ਡੀਟੀਐੱਫ ਵੱਲੋਂ ਨਿਰਭੈ ਸਿੰਘ ਖਾਈ ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ 3 ਮਈ ਨੂੰ ਲਹਿਰੇ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਐਲਾਨ
ਕਿਸਾਨ ਆਗੂ ਤੇ ਹਮਲੇ ਖ਼ਿਲਾਫ਼ ਲਹਿਰਾਗਾਗਾ ਵਿਖੇ 3 ਮਈ ਨੂੰ ਹੋਵੇਗਾ ਰੋਹ ਭਰਪੂਰ ਮੁਜ਼ਾਹਰਾ ਅਤੇ ਡੀਐੱਸਪੀ ਦਫ਼ਤਰ ਦਾ ਘਿਰਾਓ
ਦਲਜੀਤ ਕੌਰ
ਲਹਿਰਾਗਾਗਾ, 27 ਅਪ੍ਰੈਲ, 2025: ਪਿਛਲੇ ਦਿਨੀਂ ਭੂ ਮਾਫੀਆ ਦੇ ਗੁੰਡਿਆਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਕੇ ਉਸ ਦੀਆਂ ਲੱਤਾਂ ਬਾਹਾਂ ਤੋੜਨ ਦੇ ਰੋਸ ਵਜੋਂ ਅੱਜ ਬਲਾਕ ਲਹਿਰਾ ਤੇ ਮੂਣਕ ਇਕਾਈ ਦੀ ਮੀਟਿੰਗ, ਜੀ ਪੀ ਐੱਫ ਕੰਪਲੈਕਸ ਲਹਿਰਾ ਵਿਖੇ ਬਲਾਕ ਪ੍ਰਧਾਨ ਮਨੋਜ ਲਹਿਰਾ ਤੇ ਬਲਾਕ ਪ੍ਰਧਾਨ ਰਾਜ ਸੈਣੀ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਸਮੂਹ ਹਾਜ਼ਰ ਆਧਿਆਪਕਾਂ ਨੇ ਇਕ ਆਵਾਜ਼ ਹੁੰਦਿਆਂ ਨਿਰਭੈ ਸਿੰਘ ਤੇ ਕਾਤਲਾਨਾ ਹਮਲਾ ਕਰਨ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ।
ਆਗੂਆਂ ਨੇ ਜਾਣਕਾਰੀ ਦਿੱਤੀ ਕਿ ਪਿੰਡ ਖਾਈ ਵਿੱਚ ਇੱਕ ਗਰੀਬ ਪਰਿਵਾਰ ਦੀ ਜਮੀਨ ਤੇ ਭੂ ਮਾਫੀਆ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਸੀ ਜਿਸ ਦੇ ਖਿਲਾਫ ਪੂਰੇ ਪਿੰਡ ਨੇ ਇੱਕਜੁੱਟ ਹੋ ਕੇ ਸੰਘਰਸ਼ ਸ਼ੁਰੂ ਕੀਤਾ।ਇਸ ਸੰਘਰਸ਼ ਨੂੰ ਦਬਾਉਣ ਲਈ ਅਤੇ ਪੂਰੇ ਇਲਾਕੇ ਵਿੱਚ ਆਪਣਾ ਦਬਕਾ ਕਾਇਮ ਕਰਨ ਲਈ ਉਕਤ ਭੂ ਮਾਫੀਆ ਨੇ ਨਿਰਭੈ ਸਿੰਘ ਨੂੰ ਆਪਣੀ ਸਰਕਾਰੀ ਡਿਊਟੀ ਤੇ ਜਾਂਦਿਆਂ ਨੂੰ ਘੇਰ ਕੇ ਉਸਦੀਆਂ ਲੱਤਾਂ ਤੇ ਬਾਹਵਾਂ ਤੋੜ ਦਿੱਤੀਆਂ ਗਈਆਂ।ਜਿਸ ਤੋਂ ਸਾਬਤ ਹੁੰਦਾ ਹੈ ਕਿ ਉਕਤ ਗਰੋਹ ਨੂੰ ਸਿਆਸੀ ਸੈ ਅਤੇ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਪ੍ਰਾਪਤ ਹੈ ਜਿਸ ਕਰਕੇ ਉਹ ਨਿਧੜਕ ਹੋ ਕੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ ਅਤੇ ਗਰੀਬ ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕਰਦੇ ਹਨ। ਆਗੂਆਂ ਨੇ ਦੱਸਿਆ, ਜੇਕਰ ਪ੍ਰਸ਼ਾਸਨ ਜਲਦੀ ਉਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰਦਾ ਤਾਂ 3 ਮਈ ਨੂੰ ਲਹਿਰੇ ਸ਼ਹਿਰ ਵਿੱਚ ਰੋਸ ਮੁਜਾਹਰਾ ਕਰਕੇ ਡੀਐਸਪੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜਿਲਾ ਪ੍ਰਧਾਨ ਸੁਖਵਿੰਦਰ ਗਿਰ, ਸਟੇਟ ਕਮੇਟੀ ਮੈਬਰ ਦਲਜੀਤ ਸਫੀਪੁਰ ਤੇ ਮੇਘ ਰਾਜ ਪਹੁੰਚੇ। ਇਸ ਮੌਕੇ ਰਮਨ ਲਹਿਰਾ, ਮਨਜੀਤ ਸਿੰਘ, ਮਨੋਜ ਕੁਮਾਰ, ਰਿਪੁਦਮਨ ਕੁਮਾਰ, ਨਰਿੰਦਰ ਸਿੰਘ, ਅਸ਼ਵਨੀ ਕੁਮਾਰ, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਤਨ ਕੁਮਾਰ, ਸਤੀਸ਼ ਕੁਮਾਰ, ਅਵਿਨਾਸ਼ ਕੁਮਾਰ, ਚਮਕੌਰ ਸਿੰਘ, ਸਤਪਾਲ ਸਿੰਘ, , ਮੱਖਣ ਸਿੰਘ, ਸ਼ਾਮ ਸੁੰਦਰ, ਮਨਦੀਪ ਸਿੰਘ, ਕਿਰਨਦੀਪ ਸਿੰਘ, ਪਰਵੀਨ ਕੁਮਾਰ, ਕਿਰਨਦੀਪ ਸਿੰਘ ਲੈਕਚਰਾਰ, ਬੂਟਾ ਸਿੰਘ ਲੈਕਚਰਾਰ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਗੁਰਛਹਿਬਰ ਸਿੰਘ ਤੇ ਖੁਸ਼ਦੀਪ ਸਿੰਘ ਆਦਿ ਹਾਜ਼ਰ ਸਨ।