ਆਰ ਐਮ ਪੀਆਈ ਵੱਲੋਂ ਸਾਥੀ ਨਿਰਮਲ ਸਿੰਘ ਬੋਪਾਰਾਏ ਦਾ ਸ਼ਰਧਾਂਜਲੀ ਸਮਾਗਮ ਅਤੇ ਰਾਜਨੀਤਿਕ ਕਾਨਫਰੰਸ ਤਿੰਨ ਜਨਵਰੀ 2025 ਨੂੰ
- ਕਾਮਰੇਡ ਮੰਗਤ ਰਾਮ ਪਾਸਲਾ ਹੋਣਗੇ ਮੁੱਖ ਵਕਤਾ
ਰੋਹਿਤ ਗੁਪਤਾ
ਗੁਰਦਾਸਪੁਰ, 1 ਜਨਵਰੀ 2025 ਗੌਰਮੈਂਟ ਟੀਚਰ ਯੂਨੀਅਨ, ਪੰਜਾਬ ਪੈਨਸ਼ਨਰ ਐਸੋਸੀਏਸ਼ਨ, ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਹੇ ਤੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਸਾਥੀ ਨਿਰਮਲ ਸਿੰਘ ਬੋਪਾਰਾਏ 19 ਦਸੰਬਰ 2024 ਨੂੰ ਸੁਰਗਵਾਸ ਹੋ ਗਏ ਸਨ । ਉਹ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਿਲਾ ਆਗੂ ਵੀ ਸਨ। ਸਾਰੀ ਉਮਰ ਉਹ ਜਥੇਬੰਦੀਆਂ ਉਸਾਰ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਜੂਝਦੇ ਰਹੇ ਸਨ।
ਆਰਐਮਪੀਆਈ ਤਹਿਸੀਲ ਗੁਰਦਾਸਪੁਰ ਵੱਲੋਂ ਉਨਾਂ ਪ੍ਰਤੀ ਸ਼ਰਧਾਂਜਲੀ ਸਮਾਗਮ ਅਤੇ ਰਾਜਨੀਤਿਕ ਕਾਨਫਰੰਸ ਤਿੰਨ ਜਨਵਰੀ 2025 ਨੂੰ ਸਵੇਰੇ 11 ਵਜੇ ਰੁਲੀਆ ਰਾਮ ਕਲੋਨੀ ਸਥਿੱਤ ਸ਼ਹੀਦ ਬਲਜੀਤ ਸਿੰਘ ਭਵਨ ,ਜੇਲ ਰੋਡ ਗੁਰਦਾਸਪੁਰ ਵਿਖੇ ਹੋਵੇਗੀ। ਇਸ ਰਾਜਨੀਤਿਕ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਕੁੱਲ ਹਿੰਦ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਉਚੇਚੇ ਤੌਰ ਤੇ ਪਹੁੰਚ ਰਹੇ ਹਨ।
ਇਸ ਸਬੰਧੀ ਗੱਲ ਕਰਦਿਆਂ ਪਾਰਟੀ ਆਗੂਆਂ ਮੱਖਣ ਸਿੰਘ ਕੁਹਾੜ, ਸ਼ਿਵ ਕੁਮਾਰ, ਨੱਥਾ ਸਿੰਘ, ਧਿਆਨ ਸਿੰਘ ਠਾਕੁਰ, ਗੁਰਦਿਆਲ ਸਿੰਘ ਸੋਹਲ, ਹਰਜੀਤ ਸਿੰਘ ਕਾਹਲੋਂ, ਅਜੀਤ ਸਿੰਘ ਠੱਕਰ ਸੰਧੂ ਅਜੀਤ ਸਿੰਘ ਹੁੰਦਲ ਜਗੀਰ ਸਿੰਘ ਸਲਾਚ ਹੈਡ ਮਾਸਟਰ ਅਬਿਨਾਸ਼ ਸਿੰਘ ਰਘਬੀਰ ਸਿੰਘ ਚਾਹਲ ਅਮਰਜੀਤ ਸਿੰਘ ਸੈਣੀ ਸੰਤ ਨਗਰ ਜਗਦੀਪ ਸਿੰਘ ਜਗਜੀਤ ਸਿੰਘ ਨਵਾਂ ਪਿੰਡ ਗੁਰਦੀਪ ਸਿੰਘ ਭੰਗੂ ਆਦਿ ਨੇ ਦੱਸਿਆ ਕਿ ਇਸ ਮੌਕੇ ਵਿਛੜੇ ਸਾਥੀ ਦੇ ਜਥੇਬੰਦਕ ਕਾਰਜਾਂ ਬਾਰੇ ਗੱਲ ਕਰਨ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦੀ ਅਜੋਕੀ ਸਥਿਤੀ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਫਿਰਕਾ ਪ੍ਰਸਤ ਫਾਸ਼ੀਵਾਦੀ ਕਾਰਵਾਈਆਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ। ਕੇਂਦਰ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਇੱਕ ਮੁੱਠ ਹੋ ਕੇ ਸੰਘਰਸ਼ ਕਰਨ ਬਾਰੇ ਵਿਚਾਰ ਚਰਚਾ ਹੋਵੇਗੀ। ਆਗੂਆਂ ਨੇ ਸਾਥੀ ਨਿਰਮਲ ਸਿੰਘ ਨਾਲ ਪਿਆਰ ਕਰਨ ਵਾਲੇ ਅਤੇ ਸਮੂਹ ਮਜ਼ਦੂਰਾਂ ਕਿਸਾਨਾਂ ਨੂੰ ਇਸ ਵਿੱਚ ਪੁੱਜਣ ਦੀ ਜੋਰਦਾਰ ਅਪੀਲ ਕੀਤੀ ਹੈ।