ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮੌਕੇ ਸਿਹਤ ਵਿਭਾਗ ਨਥਾਣਾ ਵੱਲੋਂ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਨਥਾਣਾ, 13 ਅਗਸਤ 2025:ਸਿਹਤ ਮੰਤਰੀ ਤੇ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਤਪਿੰਦਰਜੋਤ ਵੱਲੋਂ ਪ੍ਰਾਪਤ ਵਿਸ਼ੇਸ਼ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਅੰਗ ਦਾਨ ਬਾਰੇ ਜਾਗਰੂਕਤਾ ਫੈਲਾਉਣ ਲਈ ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸਟਾਫ ਮੈਂਬਰਾਂ ਨੇ ਅੰਗ ਦਾਨ ਸਹੁੰ ਚੁੱਕੀ ਤਾਂ ਜੋ ਹੋਰ ਲੋਕਾਂ ਨੂੰ ਵੀ ਇਸ ਪਵਿੱਤਰ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੇ ਸਿਹਤਮੰਦ ਅੰਗ ਦਾਨ ਕਰਨ ਲਈ ਪ੍ਰੇਰਨਾ ਅਤੇ ਅੰਗ ਦਾਨ ਦੇ ਮਹੱਤਵ ਬਾਰੇ ਵੱਡੀ ਗਿਣਤੀ ਲੋਕਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨਾ ਹੈ ਕਿ ਉਨ੍ਹਾਂ ਦੇ ਕੀਤੇ ਅੰਗ ਦਾਨ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਸ ਨਾਲ ਢੇਰੀ ਢਾਹ ਚੁੱਕੇ ਮਰੀਜ਼ ਨੂੰ ਜਿਉਣ ਦੀ ਆਸ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਦਾ ਹੋਰ ਮੌਕਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਲੋੜਵੰਦ ਜਿਉਂਦੇ ਮਰੀਜ਼ ਦੀ ਜਿੰਦਗੀ ਬਚਾਉਣ ਲਈ ਕਿਸੇ ਜਿਉਂਦੇ ਜਾਂ ਦਿਮਾਗੀ ਮ੍ਰਿਤਕ ਸ਼ਖ਼ਸ ਦੇ ਆਪਣੇ ਸਰੀਰ ਦੇ ਅੰਗ ਜਾਂ ਤੰਤੂ ਦਾਨ ਕਰਨ ਨੂੰ ਅੰਗ ਦਾਨ ਕਿਹਾ ਜਾਂਦਾ ਹੈ। ਜੇ ਤੁਸੀਂ ਇਸ ਦੁਨੀਆਂ ਤੋਂ ਰੁਖ਼ਸਤ ਹੁੰਦੇ ਹੋਏ ਕਿਸੇ ਨੂੰ ਆਪਣਾ ਅੰਗ ਦੇ ਜਾਂਦੇ ਹੋ ਤਾਂ ਮਨੁੱਖੀ ਭਲਾਈ ਦਾ ਇਸ ਤੋਂ ਵੱਡਾ ਕਾਰਜ ਹੋਰ ਕੋਈ ਨਹੀਂ ਹੋ ਸਕਦਾ। ਅੰਗ ਦਾਨ ਦੇ ਇਛੁੱਕ ਲੋਕ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜ਼ੇਸ਼ਨ ਦੇ ਅੰਗ ਦਾਨ ਲਈ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਇਸ ਸਬੰਧੀ ਫਾਰਮ ਭਰ ਸਕਦੇ ਹਨ। 18 ਤੋਂ 70-80 ਸਾਲ ਦਾ ਕੋਈ ਵੀ ਸਿਹਤਮੰਦ ਸ਼ਖ਼ਸ ਆਪਣੇ ਅੰਗ ਦਾਨ ਕਰ ਸਕਦਾ ਹੈ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਅੰਗ ਦਾਨ ਸਹੁੰ ਲਈ ਦਿੱਤਾ ਲਿੰਕ ਵੱਖ-ਵੱਖ ਸਿਹਤ ਸਹੂਲਤਾਂ ‘ਚ ਕੰਮ ਕਰ ਰਹੇ ਸਾਰੇ ਸਟਾਫ ਨਾਲ ਵਟਸਐਪ ਗਰੁੱਪਾਂ ਰਾਹੀਂ ਸਾਂਝਾ ਕੀਤਾ ਗਿਆ ਅਤੇ ਸਹੁੰ ਚੁੱਕ ਮੀਟਿੰਗਾਂ ਆਯੋਜਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਹਾਲਾਂਕਿ ਇਹ ਸਵੈ-ਇੱਛਾ ਅਧਾਰਤ ਗਤੀਵਿਧੀ ਹੈ, ਪਰ ਲੋਕਾਂ ਨੂੰ ਅੰਗ ਦਾਨ ਸਹੁੰ ਲਈ ਪ੍ਰੇਰਿਤ ਕਰਨ ਲਈ ਜਾਗਰੂਕਤਾ ਪੈਦਾ ਕਰਨੀ ਜਰੂਰੀ ਹੈ। ਇਸ ਤੋਂ ਇਲਾਵਾ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ ਵੈੱਬ ਪੋਰਟਲ ਰਾਹੀਂ ਡਿਜੀਟਲ ਸਹੁੰ ਚੁੱਕੀ ਗਈ। ਸਾਰੇ ਡਾਕਟਰਾਂ ਵੱਲੋਂ ਇਸ ਮੁਹਿੰਮ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਜੋ ਮਰੀਜ਼ ਅੰਗ ਦਾਨ ਮੁਹਿੰਮ ਬਾਰੇ ਜਾਣੂ ਹੋਣ ਅਤੇ ਇਸ ਮੁਹਿੰਮ ਨਾਲ ਜੁੜ ਸਕਣ। ਇਸ ਮੌਕੇ ਸਮੂਹ ਸਟਾਫ਼ ਸੀ.ਐਚ.ਸੀ ਨਥਾਣਾ ਹਾਜ਼ਰ ਸਨ।