ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੀ ਮੀਟਿੰਗ
ਪ੍ਰਮੋਦ ਭਾਰਤੀ
ਚੰਡੀਗੜ੍ਹ, 13 ਅਕਤੂਬਰ,2025
ਸ਼੍ਰੀ ਮਨੀਸ਼ ਤਿਵਾੜੀ, ਸੰਸਦ ਮੈਂਬਰ, ਚੰਡੀਗੜ੍ਹ ਅਤੇ ਸਾਬਕਾ ਕੇਂਦਰੀ ਮੰਤਰੀ, ਭਾਰਤ ਸਰਕਾਰ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ, ਪੰਜਾਬ ਤੋਂ ਮਾਨਯੋਗ ਸੰਸਦ ਮੈਂਬਰ, ਸ਼੍ਰੀ ਮਾਲਵਿੰਦਰ ਸਿੰਘ ਕੰਗ ਦੇ ਨਾਲ, ਅੱਜ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਆਲੇ-ਦੁਆਲੇ ਅਸਾਧਾਰਨ ਪੰਛੀਆਂ ਦੀ ਗਤੀਵਿਧੀ ਦੇ ਮੁੱਦੇ 'ਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦੀ ਬੁਲਾਈ ਗਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਹੜੇ ਉਤਰਨ ਅਤੇ ਉਡਾਣ ਭਰਨ ਵਾਲੇ ਦੋਵਾਂ ਮੌਕੇ ਜਹਾਜ਼ਾਂ ਦੀ ਉਡਾਣ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੀ ਹੈ।
ਇਸ ਦੌਰਾਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਿਟਡ ਦੇ ਸੀਈਓ ਸ਼੍ਰੀ ਅਜੇ ਵਰਮਾ, ਸੈਟਕੋ ਦੇ ਗਰੁੱਪ ਕੈਪਟਨ ਮਾਨਵ ਆਨੰਦ, ਮੋਹਾਲੀ ਦੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੋਹਾਲੀ ਅਨਮੋਲ ਸਿੰਘ ਧਾਲੀਵਾਲ, ਚੰਡੀਗੜ੍ਹ ਦੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ, ਏਡੀਸੀ ਚੰਡੀਗੜ੍ਹ ਅਮਨਦੀਪ ਭੱਟੀ, ਅਤੇ ਸ਼੍ਰੀ ਸੰਜੇ ਅਰੋੜਾ ਮੁੱਖ ਇੰਜੀਨੀਅਰ ਨਗਰ ਨਿਗਮ ਚੰਡੀਗੜ੍ਹ, ਐਮ.ਓ.ਐੱਚ ਸਿਹਤ ਚੰਡੀਗੜ੍ਹ ਡਾ. ਇੰਦਰਦੀਪ ਕੌਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੇ ਭਾਰਤੀ ਹਵਾਈ ਫੌਜ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਇਕੱਤਰ ਹੋਏ ਹਿੱਸੇਦਾਰਾਂ ਨੂੰ ਚੰਡੀਗੜ੍ਹ ਹਵਾਈ ਅੱਡੇ ਦੇ ਅੰਦਰ ਅਤੇ ਆਲੇ-ਦੁਆਲੇ ਪੰਛੀਆਂ ਦੀ ਵਧਦੀ ਗਤੀਵਿਧੀ ਦੇ ਨਤੀਜੇ ਵਜੋਂ ਜਹਾਜ਼ਾਂ ਦੀ ਸੁਰੱਖਿਆ ਲਈ ਸਮੱਸਿਆ ਦੀ ਗੰਭੀਰਤਾ ਬਾਰੇ ਜਾਣਕਾਰੀ ਦਿੱਤੀ। ਪੰਛੀਆਂ ਦੀ ਗਤੀਵਿਧੀ ਦੇ ਮੱਦੇਨਜ਼ਰ ਚੰਡੀਗੜ੍ਹ ਹਵਾਈ ਅੱਡੇ ਦੇ ਟੇਕ-ਆਫ ਅਤੇ ਲੈਂਡਿੰਗ ਪਹੁੰਚ ਵਿੱਚ ਸਮੱਸਿਆ ਵਾਲੇ ਖੇਤਰਾਂ ਦੀ ਸੂਖਮ ਰੂਪ ਵਿੱਚ ਪਛਾਣ ਕੀਤੀ ਗਈ।
ਸ਼੍ਰੀ ਤਿਵਾੜੀ ਅਤੇ ਸ਼੍ਰੀ ਕੰਗ ਦੋਵਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ ਕਿ ਰਨਵੇ ਦੇ ਪੂਰਬੀ ਅਤੇ ਪੱਛਮੀ ਪਾਸੇ ਰਨਵੇ ਦੇ ਫਨਲਾਂ ਵਿੱਚ ਪੰਛੀਆਂ ਦੀ ਇਸ ਵਧਦੀ ਗਤੀਵਿਧੀ ਦਾ ਕਾਰਨ ਬਣ ਰਹੀਆ ਕੂੜਾ ਅਤੇ ਹੋਰ ਅਣਅਧਿਕਾਰਤ ਚੀਜ਼ਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ। ਸ਼੍ਰੀ ਤਿਵਾੜੀ ਅਤੇ ਸ਼੍ਰੀ ਕੰਗ ਨੇ ਸਬੰਧਤ ਹਿੱਸੇਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਤੁਰੰਤ ਆਪਸ ਵਿੱਚ ਇਕੱਠੇ ਹੋਣ ਅਤੇ ਕੂੜਾ ਤੇ ਰਹਿੰਦ-ਖੂੰਹਦ ਡੰਪਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਕਾਰਜ ਯੋਜਨਾ ਅਗਲੇ ਸੱਤ ਦਿਨਾਂ ਦੇ ਅੰਦਰ ਤਿਆਰ ਕਰਨ।
ਸ੍ਰੀ ਤਿਵਾੜੀ ਅਤੇ ਸ੍ਰੀ ਕੰਗ ਦੋਵਾਂ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਪਛਾਣੇ ਗਏ ਸਮੱਸਿਆ ਵਾਲੇ ਖੇਤਰਾਂ ਅਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਚੁੱਕੇ ਗਏ ਕਦਮਾਂ ਸੰਬੰਧੀ ਇੱਕ ਕਾਰਵਾਈ ਰਿਪੋਰਟ ਤਿੰਨ ਹਫ਼ਤਿਆਂ ਦੇ ਅੰਦਰ ਪੇਸ਼ ਕੀਤੀ ਜਾਵੇ। ਜਦਕਿ ਇਸ ਮੁੱਦੇ 'ਤੇ ਅਗਲੀ ਮੀਟਿੰਗ ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਦੁਆਰਾ ਸਾਂਝੇ ਤੌਰ 'ਤੇ ਬੁਲਾਈ ਜਾਵੇਗੀ।
ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਹਵਾਬਾਜ਼ੀ ਸੁਰੱਖਿਆ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਦੋਵਾਂ ਸੰਸਦ ਮੈਂਬਰਾਂ ਨੇ ਸਬੰਧਤ ਹਿੱਸੇਦਾਰਾਂ ਨੂੰ ਸਲਾਹ ਦਿੱਤੀ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੇ ਜਾਂ ਜਾਣ ਵਾਲੇ ਜਹਾਜ਼ਾਂ ਲਈ ਸੁਰੱਖਿਆ ਸਮੱਸਿਆ ਪੈਦਾ ਕਰਨ ਵਾਲੀ ਕਿਸੇ ਵੀ ਗਤੀਵਿਧੀ ਪ੍ਰਤੀ ਬਿਲਕੁਲ ਵੀ ਸਹਿਣਸ਼ੀਲਤਾ ਨਹੀਂ ਹੋਣੀ ਚਾਹੀਦੀ।