ਇੱਕ ਹੋਰ ਨਵੇਕਲੀ ਪਹਿਲ : ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਨੇ 20 ਘਰ ਬਣਾਉਣ ਲਈ ਭੇਜਿਆ 50 ਟਰਾਲੀਆਂ ਬਿਲਡਿੰਗ ਮਟੀਰੀਅਲ
ਰੋਹਿਤ ਗੁਪਤਾ
ਗੁਰਦਾਸਪੁਰ : ਮਲੇਰਕੋਟਲਾ ਦੀ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਤਕਵਾ ਵੈਲਫੇਅਰ ਸੋਸਾਇਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਧਰਮਕੋਟ ਪੱਤਨ ਨੂੰ ਗੋਦ ਲੈ ਕੇ ਕਰੀਬ 20 ਘਰ ਬਣਵਾਉਣ ਦਾ ਕੰਮ ਆਪਣੇ ਹੱਥ ਲਿਆ ਹੈ।
ਤਕਵਾ ਵੈਲਫੇਅਰ ਸੋਸਾਇਟੀ ਮਲੇਰਕੋਟਲਾ ਦੇ ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਤੇ ਤਕਵਾ ਵੈਲਫੇਅਰ ਸੋਸਾਇਟੀ ਮਲੇਰਕੋਟਲਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਸਰਵੇ ਕੀਤਾ ਗਿਆ ਕਿ ਇਹਨਾਂ ਲੋਕਾਂ ਨੂੰ ਹੁਣ ਤਰਪਾਲਾਂ ਜਾਂ ਰਾਸ਼ਨ ਦੀ ਜਰੂਰਤ ਨਹੀਂ ਪਰ ਇਨਾ ਲੋਕਾਂ ਦੇ ਇਸ ਹੜ ਦੀ ਮਾਰ ਹੇਠ ਆਉਣ ਕਾਰਨ ਮਕਾਨ ਢਹਿ ਢੇਰੀ ਹੋ ਚੁੱਕੇ ਹਨ ਅਤੇ ਕਈ ਘਰ ਦੀਆਂ ਛੱਤਾਂ ਡਿੱਗ ਚੁੱਕੀਆਂ ਹਨ।ਇਸ ਲਈ ਇਨਾ ਲੋਕਾਂ ਦੀ ਮੁੱਖ ਜਰੂਰਤ ਨੂੰ ਵੇਖਦਿਆ ਹੋਇਆਂ ਸਾਡੀ ਸੰਸਥਾ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਇਹਨਾਂ ਲੋਕਾਂ ਨੂੰ ਘਰਾਂ ਦੀ ਬਹੁਤ ਸਖਤ ਜਰੂਰਤ ਹੈ ਇਸ ਲਈ ਅੱਜ ਪਿੰਡ ਧਰਮਕੋਟ ਪੱਤਨ ਨੂੰ ਗੋਦ ਲਿਆ ਗਿਆ ਹੈ ਤੇ ਕੰਮ ਸ਼ੁਰੂ ਕਰਾਉਣ ਲਈ ਕਰੀਬ 50 ਟਰਾਲੀਆਂ ਬਿਲਡਿੰਗ ਮਟੀਰੀਅਲ ਇਨਾ ਲੋਕਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਸੰਨ 1947 ਤੋਂ ਲੈ ਕੇ ਭਾਰਤ ਜਾਂ ਪੰਜਾਬ ਉੱਪਰ ਕੋਈ ਵੀ ਆਫਤ ਪਈ ਤਾਂ ਮੁਸਲਮਾਨ ਭਾਈਚਾਰਾ ਵੱਖ-ਵੱਖ ਸਮਿਆਂ ਦੌਰਾਨ ਭਾਰਤ ਅਤੇ ਪੰਜਾਬ ਨਾਲ ਖੜਦਾ ਰਿਹਾ ਇਸ ਲਈ ਹੁਣ ਵੀ ਉਹ ਇਸ ਔਖੀ ਘੜੀ ਵਿੱਚ ਪੰਜਾਬ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦਿੱਤਾ ਜਾਵੇਗਾ।
ਇਸ ਮੌਕੇ ਪਿੰਡ ਅਲਾਵਲਪੁਰ ਤੋਂ ਭੱਠਾ ਮਾਲਕ ਸਰਪੰਚ ਜਗਜੀਵਨ ਸਿੰਘ ਵੱਲੋਂ ਮੁਸਲਮਾਨ ਭਾਈਚਾਰੇ ਦੀ ਸ਼ਲਾਘਾ ਕੀਤੀ ਗਈ ਤੇ ਉੱਥੇ ਹੀ ਤਕਵਾ ਵੈਲਫੇਅਰ ਸੋਸਾਇਟੀ ਵੱਲੋਂ ਹੜ ਪੀੜਤਾਂ ਦੇ ਘਰ ਬਣਾਉਣ ਦੀ ਨਵੇਕਲੀ ਪਹਿਲ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਥੇ ਇਸ ਭਾਈਚਾਰੇ ਨੇ ਇਸ ਔਖੀ ਘੜੀ ਵਿੱਚ ਹੜ ਪੀੜਤਾਂ ਦੀ ਬਾਂਹ ਫੜੀ ਹੈ ਤੇ ਉੱਥੇ ਸਾਡੇ ਵੱਲੋਂ ਵੀ ਜੋ ਸਰਦਾ ਬਣਦਾ ਹੈ ਇੱਟਾਂ ਦਾ ਰੇਟ ਘਟਾ ਕੇ ਆਪਣਾ ਬਣਦਾ ਯੋਗਦਾਨ ਪਾਇਆ ਹੈ।