ਸਿਹਤ ਵਿਭਾਗ ਵੱਲੋਂ ਡਾਇਰੀਆ ਤੋਂ ਬਚਾਅ ਸਬੰਧੀ ਸਾਵਧਾਨੀਆਂ ਵਰਤਣ ਲਈ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਨਥਾਣਾ, 24 ਜੂਨ 2025 :ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਥਾਨਕ ਸਮੁਦਾਇਕ ਸਿਹਤ ਕੇਂਦਰ ਨਥਾਣਾ ਵਿਖੇ ਮੌਸਮ ਦੇ ਬਦਲਣ ਨਾਲ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਸਬੰਧੀ ਜਾਗਰੂਕਤਾ ਮੀਟਿੰਗ ਕੀਤੀ ਗਈ। ਇਸ ਮੌਕੇ ਸਿਹਤ ਸਟਾਫ ਸਮੇਤ ਲੋਕਾਂ ਨੂੰ ਡਾਇਰੀਆ ਤੋਂ ਬਚਾਓ ਸਬੰਧੀ ਸੁਰੱਖਿਆ ਉਪਾਅ ਦੱਸੇ ਗਏ। ਜਾਣਕਾਰੀ ਦਿੰਦਿਆਂ ਡਾ. ਸਰਾਂ ਨੇ ਕਿਹਾ ਕਿ ਮਾਨਸੂਨ ਦੇ ਨਾਲ ਬਰਸਾਤ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ ਜਿਸ ਵਿਚ ਮੁੱਖ ਤੌਰ ‘ਤੇ ਪੇਟ ਦਰਦ, ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਅਤੇ ਕਈ ਵਾਰ ਇਹ ਸਮੱਸਿਆ ਵਧ ਕੇ ਡਾਇਰੀਆ ਡੀਹਾਈਡ੍ਰੇਸ਼ਨ ਬਣ ਜਾਂਦਾ ਹੈ। ਹਾਲਾਂਕਿ ਜਦੋਂ ਤੱਕ ਤੁਸੀਂ ਸਰੀਰ ਨੂੰ ਹਾਈਡ੍ਰੇਸ਼ਨ ਲਈ ਲੋੜੀਂਦੇ ਪਾਣੀ ਦੀ ਮਾਤਰਾ ਲੈ ਰਹੇ ਹੋ, ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਪਰ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਵਾਲੇ ਲੋਕਾਂ ਨੂੰ ਵੀ ਇਸ ਕਾਰਨ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।
ਉਹਨਾਂ ਦੱਸਿਆ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਇੱਕ ਵੱਡਾ ਕਾਰਨ ਡਾਇਰੀਆ ਹੈ। ਇਸ ਦਾ ਖਤਰਾ ਬਜ਼ੁਰਗ ਲੋਕਾਂ ਲਈ ਵੀ ਬਹੁਤ ਜ਼ਿਆਦਾ ਹੁੰਦਾ ਹੈ। ਡਾਇਰੀਆ ਅਜਿਹੇ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ ਜੋ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ ਜਾਂ ਕੁਪੋਸ਼ਣ ਤੋਂ ਪੀੜਤ ਹਨ ਜਾਂ ਪੇਟ ਦੀ ਕਿਸੇ ਗੰਭੀਰ ਬਿਮਾਰੀ ਜਾਂ ਜਿਗਰ ਦੀ ਲਾਗ ਤੋਂ ਪੀੜਤ ਹਨ। ਗਰਭਵਤੀ ਔਰਤਾਂ ਲਈ ਦਸਤ ਹੋਣ ਦਾ ਵੀ ਖਤਰਾ ਹੈ। ਇਹ ਗਰਭਵਤੀ ਔਰਤਾਂ ਲਈ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਇਸ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡਾਇਰੀਆ ਕਾਰਨ ਥਕਾਵਟ ਅਤੇ ਸੁਸਤੀ ਮਹਿਸੂਸ ਕਰਨਾ, ਪਿਆਸ, ਘੱਟ ਪਿਸ਼ਾਬ ਆਉਣਾ, ਸੁੱਜੀਆਂ ਅੱਖਾਂ, ਜੀਅ ਕੱਚਾ ਹੋਣਾ, ਸਿਰ ਦਰਦ ਜਿਹੇ ਲੱਛਣਾਂ ਤੋਂ ਇਲਾਵਾ ਜੇ ਡੀਹਾਈਡਰੇਸ਼ਨ ਜ਼ਿਆਦਾ ਗੰਭੀਰ ਹੋਵੇ ਤਾਂ ਬੇਹੋਸ਼ ਹੋਣ ਦੀ ਸਥਿਤੀ ਵੀ ਆਉਂਦੀ ਹੈ।
ਉਹਨਾਂ ਦੱਸਿਆ ਕਿ ਗੰਭੀਰ ਖ਼ਤਰੇ ਜਿਵੇਂ ਕਿ ਸਰੀਰ ਦੇ ਅੰਗਾਂ ਦਾ ਕੰਮ ਕਰਨਾ ਬੰਦ ਕਰ ਦੇਣ ਨਾਲ ਮੌਤ ਵੀ ਹੋ ਸਕਦੀ ਹੈ। ਜੇਕਰ ਮਰੀਜ਼ ਦਾ ਜੀਅ ਕੱਚਾ ਹੋਣ ਲੱਗਦਾ ਹੈ ਅਤੇ ਸਰੀਰ ਪਾਣੀ ਨੂੰ ਰੋਕ ਨਹੀਂ ਪਾਉਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਣਾ ਚਾਹੀਦਾ ਹੈ।ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਕਿਹਾ ਕਿ
ਇਸ ਬਿਮਾਰੀ ਨਾਲ ਲੜਨ ਲਈ ਤੁਹਾਡੇ ਕੋਲ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਗੱਲ ਦਾ ਵੀ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਦਸਤ ਤੋਂ ਬਚਣ ਲਈ ਸਿਰਫ ਪਾਣੀ ਪੀਣਾ ਕਾਫ਼ੀ ਨਹੀਂ ਹੈ। ਦਸਤ ਦੀ ਰੋਕਥਾਮ ਕਰਨ ਲਈ ਜ਼ਰੂਰੀ ਹੈ ਕਿ ਪੀੜਤ ਬੱਚਾ ਜਾਂ ਬਾਲਗ ਵਲੋਂ ਸਰੀਰ ਦੀ ਰੋਜ਼ਾਨਾ ਲੋੜ ਤੋਂ ਵੱਧ ਪਾਣੀ ਅਤੇ ਓਰਲ ਰੀਹਾਈਡਰੇਸ਼ਨ ਘੋਲ ਭਾਵ ਓ.ਆਰ.ਐਸ. ਦਾ ਸੇਵਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਚਾਅ ਵਿਚ ਹੀ ਬਚਾਅ ਹੈ, ਇਸ ਲਈ ਬਾਹਰ ਦਾ ਖਾਣਾ ਜੰਕ ਫੂਡ ਵਗੈਰਾ ਨਾ ਖਾਧਾ ਜਾਵੇ। ਫਲ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਵਰਤੋਂ ਵਿੱਚ ਲਿਆਂਦਾ ਜਾਵੇ, ਕੋਈ ਵੀ ਕੱਟਿਆ ਫਲ ਜਾਂ ਸਬਜੀ ਨਾ ਖਾਧੀ ਜਾਵੇ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਇਸ ਮੌਕੇ ਸੀ.ਐਚ.ਓ., ਸਿਹਤ ਸੁਪਰਵਾਈਜਰ, ਸਿਹਤ ਕਰਮੀ ਅਤੇ ਹੋਰ ਸਟਾਫ ਹਾਜ਼ਰ ਸੀ।