ਡੀ.ਏ.ਈ.ਐਸ.ਆਈ. ਪ੍ਰੋਜੈਕਟ ਤਹਿਤ 29 ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ
ਅਸ਼ੋਕ ਵਰਮਾ
ਬਠਿੰਡਾ, 24 ਜੂਨ 2025 : ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਡਿਪਲੋਮਾ ਇਨ ਐਗਰੀਕਲਚਰਲ ਐਕਸਟੈਨਸ਼ਨ ਸਰਵਿਸਜ਼ ਫਾਰ ਇਨਪੁਟ ਡੀਲਜ਼ (ਡੀ.ਏ.ਈ.ਐਸ.ਆਈ.) ਪ੍ਰੋਜੈਕਟ ਅਧੀਨ ਚੱਲ ਰਹੇ ਇੱਕ ਸਾਲਾ ਇਨਪੁੱਟ ਡੀਲਰ ਕੋਰਸ ਅਧੀਨ ਕਾਮਯਾਬ 29 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਪ੍ਰੋਗਰਾਮ ‘ਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਡਾ. ਮੱਖਣ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ ਨੇ ਇਸ ਕੋਰਸ ਨੂੰ ਅਤਿ ਮਹੱਤਵਪੂਰਨ ਕਰਾਰ ਦਿੰਦਿਆਂ ਕਿਹਾ ਕਿ ਇਹ ਸਿਖਿਆਰਥੀ ਸਾਡੀ ਖੇਤੀਬਾੜੀ ਦੀ ਰੀੜ ਦੀ ਹੱਡੀ ਸਾਬਤ ਹੋਣਗੇ ਅਤੇ ਇਹ ਖੇਤੀ ਵਿਗਿਆਨੀਆਂ ਨਾਲ ਤੱਤਪਰ ਸੰਪਰਕ ਰੱਖਦੇ ਹੋਏ ਖੇਤੀਬਾੜੀ ਦੀ ਕਾਮਯਾਬੀ ਵਿੱਚ ਅਹਿਮ ਰੋਲ ਅਦਾ ਕਰਨਗੇ।
ਇਸ ਦੌਰਾਨ ਪਮੇਤੀ ਦੇ ਡਾਇਰੈਕਟਰ, ਡਾ. ਕੇ.ਬੀ. ਸਿੰਘ ਨੇ ਸਮੂਹ ਸਿਖਿਆਰਥੀਆਂ ਨੂੰ ਹੋਰ ਸਖਤ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕੇ.ਵੀ.ਕੇ., ਬਠਿੰਡਾ ਨੂੰ ਇਸ ਪਹਿਲੇ ਕੋਰਸ ਦੀ ਸਮਾਪਤੀ ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੱਧ ਮਿਹਨਤ ਨਾਲ ਅਤੇ ਸਿਖਿਆਰਥੀਆਂ ਦੇ ਫੀਡਬੈਕ ਮੁਤਾਬਿਕ ਕੰਮ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਇਸ ਕੋਰਸ ਨੂੰ ਵਿਗਿਆਨੀਆਂ ਅਤੇ ਕਿਸਾਨਾਂ ਵਿਚਕਾਰ ਇੱਕ ਅਹਿਮ ਕੜੀ ਦੱਸਿਆ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਲਈ ਚਲਾਈਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਡਿਪਟੀ ਡਾਇਰੈਕਟਰ (ਸਿਖਲਾਈ), ਡਾ. ਗੁਰਦੀਪ ਸਿੰਘ ਸਿੱਧੂ ਨੇ ਸਮੂਹ ਸਿਖਿਆਰਥੀਆਂ ਦੇ ਫੀਡਬੈਕ ਅਧਾਰਿਤ ਹੋਰ ਤਕੜੇ ਹੋ ਕੇ ਕੰਮ ਕਰਨ ਦੀ ਤਜ਼ਵੀਜ ਪੇਸ਼ ਕੀਤੀ। ਉਹਨਾਂ ਸਾਰੇ ਹੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਖਾਸ ਰੂਪ ਵਿੱਚ ਮੈਨੇਜ, ਹੈਦਰਾਬਾਦ ਜੋ ਕਿ ਇਸ ਕੋਰਸ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਦਾ ਤਹਿ ਦਿਲੋਂ ਸੁਕਰਗੁਜ਼ਾਰ ਕੀਤਾ। ਇਸ ਕੇਂਦਰ ਦੇ ਸਮੁੱਚੇ ਵਿਗਿਆਨੀਆਂ ਅਤੇ ਕਰਮਚਾਰੀਆਂ ਨੇ ਇਸ ਪ੍ਰੋਗਰਾਮ ਵਿੱਚ ਚੋਖਾ ਯੋਗਦਾਨ ਪਾਇਆ।
ਇਸ ਮੌਕੇ ਡਾ. ਏ.ਪੀ.ਐੱਸ. ਧਾਲੀਵਾਲ ਅਤੇ ਡਾ. ਅਮਰਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।