ਨਵੇਂ ਸਾਲ 'ਤੇ ਆਧਿਆਤਮਿਕ ਨਿਰਣੇ ਲਓ -ਸੰਤ ਰਾਜਿੰਦਰ ਸਿੰਘ ਜੀ ਮਹਾਰਾਜ
ਅਸ਼ੋਕ ਵਰਮਾ
ਬਠਿੰਡਾ, 1 ਜਨਵਰੀ 2025 - ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਦੇ ਸਮੇਂ 'ਤੇ ਅਸੀਂ ਅਕਸਰ ਸੋਚਦੇ ਹਾਂ ਕਿ ਆਉਣ ਵਾਲਾ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਿਵੇਂ ਬਿਹਤਰ ਹੋ ਸਕਦਾ ਹੈ? ਅਸੀਂ ਵਿਚਾਰ ਕਰਦੇ ਹਾਂ ਕਿ ਸਾਡਾ ਪਿਛਲਾ ਸਾਲ ਕਿਵੇਂ ਬੀਤਿਆ? ਅਤੇ ਅਸੀਂ ਆਉਣ ਵਾਲੇ ਸਾਲ ਲਈ ਨਵੇਂ ਨਿਰਣੇ ਲੈਂਦੇ ਹਾਂ। ਇਹ ਨਿਰਣੇ ਸਾਡੀ ਸਿਹਤ ਦੇ ਸੁਧਾਰ, ਆਰਥਿਕ ਹਾਲਤ ਵਿੱਚ ਸੁਧਾਰ, ਆਪਸੀ ਰਿਸ਼ਤਿਆਂ ਵਿੱਚ ਵਧੇਰੇ ਮਿਠਾਸ ਜਾਂ ਹੋਰ ਸਰੀਰਕ ਜਾਂ ਮਾਨਸਿਕ ਉਦੇਸ਼ਾਂ ਨਾਲ ਸੰਬੰਧਿਤ ਹੋ ਸਕਦੇ ਹਨ। ਨਵਾਂ ਸਾਲ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਛੱਡ ਕੇ ਨਵੀਆਂ ਨੂੰ ਅਪਣਾਈਏ। ਕਈ ਲੋਕ ਆਪਣੀਆਂ ਮਾੜੀਆਂ ਆਦਤਾਂ ਨੂੰ ਛੱਡਣਾ ਚਾਹੁੰਦੇ ਹਨ, ਇਸ ਲਈ ਉਹ ਨਵੇਂ ਸਾਲ 'ਤੇ ਉਹਨਾਂ ਨੂੰ ਛੱਡਣ ਦਾ ਅਤੇ ਚੰਗੀਆਂ ਆਦਤਾਂ ਨੂੰ ਅਪਨਾਉਣ ਦੇ ਵੀ ਨਿਰਣੇ ਲੈਂਦੇ ਹਨ। ਨਵੇਂ ਸਾਲ ਦੇ ਇਸ ਮੌਕੇ 'ਤੇ ਬਹੁਤ ਸਾਰੇ ਲੋਕ ਆਪਣੀ ਸਿਹਤ, ਪੈਸੇ ਜਾਂ ਰਿਸ਼ਤਿਆਂ ਨੂੰ ਬਿਹਤਰ ਕਰਨ ਦਾ ਵੀ ਨਿਸ਼ਚਾ ਕਰਦੇ ਹਨ ਅਤੇ ਨਵੇਂ ਉਦੇਸ਼ ਬਣਾਉਂਦੇ ਹਨ, ਪਰ ਕੁਝ ਹੀ ਦਿਨਾਂ ਵਿੱਚ ਉਹ ਫਿਰ ਤੋਂ ਆਪਣੀ ਪੁਰਾਣੀ ਰੁਟੀਨ ਵਿੱਚ ਵਾਪਸ ਚਲੇ ਜਾਂਦੇ ਹਨ। ਬਜਾਏ ਇਸ ਦੇ ਕਿ ਅਸੀਂ ਬਹੁਤ ਸਾਰੇ ਨਿਰਣੇ ਲਈਏ ਅਤੇ ਉਹਨਾਂ ਨੂੰ ਪੂਰਾ ਨਾ ਕਰ ਸਕੀਏ, ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਨਿਰਣਾ ਲਈਏ ਅਤੇ ਉਸਨੂੰ ਚੰਗੀ ਤਰ੍ਹਾਂ ਨਿਭਾਈਏ। ਜੇ ਅਸੀਂ ਇੱਕ ਨਿਰਣੇ ਨੂੰ ਪਹਿਲ ਦੇਈਏ ਤਾਂ ਸਾਡੇ ਦੁਆਰਾ ਉਸਨੂੰ ਪੂਰਾ ਕਰਨ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਅਸੀਂ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪੱਖ ਜੋ ਕਿ ਆਧਿਆਤਮਿਕ ਹੈ, ਨੂੰ ਲੈ ਕੇ ਕੀ ਕੋਈ ਨਿਰਣੇ ਲੈਂਦੇ ਹਾਂ? ਜਾਂ ਕੋਈ ਯੋਜਨਾ ਬਣਾਉਂਦੇ ਹਾਂ? ਸਾਡੇ ਵਿੱਚੋਂ ਜੋ ਆਧਿਆਤਮਿਕ ਰਸਤੇ 'ਤੇ ਚਲਦੇ ਹਨ, ਉਹ ਨਾ ਸਿਰਫ ਆਪਣੇ ਜੀਵਨ ਦੇ ਸਰੀਰਕ ਅਤੇ ਮਾਨਸਿਕ ਪੱਖ ਨੂੰ ਸੁਧਾਰਨ 'ਤੇ ਧਿਆਨ ਦਿੰਦੇ ਹਨ ਬਲਕਿ ਆਪਣੇ ਆਧਿਆਤਮਿਕ ਪੱਖ 'ਤੇ ਵੀ ਉਸੇ ਤਰ੍ਹਾਂ ਧਿਆਨ ਕੇਂਦਰਿਤ ਕਰਦੇ ਹਨ।ਆਧਿਆਤਮਿਕ ਨਿਰਣੇ ਸਭ ਤੋਂ ਵੱਧ ਮਹੱਤਵਪੂਰਨ ਹਨ ਕਿਉਂਕਿ ਉਹ ਸਾਡੀ ਆਤਮਿਕ ਹਾਲਾਤ ਨਾਲ ਸੰਬੰਧਿਤ ਹੁੰਦੇ ਹਨ। ਆਧਿਆਤਮਿਕਤਾ ਖ਼ੁਦ ਨੂੰ ਜਾਣਨ ਅਤੇ ਪਰਮਾਤਮਾ ਨੂੰ ਪਾਉਣ ਦੇ ਰਸਤੇ ਨੂੰ ਦਰਸਾਉਂਦੀ ਹੈ। ਕਈ ਲੋਕ ਇਸ ਪੱਖ ਨੂੰ ਅਣਡਿੱਠਾ ਕਰ ਦਿੰਦੇ ਹਨ, ਪਰ ਜੋ ਆਧਿਆਤਮਿਕ ਰਸਤੇ 'ਤੇ ਚਲਦੇ ਹਨ, ਉਹਨਾਂ ਲਈ ਨਵਾਂ ਸਾਲ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਉਹ ਇਹ ਮੁਲਾਂਕਣ ਕਰਦੇ ਹਨ ਕਿ ਉਹ ਆਪਣੀ ਆਧਿਆਤਮਿਕ ਯਾਤਰਾ 'ਤੇ ਕਿੰਨੇ ਦੂਰਪਹੁੰਚੇ ਹਨ? ਅਤੇ ਖੁਦ ਇਹ ਨਿਸ਼ਚਾ ਕਰਦੇ ਹਨ ਕਿ ਉਹ ਇਸ ਤੋਂ ਅੱਗੇ ਕਿਵੇਂ ਵਧ ਸਕਦੇ ਹਨ ।
ਇਸ ਲਈ, ਨਵੇਂ ਸਾਲ ਦੇ ਹੋਰ ਨਿਰਣਿਆਂ ਵਿੱਚੋਂ ਅਸੀਂ ਉਹਨਾਂ ਨੂੰ ਚੁਣ ਸਕਦੇ ਹਾਂ ਜੋ ਸਾਡੀ ਆਧਿਆਤਮਿਕ ਰੁਚੀ ਵਿੱਚ ਸਹਾਇਕ ਹੋਣ। ਇਹ ਮਹੱਤਵਪੂਰਨ ਹੈ ਕਿ ਜਦੋਂ ਅਸੀਂ ਆਧਿਆਤਮਿਕ ਨਿਰਣੇ ਲੈਂਦੇ ਹਾਂ ਤਾਂ ਅਸੀਂ ਆਪਣੇ ਸ਼ਬਦਾਂ 'ਤੇ ਦ੍ਰਿੜ ਰਹੀਏ। ਉਸ ਸਮੇਂ ਅਸੀਂ ਕਿਸ ਨਾਲ ਵਾਅਦਾ ਕਰ ਰਹੇ ਹਾਂ। ਅਸੀਂ ਆਪਣੀ ਆਤਮਾ ਭਾਵ ਆਪਣੇ ਆਪ ਅਤੇ ਪਰਮਾਤਮਾ ਨਾਲ ਵਾਅਦਾ ਕਰ ਰਹੇ ਹਾਂ। ਅਜਿਹੇ ਵਾਅਦੇ ਸਾਨੂੰ ਜ਼ਰੂਰ ਹੀ ਨਿਭਾਉਣੇ ਚਾਹੀਦੇ ਹਨ। ਇਸ ਪੱਖ ਵਿੱਚ ਸਾਨੂੰ ਆਧਿਆਤਮਿਕ ਤੌਰ 'ਤੇ ਪੱਕੇ ਹੋਣਾ ਹੋਵੇਗਾ ।ਆਧਿਆਤਮਿਕ ਰਸਤੇ 'ਤੇ ਚਲਣ ਲਈ ਸਭ ਤੋਂ ਪਹਿਲਾ ਕਦਮ ਸਦਾਚਾਰੀ ਜੀਵਨ ਹੈ. ਇਸ ਲਈ ਸਾਨੂੰ ਆਪਣੇ ਅੰਦਰ ਅਹਿੱਸਾ, ਸੱਚਾਈ, ਪਵਿੱਤਰਤਾ, ਨਿਮਰਤਾ ਅਤੇ ਨਿਸ਼ਕਾਮ ਸੇਵਾ ਦੇ ਗੁਣਾਂ ਨੂੰ ਵਿਕਸਿਤ ਕਰਨਾ ਹੋਵੇਗਾ।ਪਰਮਾਤਮਾ ਨੇ ਸਾਨੂੰ ਜੋ ਮਨੁੱਖੀ ਸਰੀਰ ਦਿੱਤਾ ਹੈ, ਜਿਸ ਵਿੱਚ ਅਸੀਂ ਆਪਣੇ ਆਪ ਨੂੰ ਜਾਣ ਸਕਦੇ ਹਾਂ ਅਤੇ ਪਿਤਾ- ਪ੍ਰਮਾਤਮਾ ਨੂੰ ਪਾ ਸਕਦੇ ਹਾਂ। ਇਸ ਲਈ ਅਸੀਂ ਸਿਰਫ਼ ਇਹ ਜਾਣਨਾ ਹੈ ਕਿ ਪਰਮਾਤਮਾ ਨੂੰ ਅਸੀਂ ਆਪਣੇ ਅੰਦਰ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਅਸੀਂ ਉਹਨਾਂ ਬੱਚਿਆਂ ਵਾਂਗ ਹਾਂ ਜਿਨ੍ਹਾਂ ਨੂੰ ਉਹਨਾਂ ਦੇ ਮਾਤਾ-ਪਿਤਾ ਨੇ ਬਹੁਤ ਸਾਰੇ ਤੋਹਫ਼ੇ ਦਿੱਤੇ ਹਨ, ਪਰ ਉਹਨਾਂ ਤੋਹਫ਼ਿਆਂ ਨੂੰ ਖੋਲ੍ਹਣ ਦੀ ਬਜਾਏ ਅਸੀਂ ਉਹਨਾਂ ਦੀ ਬਾਹਰੀ ਪੈਕਿੰਗ ਨੂੰ ਹੀ ਦੇਖਦੇ ਰਹਿੰਦੇ ਹਾਂ। ਉਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਮਨੁੱਖੀ ਸਰੀਰ ਵਿੱਚ ਅਨੰਤ ਖਜ਼ਾਨੇ ਦਿੱਤੇ ਹਨ ਜਿਨ੍ਹਾਂ ਵੱਲ ਅਸੀਂ ਦੇਖਦੇ ਹੀ ਨਹੀਂ।
ਜਿੰਨੇ ਵੀ ਸੰਤ ਸਤਿਗੁਰੂ ਅਤੇ ਸੂਫੀ ਇਸ ਦੁਨੀਆਂ ਵਿੱਚ ਆਏ ਹਨ, ਉਹ ਬਾਰ-ਬਾਰ ਇਹੀ ਕਹਿੰਦੇ ਹਨ ਕਿ ਅਸੀਂ ਆਪਣੇ ਅੰਦਰ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ, ਭਾਵੇਂ ਉਸਨੂੰ ਅੰਤਰਮੁਖ ਦੇਖਣਾ, ਧਿਆਨ, ਪ੍ਰਾਰਥਨਾ ਜਾਂ ਸਿਮਰਨ ਕਿਹਾ ਜਾਵੇ। ਉਹ ਸਾਰੇ ਇਸੇ ਅਭਿਆਸ ਵੱਲ ਇਸ਼ਾਰਾ ਕਰਦੇ ਹਨ ਕਿ ਅਸੀਂ ਆਪਣੇ ਧਿਆਨ ਨੂੰ ਬਾਹਰੋਂ ਹਟਾ ਕੇ ਅੰਦਰ ਵੱਲ ਕਰੀਏ। ਜਿਸ ਦੁਆਰਾ ਅਸੀਂ ਆਪਣੇ ਅੰਦਰ ਪਰਮਾਤਮਾ ਦੇ ਦੋ ਨਿੱਜੀ ਰੂਪਾਂ ਜੋਤੀ ਅਤੇ ਆਵਾਜ਼ ਦਾ ਅਨੁਭਵ ਕਰਦੇ ਹਾਂ। ਇਹਨਾਂ ਦੋਨਾਂ ਤੇ ਆਪਣੇ ਧਿਆਨ ਨੂੰ ਇਕਾਗਰ ਕਰਕੇ ਅਸੀਂ ਵਾਪਸ ਪਰਮਾਤਮਾ ਵਿੱਚ ਲੀਨ ਹੋ ਸਕਦੇ ਹਾਂ।ਆਪਣੇ ਅਧਿਆਤਮਿਕ ਵਿਕਾਸ ਦੇ ਲਈ ਸਾਨੂੰ ਅਜਿਹੀਆਂ ਆਦਤਾਂ ਅਪਣਾਉਣੀਆਂ ਪੈਂਦੀਆਂ ਹਨ ਜੋ ਸਾਡੀ ਅਧਿਆਤਮਿਕ ਤਰੱਕੀ ਵਿੱਚ ਸਹਾਇਕ ਹੋਣ। ਪਰਮਾਤਮਾ ਅੰਦਰ ਸਾਡਾ ਇੰਤਜ਼ਾਰ ਕਰ ਰਿਹਾ ਹੈ। ਜੇ ਅਸੀਂ ਆਪਣੇ ਅੰਦਰ ਮੌਜੂਦ ਤੋਹਫਿਆਂ ਨੂੰ ਖੋਲ੍ਹ ਕੇ ਉਹਨਾਂ ਦੇ ਅੰਦਰ ਦੇਖੀਏ ਤਾਂ ਅਸੀਂ ਪਰਮਾਤਮਾ ਨੂੰ ਉਥੇ ਮੌਜੂਦ ਪਾਵਾਂਗੇ ਅਤੇ ਉਹਨਾਂ ਨਾਲ ਇਹ ਮਿਲਾਪ ਸਾਨੂੰ ਰੱਬੀ ਪਿਆਰ ਅਤੇ ਪਰਮਾਨੰਦ ਦੀ ਅਵਸਥਾ ਵਿੱਚ ਲੈ ਜਾਏਗਾ।
ਆਓ, ਨਵੇਂ ਸਾਲ ਦੇ ਇਸ ਮੌਕੇ ਤੇ ਅਸੀਂ ਸਭ ਇਹ ਨਿਸ਼ਚਾ ਕਰੀਏ ਕਿ ਆਪਣੀ ਅਧਿਆਤਮਿਕ ਤਰੱਕੀ ਨੂੰ ਬਿਹਤਰ ਕਰਨ ਲਈ, ਇਸ ਸਾਲ ਬਕਾਇਦਗੀ ਨਾਲ ਧਿਆਨ ਅਭਿਆਸ ਵਿੱਚ ਸਮਾਂ ਦੇਵਾਂਗੇ ਤਾਂ ਕਿ ਅਸੀਂ ਆਪਣੇ ਅੰਦਰ ਮੌਜੂਦ ਪਰਮਾਤਮਾ ਦੀ ਰੌਸ਼ਨੀ ਅਤੇ ਆਵਾਜ਼ ਦਾ ਅਨੁਭਵ ਕਰੀਏ। ਜੇ ਅਸੀਂ ਰੋਜ਼ਾਨਾ ਪੂਰੀ ਇਕਾਗਰਤਾ, ਵਿਸ਼ਵਾਸ ਅਤੇ ਧੀਰਜ ਨਾਲ ਧਿਆਨ ਅਭਿਆਸ ਕਰਨ ਦੀ ਆਦਤ ਬਣਾ ਲਵਾਂਗੇ ਤਾਂ ਅਸੀਂ ਉਸ ਆਨੰਦ ਤੇ ਖੁਸ਼ੀ ਦੀ ਅਵਸਥਾ ਨੂੰ ਜ਼ਰੂਰ ਪਾ ਲਵਾਂਗੇ ਜੋ ਸਾਡੇ ਅੰਦਰ ਸਾਡੀ ਉਡੀਕ ਕਰ ਰਹੀ ਹੈ।