ਯੂਨੀਵਰਸਿਟੀ ਦਾ ਟੌਪਰ ਰਿਹਾ ਗੁਰਸਿਮਰਨ ਉਡੀਕ ਰਿਹੈ ਸਰਕਾਰੀ ਮਦਦ
ਬੀਸੀਏ ਵਿੱਚ ਯੂਨੀਵਰਸਿਟੀ ਦਾ ਟਾਪਰ ਰਿਹਾ ਨੌਜਵਾਨ ਸਾਧਨਾਂ ਦੀ ਕਮੀ ਦੇ ਬਾਵਜੂਦ ਜਾਰੀ ਰੱਖਣਾ ਚਾਹੁੰਦਾ ਹੈ ਪੜ੍ਹਾਈ
ਸਰਕਾਰ ਨੂੰ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਵੀ ਬਣਾਉਣੀ ਚਾਹੀਦੀ ਕੋਈ ਯੋਜਨਾ
ਰੋਹਿਤ ਗੁਪਤਾ
ਗੁਰਦਾਸਪੁਰ, 16 ਜੁਲਾਈ 2025- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚੋਂ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨਸ ਵਿੱਚੋਂ ਟਾਪਰ ਰਿਹਾ ਗੁਰ ਸਿਮਰਨ ਧਾਰੀਵਾਲ ਦਾ ਰਹਿਣ ਵਾਲਾ ਹੈ। ਗੁਰਸਿਮਰਨ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਅੱਵਲ ਰਿਹਾ ਹੈ ਤੇ ਦਸਵੀਂ ਵਿੱਚੋਂ 92 ਫੀਸਦੀ ਜਦਕਿ ਬਾਰਵੀਂ ਵਿੱਚੋਂ ਨਾਨ ਮੈਡੀਕਲ ਵਿੱਚੋਂ 94 ਫੀਸਦੀ ਅੰਕ ਹਾਸਿਲ ਕੀਤੇ ਸੀ ਉਸਨੇ। ਉਸਦੇ ਪਿਤਾ ਹਰਜੀਤ ਸਿੰਘ ਇੱਕ ਸਾਧਾਰਨ ਜਿਹੇ ਕੀਰਤਨੀ ਹਨ। ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਪੜਦਿਆਂ ਬੀਸੀਏ ਵਿੱਚ ਟਾਪ ਕਰਨ ਵਾਲਾ ਗੁਰ ਸਿਮਰਨ ਹੁਣ ਯੂਨੀਵਰਸਿਟੀ ਵਿੱਚ ਜਾ ਕੇ ਐਮ ਸੀ ਏ ਕਰਨਾ ਚਾਹੁੰਦਾ ਹੈ।
ਪਰ ਗੁਰ ਸਿਮਰਨ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਹ ਅੱਗੋਂ ਐਮ ਸੀ ਏ ਦੀ ਪੜ੍ਹਾਈ ਜਾਰੀ ਰੱਖ ਸਕੇ ਪਰ ਫਿਰ ਵੀ ਵਾਹਿਗੁਰੂ ਤੇ ਵਿਸ਼ਵਾਸ ਰੱਖਣ ਵਾਲੇ ਗੁਰ ਸਿਮਰਨ ਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਬੀਸੀਏ ਕਰਦਿਆਂ ਉਸ ਨੂੰ ਪ੍ਰੋਫੈਸਰਾਂ, ਅਧਿਆਪਕਾਂ ਦੀ ਮਦਦ ਮਿਲੀ ਉਸੇ ਤਰ੍ਹਾਂ ਵਾਹਿਗੁਰੂ ਦੀ ਮਿਹਰ ਨਾਲ ਉਸਦੀ ਐਮਸੀਏ ਵੀ ਹੋ ਜਾਏਗੀ ਪਰ ਸਰਕਾਰਾਂ ਨੂੰ ਅਜਿਹੇ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਜਾਰੀ ਰੱਖਣ ਲਈ ਕੋਈ ਨਾ ਕੋਈ ਯੋਜਨਾ ਜਰੂਰ ਬਣਾਉਣੀ ਚਾਹੀਦੀ ਹੈ।