ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਕਰਵਾਏ ਬਾਲ ਗਿਆਨ ਕੁਇਜ਼ ਮੁਕਾਬਲੇ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਅਕਤੂਬਰ,2025
ਪੰਜਾਬ ਦੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ, ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ਤਹਿਤ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਜਫ਼ਰ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਬੀ.ਐੱਲ.ਐੱਮ. ਗਰਲਜ਼ ਕਾਲਜ ਵਿਖੇ ਬਾਲ ਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ।
ਖੋਜ਼ ਅਫ਼ਸਰ ਸੰਤੋਖ ਸਿੰਘ ਸੁੱਖੀ ਦੀ ਅਗਵਾਈ ਵਿੱਚ ਵੱਖ-ਵੱਖ ਵਰਗਾਂ ਦੇ ਕਰਵਾਏ ਕੁਇਜ਼ ਮੁਕਾਬਲਿਆਂ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਸੁਰਿੰਦਰ ਕੋਰ ਨੇ ਸੁਆਗਤੀ ਸ਼ਬਦ ਕਹੇ। 'ੳ' ਵਰਗ (ਛੇਵੀਂ ਤੋਂ ਅੱਠਵੀਂ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਦੀ ਵਿਦਿਆਰਥਣ ਕੋਮਲ ਸਿੱਧੂ ਨੇ ਪਹਿਲਾ, ਸਰਕਾਰੀ ਮਿਡਲ ਸਕੂਲ, ਭੰਗਲ ਖੁਰਦ ਦੀ ਵਿਦਿਆਰਥਣ ਤਨਵੀਰ ਕੌਰ ਨੇ ਦੂਜਾ ਅਤੇ ਸਰਕਾਰੀ ਮਿਡਲ ਸਕੂਲ, ਭੰਗਲ ਖੁਰਦ ਦੇ ਵਿਦਿਆਰਥੀ ਮਨਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸੇ ਤਰ੍ਹਾਂ 'ਅ' ਵਰਗ ਵਿੱਚ (ਨੌਵੀਂ ਤੋਂ ਬਾਰ੍ਹਵੀਂ) ਸਰਕਾਰੀ ਹਾਈ ਸਕੂਲ, ਗੁਣਾਚੌਰ ਦੇ ਵਿਦਿਆਰਥੀ ਪਰਨੀਤ ਸਿੰਘ ਨੇ ਪਹਿਲਾ, ਸਰਕਾਰੀ ਸੀਨੀ. ਸੈਕੰ. ਸਕੂਲ ਸੂਰਾਪੁਰ ਦੀ ਵਿਦਿਆਰਥਣ ਕਿਰਨਜੀਤ ਕੌਰ ਨੇ ਦੂਜਾ ਅਤੇ ਭਗਵਾਨ ਮਹਾਵੀਰ ਪਬਲਿਕ ਸਕੂਲ, ਬੰਗਾ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸੇ ਤਰ੍ਹਾਂ 'ੲ' ਵਰਗ (ਗ੍ਰੈਜੂਏਸ਼ਨ) ਵਿੱਚੋਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਪਹਿਲਾ, ਬੀ.ਐਲ.ਐਮ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੀਰੂ ਅਤੇ ਕਿਰਨਪ੍ਰੀਤ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੰਤੋਖ ਸਿੰਘ ਸੁੱਖੀ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਆਪਣੇ ਵਿਰਸੇ ਨਾਲ ਸਾਂਝ ਹੋਰ ਪਕੇਰੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।