ਡਾਇਗਨੌਸਟਿਕ ਕਿੱਟ ਅਤੇ ਕੇਅਰ ਕੰਪੈਨੀਅਨ ਪ੍ਰੋਗਰਾਮ ਸਬੰਧੀ ਟ੍ਰੇਨਿੰਗ ਆਯੋਜਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 24 ਅਕਤੂਬਰ 2025
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ ਰੇਣੂ ਮਿੱਤਲ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹੇ ਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਤਾਇਨਾਤ ਕਮਿਊਨਿਟੀ ਹੈਲਥ ਅਫ਼ਸਰਾਂ ਲਈ ਡਾਇਗਨੌਸਟਿਕ ਕਿੱਟ ਅਤੇ ਕੇਅਰ ਕੰਪੈਨੀਅਨ ਪ੍ਰੋਗਰਾਮ ਸਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਰੇਣੂ ਮਿੱਤਲ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਯੁਸ਼ਮਾਨ ਅਰੋਗਿਆ ਕੇਂਦਰਾਂ ਦੇ ਪੱਧਰ 'ਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਵਿਚ ਹੋਰ ਸੁਧਾਰ ਲਿਆ ਕੇ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਡਾਇਗਨੌਸਟਿਕ ਕਿੱਟ ਵਿੱਚ 6 ਡਾਇਗਨੌਸਟਿਕਸ ਦੀ ਵਰਤੋਂ ਲਈ ਆਯੁਸ਼ਮਾਨ ਅਰੋਗਿਆ ਕੇਂਦਰਾਂ ਦੇ ਸਟਾਫ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਡਾਇਗਨੌਸਟਿਕ ਕਿੱਟ ਸਬੰਧੀ ਟ੍ਰੇਨਿੰਗ ਪੜਾਅਵਾਰ ਢੰਗ ਨਾਲ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਦੀ ਟ੍ਰੇਨਿੰਗ ਵਿੱਚ ਹੀਮੋਗਲੋਬਿਨੋਮੀਟਰ ਸਟ੍ਰਿਪਸ ਤੇ ਲਾਂਸੇਟ, ਮਲੇਰੀਆ ਕਿੱਟ, ਐੱਚ.ਆਈ.ਵੀ. ਸਿਫਿਲਿਸ ਡੁਅਲ ਕਿੱਟ, ਹੈਪੇਟਾਈਟਸ ਬੀ ਸਰਫੇਸ ਐਂਟੀਜੇਨ ਕਿੱਟ, ਐੱਚ.ਸੀ.ਵੀ. ਕਿੱਟ, ਅਤੇ ਸਾਲਟ ਟੈਸਟਿੰਗ ਆਦਿ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ, ਮੈਡੀਕਲ ਅਫਸਰ (ਪੈਥੋਲੋਜਿਸਟ) ਡਾ ਮਨਪ੍ਰੀਤ ਕੌਰ ਨੇ ਵੀ ਸਿਖਲਾਈ ਦਿੱਤੀ।
ਇਸ ਮੌਕੇ ਕੰਪੈਨੀਅਨ ਪ੍ਰੋਗਰਾਮ' ਦੀ ਪ੍ਰਤੀਨਿਧ ਸ੍ਰੀਮਤੀ ਦਿਵਿਆ ਨੇ ਕਮਿਊਨਿਟੀ ਹੈਲਥ ਅਫ਼ਸਰਾਂ ਨੂੰ ਕੇਅਰ ਕੰਪੈਨੀਅਨ ਪ੍ਰੋਗਰਾਮ ਤਹਿਤ ਸੀ.ਸੀ.ਪੀ. ਟੂਲ ਕਿੱਟਾਂ ਦੀ ਵਰਤੋਂ ਕਰਕੇ ਸਿਹਤ ਸਿੱਖਿਆ ਗਤੀਵਿਧੀਆਂ ਨੂੰ ਅਸਰਦਾਰ ਢੰਗ ਨਾਲ ਚਲਾਉਣ ਦੀ ਲੋੜ ਤੇ ਜ਼ੋਰ ਦੇਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਬਹੁਤ ਮਹੱਤਵਪੂਰਨ ਹੈ, ਜਿਸਦਾ ਉਦੇਸ਼ ਪ੍ਰਮੋਟਿਵ ਅਤੇ ਪ੍ਰੀਵੈਂਟਿਵ ਹੈਲਥ ਨੂੰ ਮਜ਼ਬੂਤ ਕਰਨਾ ਹੈ। ਇਸ ਪ੍ਰੋਗਰਾਮ ਦਾ ਵਿਸਥਾਰ ਮਾਂ ਅਤੇ ਬੱਚੇ ਦੀ ਸਿਹਤ ਤੋਂ ਇਲਾਵਾ ਮੈਡੀਕਲ ਅਤੇ ਸਰਜੀਕਲ ਇਨ-ਪੇਸ਼ੈਟ ਕੇਅਰ ਦੇ ਖੇਤਰ ਤੱਕ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਜ਼ਰੂਰੀ ਬੁਨਿਆਦੀ ਸਿਹਤ ਅਭਿਆਸਾਂ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰਦਾ ਹੈ ਤਾਂ ਜੋ ਉਹ ਆਪਣੀ ਸਿਹਤ ਅਤੇ ਤੰਦਰੁਸਤੀ ਦਾ ਖੁਦ ਖਿਆਲ ਰੱਖ ਸਕਣ।
ਉਨ੍ਹਾਂ ਦੱਸਿਆ ਕਿ ਮਾਂ ਅਤੇ ਨਵਜਾਤ ਬੱਚੇ ਦੀ ਸਿਹਤ ਸਬੰਧੀ ਜਾਣਕਾਰੀ ਮੁਫਤ ਵਿੱਚ ਵਟਸਐਪ `ਤੇ ਪਾਉਣ ਲਈ 08047093148 ਤੇ 080 4709 3141 ਨੰਬਰ `ਤੇ ਮਿਸਡ ਕਾੱਲ ਦੇਵੋ।ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਵਿਅਕਤੀ ਟੋਲ ਫਰੀ ਨੰਬਰ 18008899389 'ਤੇ ਕਾਲ ਕਰਕੇ ਐੱਮ.ਸੀ.ਐੱਚ. ਸੇਵਾਵਾਂ, ਪੋਸਟ ਨੇਟਲ ਕੇਅਰ, ਗੈਰ-ਸੰਚਾਰੀ ਰੋਗਾਂ ਸਬੰਧੀ ਕਿਸੇ ਕਿਸਮ ਦੀ ਵੀ ਜਾਣਕਾਰੀ ਹਾਸਿਲ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਆਈਵੀਆਰ/ਵਟਸਐਪ ਨੰਬਰ 080-47180443 ਵੀ ਸ਼ੁਰੂ ਕੀਤਾ ਗਿਆ, ਜਿਸ ਰਾਹੀਂ ਕੋਈ ਵੀ ਵਿਅਕਤੀ ਸਿਹਤ ਸੰਦੇਸ਼ਾਂ ਲਈ ਸਬਸਕ੍ਰਾਇਬ ਕਰ ਸਕਦਾ ਹੈ ਅਤੇ ਇਹ ਸੰਦੇਸ਼ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਹਫ਼ਤੇ ਵਿੱਚ ਤਿੰਨ ਵਾਰ ਪ੍ਰਾਪਤ ਹੋਣਗੇ। ਇਹ ਸੇਵਾ ਪੂਰੀ ਤਰ੍ਹਾਂ ਮੁਫਤ ਹੈ ਅਤੇ ਕੋਈ ਵੀ ਮਿਆਦ ਪੂਰੀ ਹੋਣ 'ਤੇ ਲਈ ਮੁੜ ਸਬਸਕ੍ਰਾਇਬ ਕਰ ਸਕਦਾ ਹੈ। ਇਹ ਸੁਨੇਹੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਾਲੇ ਰਵੱਈਏ ਨੂੰ ਉਤਸ਼ਾਹਿਤ ਕਰਨਗੇ ਅਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਮਾੜੀਆਂ ਆਦਤਾਂ ਛੱਡਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਦੱਸਿਆ ਕਿ ਨੂਰਾ ਹੈਲਥ ਇੱਕ ਡਿਜੀਟਲ ਸਿਹਤ ਸੇਵਾ ਹੈ, ਜੋ ਦੇਸ਼ ਵਿੱਚ ਮਰੀਜ਼ਾਂ ਨੂੰ ਆਸਾਨੀ ਨਾਲ ਸਿਹਤ ਸਬੰਧੀ ਜਾਣਕਾਰੀ, ਸਲਾਹ ਅਤੇ ਹਸਪਤਾਲ ਸਹੂਲਤਾਂ ਤੱਕ ਪਹੁੰਚ ਯਕੀਨੀ ਬਣਾਉਂਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਮੈਡੀਕਲ ਲੈਬ ਟੈਕਨੀਸ਼ਅਨ ਅਵਤਾਰ ਸਿੰਘ, ਨੀਰਜ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।