ਸੈਣੀ ਵਿਹਾਰ ਕਾਲੋਨੀ ਦੀ ਗਲੀਆਂ ਤੇ ਨਾਲੀਆਂ ਦੀ ਹਾਲਤ ਹੋਈ ਤਰਸਯੋਗ: ਵਾਰ-ਵਾਰ ਜਾਣੂ ਕਰਵਾਉਣ ਤੇ ਵੀ ਨਹੀਂ ਹੋ ਰਿਹਾ ਹੱਲ- ਕਾਲੋਨੀ ਵਾਸੀ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਫ਼ਰਵਰੀ 2025: ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 4 ਵਿੱਚ ਪੈਂਦੀ ਸੈਣੀ ਵਿਹਾਰ ਕਾਲੋਨੀ ਦੀ ਗਲੀਆਂ ਤੇ ਨਾਲੀਆਂ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਅਤੇ ਨਾਲੀਆਂ ਟੁੱਟ ਜਾਣ ਕਾਰਨ ਦੂਸ਼ਿਤ ਪਾਣੀ ਗਲੀ ਦੇ ਵਿੱਚ ਖੜਿਆ ਰਹਿੰਦਾ ਹੈ, ਜਿਸ ਉੱਤੋ ਦੀ ਰੋਜਾਨਾਂ ਵਾਰਡ ਵਾਸੀਆਂ ਨੂੰ ਆਉਣ-ਜਾਣਾ ਪੈਂਦਾ ਹੈ। ਕਾਲੋਨੀ ਵਾਸੀ ਤੇ ਭਾਜਪਾ ਆਗੂ ਗੁਰਮੀਤ ਸਿੰਘ ਟਿਵਾਣਾ, ਬਲਵਿੰਦਰ ਸਿੰਘ, ਮਨੋਜ ਤਿਵਾਰੀ, ਦੀਪਕਰਾਵਤ, ਕੁਲਵੰਤ ਸਿੰਘ ਸੈਣੀ, ਪ੍ਰਵੇਸ਼ ਸਿੰਘ, ਅਭਿਸ਼ੇਕ ਸੈਣੀ ,ਪਦਮ ਨਰਾਇਣ ਠਾਕੁਰ, ਸੀਮਾ ਦੇਵੀ, ਰਾਮ ਪ੍ਰਸਾਦ ,ਰੀਨਾ ਦੇਵੀ, ਕੁਸਲਿਆ ਦੇਵੀ, ਸੁਸੀਲਾ ਦੇਵੀ, ਪ੍ਰੀਤ ਗੌਰਵ, ਆਸ਼ੀਸ਼ ਆਦਿ ਨੇ ਦੱਸਿਆ ਕਿ ਸੈਣੀ ਵਿਹਾਰ ਕਾਲੋਨੀ ਵਿੱਚ ਨਾਲੀਆਂ ਦੀ ਖਸਤਾ ਹਾਲਤ ਹੋਣ ਕਾਰਨ ਸਾਰਾ ਪਾਣੀ ਗਲੀ ਵਿੱਚ ਖੜ ਜਾਂਦਾ ਹੈ, ਜਿਸ ਉੱਤੋਂ ਦੀ ਰੋਜਾਨਾਂ ਕਾਲੋਨੀ ਵਾਸੀਆਂ ਨੂੰ ਮਜ਼ਬੂਰੀਬਸ ਲੰਘਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੰਘਣ ਵੇਲੇ ਜਿਥੇ ਪਾਣੀ ਵਿੱਚੋਂ ਬਦਬੂ ਮਾਰਦੀ ਹੈ, ਉਥੇ ਹੀ ਪੈਦਲ ਚੱਲਣ ਵਾਲੇ ਕਾਲੋਨੀ ਵਾਸੀਆਂ ਦੇ ਗੰਦੇ ਪਾਣੀ ਨਾਲ ਕੱਪੜੇ ਖਰਾਬ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਉਹ ਕਈਂ ਵਾਲੀ ਸਬੰਧਿਤ ਕੌਂਸਲਰ ਅਤੇ ਨਗਰ ਕੌਂਸਲ ਦੇ ਦਫਤਰ ਵਿੱਚ ਜਾ ਕੇ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਉਹ ਸਰਕਾਰ ਬਣਦਿਆਂ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣਗੇ, ਪਰ ਜਮੀਨ ਪੱਧਰ ਉੱਤੇ ਹਾਲਾਤ ਕੁੱਝ ਹੋਰ ਹੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਤਾਂ ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਹੋ ਜਾਂਦਾ ਸੀ, ਪਰ ਹੁਣ ਨਗਰ ਕੌਂਸਲ ਵਿੱਚ ਵਾਰ-ਵਾਰ ਸਮੱਸਿਆ ਜਾਣੂ ਕਰਵਾਉਣ ਤੋਂ ਬਾਅਦ ਵੀ ਹੱਲ ਨਹੀਂ ਹੋ ਰਿਹਾ ਹੈ। ਇਸ ਮੌਕੇ ਗੁਰਮੀਤ ਸਿੰਘ ਟਿਵਾਣਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਵਾਰਡ ਵਾਸੀਆਂ ਨਾਲ ਹਨ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਉਹ ਪੂਰੀ ਵਾਹ ਲਾ ਦੇਣਗੇ।
ਉਨ੍ਹਾਂ ਨਗਰ ਕੌਂਸਲ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਹੋਇਆ ਤਾਂ ਉਹ ਪੂਰੀ ਕਾਲੋਨੀ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੌਂਸਲ ਦਫਤਰ ਮੁਹਰੇ ਧਰਨਾ ਪ੍ਰਦਰਸ਼ਨ ਕਰਨਗੇ, ਜਿਸ ਦੀ ਜਿੰਮੇਵਾਰੀ ਕੌਸਲ ਅਧਿਕਾਰੀਆਂ ਦੀ ਹੋਵੇਗੀ। ਇਸ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ, ਉਹ ਸਬੰਧਿਤ ਜੇ.ਈ ਨੂੰ ਭੇਜ ਕੇ ਸਮੱਸਿਆ ਵਾਲੀ ਥਾਂ ਸਬੰਧੀ ਜਾਣਕਾਰੀ ਲੈਣਗੇ ਅਤੇ ਜਲਦ ਹੀ ਗਲੀ ਵਿੱਚ ਖੜਨ ਵਾਲੇ ਦੂਸ਼ਿਤ ਪਾਣੀ ਦੀ ਸਮੱਸਿਆ ਨੂੰ ਦੂਰ ਕਰ ਦਿੱਤਾ ਜਾਵੇਗਾ।