ਸਿਹਤ ਵਿਭਾਗ ਨਥਾਣਾ ਵੱਲੋਂ ਗਰਭ ਦੌਰਾਨ ਮਾਂ ਦੀ ਮੌਤ ਦਰ ਘੱਟ ਕਰਨ ਸਬੰਧੀ ਦਿੱਤੀ ਗਈ ਸਿਖਲਾਈ
ਅਸ਼ੋਕ ਵਰਮਾ
ਨਥਾਣਾ, 8 ਜੁਲਾਈ 2025:ਜੱਚਾ-ਬੱਚਾ ਸਿਹਤ ਸਹੂਲਤਾਂ ਸਬੰਧੀ ਉਪਰਾਲਿਆਂ ਤਹਿਤ ਸਿਹਤ ਵਿਭਾਗ ਨਥਾਣਾ ਵਲੋਂ ਡਾ. ਰਮਨਦੀਪ ਸਿੰਗਲਾ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਪ੍ਰਸੂਤਾ ਦੌਰਾਨ ਮਾਂ ਦੀ ਮੌਤ ਦਰ ਘੱਟ ਕਰਨ ਸਬੰਧੀ ਮੀਟਿੰਗ ਹਾਲ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਵਦੀਪ ਕੌਰ ਸਰਾਂ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਮਾਹਿਰ ਡਾਕਟਰਾਂ ਦੁਆਰਾ ਸੁਰੱਖਿਅਤ ਜਣੇਪੇ ਕੀਤੇ ਜਾ ਰਹੇ ਹਨ, ਬੱਚਿਆਂ ਦਾ ਸੰਪੂਰਨ ਟੀਕਾਕਰਣ ਕੀਤਾ ਜਾ ਰਿਹਾ ਹੈ, ਇੱਕ ਸਾਲ ਤੱਕ ਦੇ ਬੱਚਿਆਂ ਦਾ ਹਰੇਕ ਤਰ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਜੱਚਾ-ਬੱਚਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਉਪਰਾਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਮਾਂ ਅਤੇ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਦੇ ਟੀਚੇ ਨੂੰ ਲੈ ਕੇ ਸਿਹਤ ਵਿਭਾਗ ਸਿਹਤ ਸੇਵਾਵਾਂ ਦੇਣ ਦੇ ਨਾਲ ਨਾਲ ਸਿਹਤ ਸਟਾਫ਼ ਨੂੰ ਵੱਖ ਵੱਖ ਤਰ੍ਹਾਂ ਨਾਲ ਸਿਖਲਾਈ ਦੇ ਕੇ ਟ੍ਰੇਂਡ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਥਾਣਾ ਵੱਲੋਂ ਮਾਂ ਅਤੇ ਬੱਚਿਆਂ ਦੀਆਂ ਮੌਤਾਂ ਨੂੰ ਕੰਟਰੋਲ ਕਰਨ ਅਤੇ ਮੌਤ ਦਾ ਕਾਰਣ ਜਾਣਨ ਸਬੰਧੀ ਸਮੂਹ ਸਿਹਤ ਸੁਪਰਵਾਈਜ਼ਰ ਫੀਮੇਲ ਅਤੇ ਏ.ਐਨ.ਐਮ ਸਟਾਫ਼ ਲਈ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਰਾਹੀਂ ਸਟਾਫ਼ ਨੂੰ ਐਮਰਜੈਂਸੀ ਸਥਿਤੀਆਂ ਨੂੰ ਸਮਝਣ, ਜਣੇਪੇ ਦੇ ਸਮੇਂ ਸੁਰੱਖਿਅਤ ਪ੍ਰਬੰਧ ਅਤੇ ਸਮੇਂ ਸਿਰ ਰੈਫਰਲ ਸਿਸਟਮ ਬਾਰੇ ਜਾਣਕਾਰੀ ਦਿੱਤੀ ਗਈ।ਮੈਡੀਕਲ ਅਫ਼ਸਰ ਡਾ. ਅਰੀਨਾ ਬਾਂਸਲ ਨੇ
ਟ੍ਰੇਨਿੰਗ ਦੌਰਾਨ ਸਟਾਫ਼ ਨੂੰ ਹਾਈ-ਰਿਸਕ ਮਾਮਲਿਆਂ ਦੀ ਪਛਾਣ, ਜਣੇਪੇ ਤੋਂ ਪਹਿਲਾਂ ਦੀ ਸੰਭਾਲ ਅਤੇ ਜਣੇਪੇ ਮਗਰੋਂ ਮਾਂ ਦੀ ਸਿਹਤ ਦੀ ਨਿਗਰਾਨੀ ਬਾਰੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਜਣੇਪੇ ਦੌਰਾਨ ਅਤੇ ਇੱਕ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਸਬੰਧੀ ਵਿਚਾਰ ਚਰਚਾ ਕਰਦਿਆਂ ਉਨ੍ਹਾਂ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਗਰਭਵਤੀ ਮਾਵਾਂ ਅਤੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਸਬੰਧੀ ਜ਼ਰੂਰੀ ਸੁਝਾਅ ਸਾਂਝੇ ਕੀਤੇ। ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਇਨਫਾਰਮੇਸ਼ਨ ਅਸਿਸਟੈਂਟ ਸਰਬਜੀਤ ਸਿੰਘ ਹਾਜ਼ਰ ਸਨ।