ਪੈਦਲ ਜਾ ਰਹੀ ਔਰਤ ਤੋਂ ਖੋਇਆ ਮੋਬਾਇਲ, ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਹੋਈ ਪਹਿਚਾਣ
ਦੀਪਕ ਜੈਨ
ਜਗਰਾਉਂ, 18 ਜਨਵਰੀ 2025 -ਇਲਾਕੇ ਅੰਦਰ ਮੋਬਾਈਲ ਖੋਹਣ ਵਾਲੇ ਲੁਟੇਰਿਆਂ ਦੀ ਦਹਿਸ਼ਤ ਇੰਨੀ ਵੱਧ ਚੁੱਕੀ ਹੈ ਕਿ ਲੁਟੇਰੇ ਇਕੱਲੀ ਪੈਦਲ ਜਾ ਰਹੀ ਔਰਤ ਨੂੰ ਤਾਂ ਡਰਾ ਧਮਕਾ ਕੇ ਮੋਬਾਇਲ ਖੋ ਹੀ ਰਹੇ ਹਨ ਉੱਤੋਂ ਇਹਨਾਂ ਲੁਟੇਰਿਆਂ ਦੀ ਹਿਮਾਕਤ ਦੀ ਵੀ ਦਾਤ ਦੇਣੀ ਬਣਦੀ ਹੈ। ਕਿਉਂ ਜੋ ਇਸ ਵਾਰਦਾਤ ਵਿੱਚ ਤਾਂ ਲੁਟੇਰਿਆਂ ਵੱਲੋਂ ਮੋਬਾਈਲ ਖੋਹਣ ਦੀ ਘਟਨਾ ਨੂੰ ਜਗਰਾਉਂ ਦੇ ਸੀਆਈਏ ਸਟਾਫ ਦੇ ਨਜਦੀਕ ਕੀਤਾ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਸਿਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪੋਨਾ, ਥਾਣਾ ਸਦਰ ਜਗਰਾਉਂ, ਜਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੁਖਪ੍ਰੀਤ ਕੌਰ ਦੇ ਨਾਲ ਆਪਣਾ ਕੰਮ ਕਾਰ ਖਤਮ ਕਰਨ ਤੋਂ ਬਾਅਦ ਪੈਦਲ ਆਪਣੇ ਘਰ ਨੂੰ ਜਾ ਰਹੇ ਸੀ ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਉਸ ਤੋਂ ਥੋੜਾ ਜਿਹਾ ਅੱਗੇ ਪੈਦਲ ਹੀ ਚੱਲ ਰਹੀ ਸੀ।
ਜਦੋਂ ਇਹ ਦੋਵੇਂ ਸਿਵਿਲ ਹਸਪਤਾਲ ਜਗਰਾਉਂ ਤੋਂ ਥੋੜਾ ਅੱਗੇ ਸੀਆਈਏ ਸਟਾਫ ਦਾ ਦਫਤਰ ਲੰਘ ਕੇ ਥੋੜੀ ਦੂਰ ਪੁੱਜੇ ਤਾਂ ਇਨੇ ਨੂੰ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ਉੱਪਰ ਆਏ ਅਤੇ ਜਿਨਾਂ ਨੇ ਔਰਤ ਦੇ ਨਜ਼ਦੀਕ ਆਪਣਾ ਮੋਟਰਸਾਈਕਲ ਰੋਕਿਆ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਹੱਥ ਵਿੱਚ ਫੜੀ ਰਾੜ ਲੋਹਾ ਮਾਰਨ ਦਾ ਡਰਾਵਾ ਦੇ ਕੇ ਔਰਤ ਦੇ ਹੱਥ ਵਿੱਚ ਪਕੜਿਆ ਹੋਇਆ ਮੋਬਾਇਲ ਫੋਨ ਮਾਰਕਾ ਆਈਟੈਲ ਖੋਹ ਲਿੱਤਾ ਅਤੇ ਮੋਟਰਸਾਈਕਲ ਭਜਾ ਕੇ ਮਲਕ ਚੌਂਕ ਵੱਲ ਨੂੰ ਲੈ ਗਏ।
ਇਸ ਲੁੱਟ ਖੋਹ ਦੀ ਘਟਨਾ ਤੇ ਪਤੀ ਪਤਨੀ ਵੱਲੋਂ ਰੌਲਾ ਪਾਇਆ ਗਿਆ। ਆਪਣੇ ਨਾਲ ਵਾਪਰੀ ਇਸ ਲੁੱਟ ਖੋਹ ਦੀ ਘਟਨਾ ਦੀ ਜਾਣਕਾਰੀ ਪਤੀ ਪਤਨੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਅਤੇ ਖੁਦ ਵੀ ਲੁਟੇਰਿਆਂ ਦੀ ਭਾਲ ਕਰਦੇ ਰਹੇ ਜਿਸ ਤੇ ਉਹਨਾਂ ਨੂੰ ਮਾਲੂਮ ਹੋਇਆ ਕੀ ਮੋਬਾਇਲ ਖੋਹਣ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਵਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ ਪੁੱਤਰ ਜਗਦੀਪ ਸਿੰਘ ਵਾਸੀ ਮਹੱਲਾ ਮੁਕੰਦਪੁਰੀ ਜਗਰਾਓ ਦੇ ਰਹਿਣ ਵਾਲੇ ਹਨ। ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।