ਝੋਨੇ ਦੀ ਸਿੱਧੀ ਬਿਜਾਈ ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਕਿਸਾਨ- ਮੁੱਖ ਖੇਤੀਬਾੜੀ ਅਫ਼ਸਰ
ਫਾਜ਼ਿਲਕਾ 12 ਮਈ 2025- ਪੰਜਾਬ ਸਰਕਾਰ ਵੱਲੋ ਸਾਲ 2025 ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰਾਜਿੰਦਰ ਕੰਬੋਜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਾਂਗ ਇਸ ਸਾਲ ਵੀ ਇਸ ਸਕੀਮ ਤਹਿਤ ਕਿਸਾਨਾਂ ਦੀ ਰਜਿਸਟ੍ਰੇਸ਼ਨ agrimachinerypb.com ਪੋਰਟਲ ਤੇ ਹੋਵੇਗੀ। ਕਿਸਾਨ ਆਪਣੀ ਰਜਿਸਟਰੇਸ਼ਨ 10 ਮਈ 2025 ਤੋਂ ਕਰ ਸਕਣਗੇ । ਉਨ੍ਹਾਂ ਮਿਤੀ 1 ਜੁਲਾਈ ਤੋਂ 15 ਜੁਲਾਈ 2025 ਤੱਕ ਖੇਤੀਬਾੜੀ ਅਧਿਕਾਰੀਆਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਜਾ ਕੇ ਪਹਿਲੀ ਤਸਦੀਕ ਕੀਤੀ ਜਾਵੇਗੀ।
ਉਹਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਸਿੱਧੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਝੋਨੇ ਦੀਆਂ ਪਰਮਲ ਕਿਸਮਾਂ ਹੀ ਬੀਜੀਆਂ ਜਾਣ ਅਤੇ ਕਿਸੇ ਵੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ। ਇਸ ਤਕਨੀਕ ਦੇ ਫਾਇਦੇ ਦੱਸਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਝੋਨੇ/ਬਾਸਮਤੀ ਦੀ ਬਿਜਾਈ ਕਰਕੇ ਕਿਸਾਨ ਜਮੀਨ ਹੇਠਲੇ ਪਾਣੀ ਦੀ ਬੱਚਤ ਕਰ ਸਕਦੇ ਹਨ ਅਤੇ ਨਾਲ ਹੀ ਰਿਵਾਇਤੀ ਢੰਗ ਨਾਲ ਝੋਨਾ ਬੀਜਣ ਵੇਲੇ ਆਉਣ ਵਾਲੇ ਲੇਬਰ ਦਾ ਖ਼ਰਚਾ ਵੀ ਬਚਾ ਸਕਦੇ ਹਨ।