ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਦੀ ਨੀਤੀ ਦਾ ਵਿਰੋਧ
ਅਸ਼ੋਕ ਵਰਮਾ
ਬਠਿੰਡਾ, 6ਜੂਨ 2028:ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਅਧੀਨ ਆਪਣੀ ਜਮੀਨ ਦੀ ਪੇਸ਼ਕਸ਼ ਕਰਨ ਅਤੇ ਵੱਡੇ ਲਾਭ ਪ੍ਰਾਪਤ ਕਰਨ ਲਈ ਸੱਦਾ ਦਿੰਦਿਆਂ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਦੀ ਨੀਤੀ ਦਾ ਵਿਰੋਧ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਦੇ ਨਾਮ ਤੇ ਪੰਜਾਬ ਨੂੰ ਬਰਬਾਦ ਕਰਨ ਦੀ ਬਿਉਂਤਬੰਦੀ ਘੜੀ ਜਾ ਰਹੀ ਹੈ ਜੋ ਕਿਸੇ ਵੀ ਤਰੀਕੇ ਨਾਲ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਅੱਜ ਲੱਖਾਂ ਰੁਪਏ ਦੇ ਜਾਰੀ ਇਸ਼ਤਿਹਾਰਾਂ ਨਾਲ ਜੋਧਪੁਰ ਰਮਾਣਾ, ਨਾਰੂਆਣਾ ਅਤੇ ਪੱਤੀ ਝੁੱਟੀਕੇ ਦੇ ਖਸਰਾ ਨੰਬਰ ਪਾ ਕੇ ਵੱਡੇ ਵੱਡੇ ਇਸ਼ਤਿਆਰ ਦਿੱਤੇ ਗਏ ਹਨ, ਜਦੋਂ ਕਿ ਜਮੀਨ ਮਾਲਕਾਂ ਨਾਲ ਕੋਈ ਗੱਲਬਾਤ ਨਹੀਂ ਹੋਈ, ਨਾ ਹੀ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਦਿੱਤੀ ਗਈ ਹੈ ।
ਉਹਨਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਵਿਉਂਤਬੰਦੀ ਮਾਨ ਸਰਕਾਰ ਲਈ ਮਹਿੰਗਾ ਪਵੇਗਾ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਅਹੁਦੇ ਦਿੱਲੀ ਅਤੇ ਹੋਰਨਾਂ ਸੂਬਿਆਂ ਦੇ ਆਪ ਵਰਕਰਾਂ ਨੂੰ ਦਿੱਤੇ ਗਏ ਹਨ, ਉੱਥੇ ਹੀ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦਿਆਂ ਇਸ ਤਰ੍ਹਾਂ ਦੀਆਂ ਵਿਉਤਬੰਦੀਆਂ ਘੜ ਕੇ ਪੰਜਾਬ ਨੂੰ ਬਰਬਾਦ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਵਿਰੋਧ ਕਰਦਾ ਹੈ। ਉਹਨਾਂ ਕਿਹਾ ਕਿ ਬਠਿੰਡਾ ਦੇ ਨਾਲ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਦੇ ਨਾਮ ਤੇ ਵੱਡੇ ਵੱਡੇ ਇਸ਼ਤਿਆਰ ਦੇ ਕੇ ਲੱਖਾਂ ਰੁਪਆ ਬਰਬਾਦ ਕੀਤਾ ਗਿਆ ਹੈ ਜੋ ਠੀਕ ਨਹੀਂ ਜਿਸ ਤੋਂ ਸਾਬਤ ਹੁੰਦਾ ਹੈ ਕਿ ਦਿੱਲੀ ਮਾਡਲ ਦੇ ਨਾਮ ਤੇ ਪੰਜਾਬੀਆਂ ਨੂੰ ਬਰਬਾਦ ਕਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਜਿਸ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ।