ਯੂਪੀ ਦੀ ਅਸ਼ੀਰਵਾਦ ਸੇਵਾ ਸੰਸਥਾ ਵੱਲੋਂ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਬਠਿੰਡਾ ਵਿਖੇ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 1 ਸਤੰਬਰ 2025: ਸਿੱਖਿਆ, ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਦੇਸ਼ ਦੇ 15 ਰਾਜਾਂ ਵਿੱਚ ਕਾਰਜਸ਼ੀਲ ਉੱਤਰ ਪ੍ਰਦੇਸ਼ ਦੀ ਅਸ਼ੀਰਵਾਦ ਸੇਵਾ ਸੰਸਥਾ ਵੱਲੋਂ ਪ੍ਰਸਿੱਧ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਦੇ ਸਨਮਾਨ ਵਿੱਚ ਇਥੋਂ ਦੇ ਪੈਨਸ਼ਨਰ ਭਵਨ ਵਿਖੇ ਇੱਕ ਭਾਵਪੂਰਤ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਅਲੋਚਕ ਗੁਰਦੇਵ ਖੋਖਰ ਨੇ ਕੀਤੀ ਜਦੋਂ ਕਿ ਉੱਘੀ ਸਿੱਖਿਆ ਸ਼ਾਸਤਰੀ ਪ੍ਰਿੰ. ਮੋਨਿਕਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਨਾਵਲਕਾਰ ਜਸਪਾਲ ਮਾਨਖੇੜਾ, ਸ਼ਾਇਰ ਸੁਰਿੰਦਰਪ੍ਰੀਤ ਘਣੀਆਂ, ਸੰਸਥਾ ਦੇ ਜਨਰਲ ਸਕੱਤਰ ਡੀ.ਕੇ. ਗੌਤਮ ,ਕਵਿੱਤਰੀ ਅੰਮ੍ਰਿਤ ਕਲੇਰ ਅਤੇ ਵਾਰਤਕ ਲੇਖਕ ਜਗਮੇਲ ਸਿੰਘ ਜਠੌਲ ਸੁਸ਼ੋਭਤ ਸਨ। ਸਮਾਗਮ ਦੇ ਪਹਿਲੇ ਚਰਨ ਵਿੱਚ ਸਨਮਾਨਿਤ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਬਾਰੇ ਬੋਲਦਿਆਂ ਜਸਪਾਲ ਮਾਨਖੇੜਾ ਨੇ ਕਿਹਾ ਕਿ ਸ੍ਰੀ ਘਣੀਆਂ ਨਾਬਰੀ ਦਾ ਸ਼ਾਇਰ ਹੋਣ ਦੇ ਨਾਲ ਨਾਲ ਇਕ ਸਮਰੱਥ ਜਥੇਬੰਦਕ ਆਗੂ ਵੀ ਹੈ ।
ਨੈਸ਼ਨਲ ਅਵਾਰਡੀ ਅਧਿਆਪਕ ਰਘਵੀਰ ਚੰਦ ਸ਼ਰਮਾ ਅਤੇ ਟੀਚਰਜ਼ ਹੋਮ ਟਰਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਦਾ ਕਹਿਣਾ ਸੀ ਕਿ ਸੁਰਿੰਦਰਪ੍ਰੀਤ ਘਣੀਆਂ ਖੇਡ ਮੈਦਾਨਾਂ ਵਿੱਚ ਝੰਡੇ ਗੱਡਣ ਤੋਂ ਬਾਅਦ ਹੁਣ ਸਾਹਿਤ ਦੇ ਖੇਤਰ ਵਿੱਚ ਬਲੰਦੀਆਂ ਛੋਹ ਰਿਹਾ ਹੈ। ਸੂਬਾਈ ਅਧਿਆਪਕ ਆਗੂ ਦਰਸ਼ਨ ਮੌੜ ਅਤੇ ਫਿਲਮੀ ਜਰਨਲਿਸਟ ਤਰਸੇਮ ਬਸ਼ਰ ਨੇ ਕਿਹਾ ਕਿ ਸ੍ਰੀ ਘਣੀਆਂ ਸਿਰਫ ਗ਼ਜ਼ਲਾਂ ਲਿਖਦਾ ਹੀ ਨਹੀਂ ਸਗੋਂ ਲੋਕ ਘੋਲਾਂ ਵਿੱਚ ਵੀ ਮੋਹਰੀ ਭੂਮਿਕਾ ਨਿਭਾਉਂਦਾ ਹੈ ।ਸਾਹਿਤ ਦੇ ਉੱਘੇ ਵਿਦਵਾਨ ਗੁਰਦੇਵ ਖੋਖਰ ਨੇ ਸੁਰਿੰਦਰਪ੍ਰੀਤ ਘਣੀਆਂ ਦੀ ਕਾਵਿ- ਕਲਾ ਬਾਰੇ ਬੋਲਦਿਆਂ ਕਿਹਾ ਕਿ ਸ੍ਰੀ ਘਣੀਆਂ ਸਮਾਜਿਕ ਸਰੋਕਾਰਾਂ ਅਤੇ ਫਿਕਰਾਂ ਬਾਰੇ ਚਿੰਤਾ ਕਰਦਾ ਹੋਇਆ ਚਿੰਤਨਸ਼ੀਲ ਅਤੇ ਸੁਹਜਮਈ ਸ਼ਾਇਰੀ ਕਰਦਾ ਹੈ, ਜਿਸ ਵਿੱਚ ਰਾਜਨੀਤਿਕ ਸੁਰ ਦੀ ਗੂੰਜ ਤੀਬਰਤਾ ਨਾਲ ਸੁਣਾਈ ਦਿੰਦੀ ਹੈ।
ਪ੍ਰਿੰ. ਮੋਨਿਕਾ ਸਿੰਘ ਨੇ ਕਿਹਾ ਕਿ ਸਾਹਿਤ ਦੀ ਹਰ ਯੁਗ ਵਿੱਚ ਮਹੱਤਵਪੂਰਨ ਭੂਮਿਕਾ ਰਹੀ ਹੈ। ਉਹਨਾਂ ਕਿਹਾ ਕਿ ਉਦਾਸੀਨ ਅਤੇ ਅਰਾਜਿਕਤਾ ਦੇ ਅਜੋਕੇ ਮਾਹੌਲ ਵਿੱਚ ਸਾਹਿਤ ਦੀ ਭੂਮਿਕਾ ਹੋਰ ਵੀ ਵੱਧ ਜਾਂਦੀ ਹੈ ਜਦੋਂ ਮਨੁੱਖ ਸਵੈ ਅਤੇ ਸਮਾਜ ਨਾਲੋਂ ਟੁੱਟ ਕੇ ਖ਼ਲਾਅ ਵਿੱਚ ਲਟਕ ਤੇ ਭਟਕ ਰਿਹਾ ਹੈ ।ਇਸ ਉਪਰੰਤ ਸੁਰਿੰਦਰਪ੍ਰੀਤ ਘਣੀਆਂ ਨੇ ਆਪਣੀ ਕਨੇਡਾ ਫੇਰੀ ਦੇ ਅਨੁਭਵ ਅਤੇ ਸ਼ਾਇਰੀ ਸਾਂਝੀ ਕਰਦਿਆਂ ਅਸ਼ੀਰਵਾਦ ਸੰਸਥਾ ਅਤੇ ਬੁਲਾਰਿਆਂ ਦਾ ਧੰਨਵਾਦ ਕਰਨ ਉਪਰੰਤ ਕਿਹਾ ਕਿ ਇਹ ਸਨਮਾਨ ਉਸ ਨੂੰ ਜਿੱਥੇ ਹੌਸਲਾ ਦੇਵੇਗਾ ਉਥੇ ਉਸ ਨੂੰ ਉਸਦੀ ਜਿੰਮੇਵਾਰੀਆਂ ਪ੍ਰਤੀ ਹੋਰ ਵੀ ਸੁਚੇਤ ਅਤੇ ਪਾਬੰਦ ਕਰੇਗਾ। ਇਸ ਮੌਕੇ ਜਿੱਥੇ ਉਕਤ ਸੰਸਥਾ ਵੱਲੋਂ ਸੁਰਿੰਦਰਪ੍ਰੀਤ ਘਣੀਆਂ ਨੂੰ ਸਨਮਾਨ ਪੱਤਰ ਅਤੇ ਸਸ਼ਾਲ ਭੇਂਟ ਕਰਕੇ ਉਸ ਦਾ ਸਨਮਾਨ ਕੀਤਾ ਗਿਆ ਉਥੇ ਹੋਣਹਾਰ ਚਿੱਤਰਕਾਰ ਸਿਮਰੋਜ ਕੌਰ ਮੋਹਲ ਵੱਲੋਂ ਸੁਰਿੰਦਰਪ੍ਰੀਤ ਘਣੀਆਂ ਦਾ ਪੈਨਸਲ ਨਾਲ ਬਣਾਇਆ ਖੂਬਸੂਰਤ ਚਿੱਤਰ ਵੀ ਉਸ ਨੂੰ ਭੇਂਟ ਕੀਤਾ ਗਿਆ।
ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਵਿੱਚ ਸ੍ਰੀਮਤੀ ਸਨੇਹ ਗੋਸ਼ਵਾਮੀ, ਅੰਮ੍ਰਿਤ ਕਲੇਰ, ਕੁਲਦੀਪ ਸਿੰਘ ਦੀਪ, ਪ੍ਰੋ.ਜਸਕਰਨ ਜਸ, ਰਣਜੀਤ ਗੌਰਵ, ਗ਼ਜ਼ਲ ਗਾਇਕ ਹਰੀ ਕ੍ਰਿਸ਼ਨ ਸ਼ਰਮਾਂ, ਡਾ. ਰਾਜਪਾਲ ਸਿੰਘ, ਜਸਵਿੰਦਰ ਸੁਰਗੀਤ, ਗੁਰਦੇਵ ਕੋਟਫੱਤਾ, ਦਿਲਬਾਗ ਸਿੰਘ ,ਇਕਬਾਲ ਪੀ.ਟੀ., ਪੋਰਿੰਦਰ ਸਿੰਗਲਾ, ਕੁਲਵੰਤ ਸਿੰਘ, ਸੁੰਦਰ ਸਿੰਘ ਬਾਜਾਖਾਨਾ ਆਦਿ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕਰਨ ਦੇ ਨਾਲ ਨਾਲ ਉਹਨਾਂ ਦੇ ਚਿੱਤ ਅਤੇ ਚੇਤਨਾ ਨੂੰ ਵੀ ਭਰਵਾਂ ਹਲੂਣਾ ਦਿੱਤਾ। ਇਸ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਵੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਖੱਬੀ ਲਹਿਰ ਦੇ ਸਰਗਰਮ ਕਾਰਕੁਨ ਅਤੇ ਸਾਹਿਤ ਦੇ ਗੰਭੀਰ ਪਾਠਕ ਕਾਮਰੇਡ ਜਰਨੈਲ ਸਿੰਘ ਭਾਈ ਰੂਪਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੰਚ ਸੰਚਾਲਕ ਮੀਤ ਬਠਿੰਡਾ ਦੇ ਸੱਦੇ ਤੇ ਡੀ. ਕੇ. ਗੌਤਮ ਨੇ ਹਾਜ਼ਰੀਨ ਨੂੰ ਹਾਰਦਿਕ ਜੀਅ ਆਇਆਂ ਕਹਿੰਦਿਆਂ ਅਸ਼ੀਰਵਾਦ ਸੇਵਾ ਸੰਸਥਾ ਦੇ ਉਦੇਸ਼ ਅਤੇ ਕਾਰਜ ਖੇਤਰ ਬਾਰੇ ਜਾਣਕਾਰੀ ਦਿੰਦਿਆਂ ਪ੍ਰਸੰਨਤਾ ਵਿਅਕਤ ਕਰਦਿਆਂ ਕਿਹਾ ਕਿ ਉਹ ਰਿਸ਼ੀਆਂ, ਮੁਨੀਆਂ ਅਤੇ ਯੋਧਿਆਂ ਦੀ ਇਸ ਪੰਜਾਬ ਦੀ ਧਰਤੀ ਉੱਪਰ ਆ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਹਿਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਸਰਵ ਸ੍ਰੀ ਦਰਬਾਰਾ ਸਿੰਘ ਸਿੱਧੂ, ਪ੍ਰਿੰ. ਜੋਗਿੰਦਰ ਸਿੰਘ ਸੋਹਲ, ਪ੍ਰਿੰ. ਰਣਜੀਤ ਸਿੰਘ, ਉਰਦੂ ਕਹਾਣੀਕਾਰ ਮਲਕੀਤ ਸਿੰਘ ਮਛਾਣਾ, ਮੱਖਣ ਸਿੰਘ ਮੋਹਲ, ਸਿਕੰਦਰ ਸਿੰਘ ਧਾਲੀਵਾਲ, ਗੁਰਤੇਜ ਸਿੰਘ ਸਿੱਧੂ, ਸੁਰਿੰਦਰ ਗਿੱਦੜਬਾਹਾ, ਜਗਤਦੀਪ ਸਿੰਘ ਦੀਪ, ਜਗਤਾਰ ਕਲੇਰ, ਵਿੰਦਰ ਵਰਮਾ ਆਦਿ ਹਾਜ਼ਰ ਸਨ। ਤਰਕਸ਼ੀਲ ਸੁਸਾਇਟੀ ਵੱਲੋਂ ਗਿਆਨ ਸਿੰਘ ਮਛਾਣਾ ਦੀ ਅਗਵਾਈ ਵਿੱਚ ਤਰਕਸ਼ੀਲ ਸਾਹਿਤ ਦੀ ਸਟਾਲ ਵੀ ਲਾਈ ਗਈ।