. ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਕੈਨੇਡਾ-ਇੰਡੀਆ ਐਜ਼ੂਕੇਸ਼ਨਲ ਸੁਸਾਇਟੀ ਅਤੇ ਕੈਨੇਡਾ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦੋ ਲੱਖ ਰੁਪਏ ਨੱਬੇ ਹਜ਼ਾਰ ਰੁਪਏ ਦੀਆਂ ਸਕਾਲਰਸ਼ਿਪ ਪ੍ਰਦਾਨ ਕੀਤੀਆਂ ਗਈਆਂ । ਇਸ ਮੌਕੇ ਕਾਲਜ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਸ. ਬਰਜਿੰਦਰ ਸਿੰਘ ਢਾਹਾਂ ਨੇ ਆਪਣੇ ਕਰ ਕਮਲਾਂ ਨਾਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਭੇਟ ਕੀਤੇ ।
ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ ਸ. ਬਰਜਿੰਦਰ ਸਿੰਘ ਢਾਹਾਂ ਨੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀ । ਉਹਨਾਂ ਨੇ ਕਿਹਾ ਕਿ ਕਾਲਜ ਵੱਲੋਂ ਆਪਣੇ 27 ਸਾਲਾਂ ਦੇ ਸਫਰ ਦੌਰਾਨ ਬਹੁਤ ਸ਼ਾਨਾਮੱਤੀ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਸ ਕਾਲਜ ਤੋਂ ਹੁਣ ਤੱਕ 2653 ਵਿਦਿਆਰਥੀ ਨਰਸਿੰਗ ਡਿਗਰੀ ਪ੍ਰਾਪਤ ਕਰਕੇ ਨਰਸਿੰਗ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਦੇਸ਼-ਵਿਦੇਸ਼ ਵਿਚ ਲੀਡਰਸ਼ਿੱਪ ਅਹੁੱਦਿਆਂ 'ਤੇ ਸ਼ਾਨਦਾਰ ਕੰਮ ਕਰ ਰਹੇ ਹਨ । ਢਾਹਾਂ ਕਲੇਰਾਂ ਵਿਖੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਾਲ 1998 ਵਿੱਚ ਨਰਸਿੰਗ ਕਾਲਜ ਸਥਾਪਿਤ ਹੋਇਆ ਸੀ ਜੋ ਪੰਜਾਬ ਦੇ ਪੇਂਡੂ ਖੇਤਰ ਦਾ ਤੀਜਾ ਨਰਸਿੰਗ ਕਾਲਜ ਸੀ । ਇਸ ਮੌਕੇ ਸ. ਢਾਹਾਂ ਨੇ ਸਕਾਲਰਸ਼ਿੱਪ ਪ੍ਰਦਾਨ ਕਰਨ ਵਿਚ ਵਿਸ਼ੇਸ਼ ਸਹਿਯੋਗ ਦੇਣ ਲਈ ਕੈਨੇਡਾ-ਇੰਡੀਆ ਐਜ਼ੂਕੇਸ਼ਨਲ ਸੁਸਾਇਟੀ ਅਤੇ ਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ।
ਉਹਨਾਂ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਦਿੰਦੇ ਉਹਨਾਂ ਨੂੰ ਹੋਰ ਵੀ ਮਿਹਨਤ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ । ਵਿਦਿਆਰਥੀਆਂ ਨੇ ਵੀ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਾਲਜ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ । ਇਸ ਸਾਲ ਬਾਬਾ ਬੁੱਧ ਸਿੰਘ ਢਾਹਾਂ ਐਕਸੀਲੈਂਸ ਅਵਾਰਡ ਸਕਾਲਰਸ਼ਿਪ ਹਰਲੀਨ ਕੌਰ ਪੁੱਤਰੀ ਨਛੱਤਰ ਸਿੰਘ-ਸੁਰਜੀਤ ਕੌਰ ਬੀ ਐਸ ਸੀ ਨਰਸਿੰਗ (ਚੌਥਾ ਸਾਲ) ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 50 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ ਹੈ ।
ਇਸੇ ਤਰ੍ਹਾਂ ਸ਼ਾਨਦਾਰ ਵਿਦਿਅਕ ਪ੍ਰਾਪਤੀਆਂ ਲਈ ਪਰਮੀਤ ਸਿੰਘ ਪੁੱਤਰ ਹਰਦੀਪ ਸਿੰਘ-ਪਰਮਿੰਦਰ ਕੌਰ ਬੀ ਐਸ ਸੀ (ਨਰਸਿੰਗ) ਪਹਿਲਾ ਸਾਲ, ਤਰਨਦੀਪ ਕੌਰ ਪੁੱਤਰੀ ਜਸਵੀਰ ਸਿੰਘ-ਰੀਨਾ ਜੀ ਐਨ ਐਮ (ਨਰਸਿੰਗ) ਪਹਿਲਾ ਸਾਲ, ਜਸਲੀਨ ਕੌਰ ਪੁੱਤਰੀ ਨੱਛਤਰ ਸਿੰਘ-ਸੁਰਜੀਤ ਕੌਰ ਜੀ ਐਨ ਐਮ (ਨਰਸਿੰਗ) ਦੂਜਾ ਸਾਲ, ਅਮਰਦੀਪ ਕੌਰ ਪੁੱਤਰੀ ਸੁਖਦੇਵ ਸਿੰਘ-ਰਾਜਬੀਰ ਕੌਰ ਜੀ ਐਨ ਐਮ (ਨਰਸਿੰਗ) ਤੀਜਾ ਸਾਲ, ਜਸਮੀਨ ਕੌਰ ਪੁੱਤਰੀ ਮੱਖਣ ਸਿੰਘ-ਪਰਮਾਰ ਕੁਮਾਰੀ ਬੀ ਐਸ ਸੀ (ਨਰਸਿੰਗ) ਦੂਜਾ ਸਾਲ, ਅਨੂਦੀਪ ਕੌਰ ਪੁੱਤਰੀ ਅਮਰਜੀਤ ਸਿੰਘ-ਕਿਰਨਜੀਤ ਕੌਰ ਬੀ ਐਸ ਸੀ (ਨਰਸਿੰਗ) ਤੀਜਾ ਸਾਲ ਅਤੇ ਹਰਨੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ-ਸੁਨੀਤਾ ਰਾਣੀ ਬੀ ਐਸ ਸੀ (ਨਰਸਿੰਗ) ਤੀਜਾ ਸਾਲ ਨੇ ਸਕਾਲਰਸ਼ਿਪ ਪ੍ਰਾਪਤ ਕੀਤੀਆਂ।
ਕਾਲਜ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਟਰੱਸਟ ਮੈਂਬਰਾਂ ਵੱਲੋਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ, ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਨਰਸਿੰਗ ਕਾਲਜ ਹੈ ਜੋ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਬਰਸਰੀਜ਼ ਪ੍ਰਦਾਨ ਕਰਦਾ ਹੈ । ਇਸ ਮੌਕੇ ਕਾਲਜ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਸਮੂਹ ਕਾਲਜ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ, ਜਿਸ ਨੇ ਸਰੋਤਿਆ ਦਾ ਮਨ ਮੋਹ ਲਿਆ ।