ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਖੇ ਦਾਖ਼ਲਾ ਪ੍ਰਕਿਰਿਆ ਸ਼ੁਰੂ
ਐਨ.ਡੀ.ਏ. ’ਚ ਸ਼ਾਮਲ ਹੋਣ ਦੀਆਂ ਚਾਹਵਾਨ ਲੜਕੀਆਂ ਦਾਖ਼ਲਾ ਪ੍ਰਕਿਰਿਆ ’ਚ ਲੈ ਸਕਦੀਆਂ ਨੇ ਭਾਗ
ਜਲੰਧਰ, 24 ਨਵੰਬਰ : ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਵਿਖੇ ਮੁਫ਼ਤ ਮੁੱਢਲੀ ਲਿਖ਼ਤੀ ਅਤੇ ਫਿਜ਼ੀਕਲ ਸਿਖ਼ਲਾਈ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਲੜਕੀਆਂ ਏ.ਐਫ.ਪੀ.ਆਈ. ਵਿੱਚ ਦਾਖ਼ਲੇ ਲਈ ਵੈੱਬ ਪੋਰਟਲ www.mbafpigirls.in ’ਤੇ 24 ਦਸੰਬਰ 2025 ਤੱਕ ਆਨਲਾਈਨ ਅਪਲਾਈ ਕਰ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਏ.ਐਫ.ਪੀ.ਆਈ. ਵਿੱਚ ਦਾਖ਼ਲੇ ਲਈ ਵਿਦਿਆਰਥਣ ਨੂੰ ਮੈਟ੍ਰਿਕ ਪੱਧਰ ਦੀ ਭਾਸ਼ਾ ਅੰਗਰੇਜ਼ੀ, ਗਣਿਤ ਅਤੇ ਸਮਾਜਿਕ ਅਧਿਐਨ (ਸੀ.ਬੀ.ਐਸ.ਈ.) ਦਾ ਲਿਖ਼ਤੀ ਦਾਖ਼ਲਾ ਟੈਸਟ ਪਾਸ ਕਰਨਾ ਹੋਵੇਗਾ। ਇਸ ਤੋਂ ਇਲਾਵਾ ਬਿਨੈਕਾਰ ਪੰਜਾਬ ਦੀ ਵਸਨੀਕ ਹੋਣੀ ਚਾਹੀਦੀ ਹੈ ਅਤੇ ਉਸਦੀ ਜਨਮ ਮਿਤੀ 2 ਜੁਲਾਈ, 2009 ਤੋਂ ਪਹਿਲਾਂ ਦੀ ਨਾ ਹੋਵੇ। ਵਿਦਿਆਰਥਣ ਮੌਜੂਦਾ ਸਮੇਂ ਦਸਵੀਂ ਜਮਾਤ ਵਿੱਚ ਪੜ੍ਹਦੀ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਗਿਆਰਵੀਂ ਜਮਾਤ ਵਿੱਚ ਪੜ੍ਹ ਰਹੀਆਂ ਲੜਕੀਆਂ ਵੀ ਅਪਲਾਈ ਕਰ ਸਕਦੀਆਂ ਹਨ ਪਰ ਉਨ੍ਹਾਂ ਨੂੰ ਗਿਆਰਵੀਂ ਜਮਾਤ ਵਿੱਚ ਹੀ ਦਾਖ਼ਲ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਉਮਰ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਏ.ਐਫ.ਪੀ.ਆਈ. ਵਿਖੇ ਦਾਖ਼ਲਾ ਪ੍ਰੀਖਿਆ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਦੂਨ ਇੰਟਰਨੈਸ਼ਨਲ ਸਕੂਲ, ਮੁਹਾਲੀ ਵਿੱਚ 11ਵੀਂ ਅਤੇ 12ਵੀਂ ਕਲਾਸ ਦੀ ਸਿੱਖਿਆ ਉੱਚ ਸਬਸਿਡੀ ’ਤੇ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਸੰਸਥਾ ਦੀ ਵੈੱਬਸਾਈਟ www.mbafpigirls.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸੰਸਥਾ ਦੀ ਈਮੇਲ ਆਈ.ਡੀ. maibhagoafpigirls@gmail.com ਜਾਂ ਸੰਪਰਕ ਨੰ. 0172-2233105, 9872597267 ֹ’ਤੇ ਰਾਬਤਾ ਕੀਤਾ ਜਾ ਸਕਦਾ ਹੈ।