ਪਸ਼ੂ ਪਾਲਣ ਮੰਤਰੀ ਨੇ ਮੋਹਾਲੀ ਤੋਂ ਮਹੀਨਾਵਾਰ 'ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ' ਸ਼ੁਰੂ ਕਰਵਾਏ
ਕਿਹਾ, ਪਹਿਲਕਦਮੀ ਦਾ ਉਦੇਸ਼ ਪਸ਼ੂ ਪਾਲਣ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ
ਪੰਜਾਬ ਦੇ ਸਾਰੇ 154 ਬਲਾਕਾਂ ਵਿੱਚ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਦੁੱਧ ਚੁਆਈ ਮੁਕਾਬਲੇ ਹੋਣਗੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਅਕਤੂਬਰ 2025- ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੋਮਵਾਰ ਸ਼ਾਮ ਨੂੰ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਪ੍ਰਦੀਪ ਸਿੰਘ ਦੇ ਡੇਅਰੀ ਫਾਰਮ ਤੋਂ ਸੂਬਾ ਪੱਧਰੀ "ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲਾ - 2025-26" ਦੀ ਸ਼ੁਰੂਆਤ ਕੀਤੀ।
ਇਸ ਮੌਕੇ ਅਗਾਂਹਵਧੂ ਡੇਅਰੀ ਫਾਰਮਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਮੰਤਰੀ ਨੇ ਐਲਾਨ ਕੀਤਾ ਕਿ ਇਹ ਮੁਕਾਬਲੇ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਰਾਜ ਭਰ ਦੇ ਸਾਰੇ 154 ਬਲਾਕਾਂ ਵਿੱਚ ਆਯੋਜਿਤ ਕੀਤੇ ਜਾਣਗੇ, ਜੋ ਡੇਅਰੀ ਕਿਸਾਨਾਂ ਨੂੰ ਆਪਣੇ ਸਭ ਤੋਂ ਵਧੀਆ ਪਸ਼ੂਆਂ ਦਾ ਪ੍ਰਦਰਸ਼ਨ ਕਰਨ ਅਤੇ ਆਧੁਨਿਕ ਪਸ਼ੂ ਪਾਲਣ ਅਭਿਆਸਾਂ ਨੂੰ ਅਪਣਾਉਣ ਲਈ ਇੱਕ ਸਮਰਪਿਤ ਪਲੇਟਫਾਰਮ ਪ੍ਰਦਾਨ ਕਰਨਗੇ।
ਯੋਗਤਾ ਮਾਪਦੰਡਾਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਮੰਤਰੀ ਨੇ ਦੱਸਿਆ ਕਿ ਭਾਗੀਦਾਰੀ ਵੱਖ-ਵੱਖ ਪਸ਼ੂ ਸ਼੍ਰੇਣੀਆਂ ਲਈ ਖੁੱਲ੍ਹੀ ਹੋਵੇਗੀ ਜਿਸ ਵਿੱਚ ਮੁਰਾ ਨਸਲ ਅਤੇ ਮੁਰਾ ਗ੍ਰੇਡਡ ਨਸਲ ਦੀਆਂ ਮੱਝਾਂ 16 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦੁੱਧ ਪੈਦਾ ਕਰਨ ਵਾਲੀਆਂ, ਨੀਲੀ ਰਾਵੀ ਅਤੇ ਨੀਲੀ ਰਾਵੀ ਗ੍ਰੇਡਡ ਨਸਲ ਦੀਆਂ 14 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦੁੱਧ ਵਾਲੀਆਂ ਮੱਝਾਂ, ਸਾਹੀਵਾਲ ਅਤੇ ਹੋਰ ਦੇਸੀ ਨਸਲ ਦੀਆਂ 12 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦੁੱਧ ਦੇਣ ਵਾਲੀਆਂ ਗਾਂਵਾਂ, ਐਚ ਐਫ ਅਤੇ ਐਚ ਐਫ ਕਰਾਸ 30 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦੁੱਧ ਵਾਲੀਆਂ ਗਾਵਾਂ, ਜਰਸੀ ਅਤੇ ਜਰਸੀ ਕਰਾਸ 16 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਵਾਲੀਆਂ, ਕਿਸੇ ਵੀ ਨਸਲ ਦੀਆਂ ਬੱਕਰੀਆਂ ਜੋ 2.5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਦੁੱਧ ਦਿੰਦੀਆਂ ਹੋਣ, ਪਸ਼ੂ ਸ਼ਾਮਿਲ ਕੀਤੇ ਗਏ ਹਨ।
ਪਸ਼ੂ ਪਾਲਕਾਂ ਨੂੰ ਅੱਗੇ ਆ ਕੇ ਹਿੱਸਾ ਲੈਣ ਦਾ ਸੱਦਾ ਦਿੰਦੇ ਹੋਏ, ਮੰਤਰੀ ਖੁੱਡੀਆਂ ਨੇ ਕਿਹਾ, “ਸਾਡੇ ਕਿਸਾਨ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਅਤੇ ਡੇਅਰੀ ਸੈਕਟਰ ਵਿੱਚ ਪੇਂਡੂ ਜੀਵਨ ਪੱਧਰ ਨੂੰ ਮਜ਼ਬੂਤ ਕਰਨ ਦੀ ਅਥਾਹ ਸੰਭਾਵਨਾ ਹੈ। ਇਹ ਮੁਕਾਬਲੇ ਸਿਰਫ਼ ਇਨਾਮਾਂ ਨੂੰ ਮੁੱਖ ਰੱਖ ਕੇ ਨਹੀਂ ਹਨ - ਇਹ ਪਸ਼ੂ ਪ੍ਰਬੰਧਨ ਵਿੱਚ ਸਭ ਤੋਂ ਵਧੀਆ ਅਭਿਆਸਾਂ ਦੀ ਪਛਾਣ ਕਰਨ, ਇਨਾਮ ਦੇਣ ਅਤੇ ਮਿਸਾਲ ਬਣਾਉਣ ਦੇ ਮਿਸ਼ਨ ਹਨ। ਵਧੇਰੇ ਦੁੱਧ ਦੇਣ ਵਾਲੀਆਂ ਨਸਲਾਂ ਅਤੇ ਕੁਸ਼ਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਕੇ, ਸਾਡਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਪੰਜਾਬ ਵਿੱਚ ਇੱਕ ਟਿਕਾਊ ਡੇਅਰੀ ਈਕੋਸਿਸਟਮ ਨੂੰ ਉਤਸ਼ਾਹਿਤ ਕਰਨਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ, ਸਹਾਇਕ ਖੇਤੀਬਾੜੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ। ਇਸ ਪ੍ਰੋਗਰਾਮ ਤੋਂ ਡੇਅਰੀ ਕਿਸਾਨਾਂ ਵਿੱਚ ਸਿਹਤਮੰਦ ਮੁਕਾਬਲੇ ਦੇ ਉਤਸ਼ਾਹਿਤ ਹੋਣ ਦੀ ਉਮੀਦ ਹੈ, ਜਿਸਦੇ ਨਤੀਜੇ ਵਜੋਂ ਰਾਜ ਭਰ ਵਿੱਚ ਪਸ਼ੂ ਉਤਪਾਦਕਤਾ ਵਿੱਚ ਗੁਣਾਤਮਕ ਸੁਧਾਰ ਹੋਵੇਗਾ। ਇਸ ਸਮਾਗਮ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਡੇਅਰੀ ਕਿਸਾਨ ਮੌਜੂਦ ਸਨ।