ਮੇਰੇ ਪਿੰਡ ਦੀ ਸ਼ਾਨ,ਸਾਡਾ ਮਾਣ- ਜਸਨੂਰ ਕੌਰ ਸਿੱਧੂ
ਜਸਨੂਰ ਕੌਰ ਢੈਪਈ ਨੇ 68ਵੀਂਆਂ ਨੈਸ਼ਨਲ ਸਕੂਲੀ ਖੇਡਾਂ ਚ ਹਿੱਸਾ ਲੈ ਕੇ ਛੋਟੀ ਉਮਰੇ ਵਿਚ ਵੱਡੀਆਂ ਮੱਲਾਂ ਮਾਰੀਆਂ : ਸਰਪੰਚ ਰਣਧੀਰ ਚਹਿਲ
ਮਨਜੀਤ ਸਿੰਘ ਢੱਲਾ
ਜੈਤੋ,29 ਦਸੰਬਰ 2024- ਤਹਿਸੀਲ ਜੈਤੋ ਦੇ ਪਿੰਡ (ਢੈਪਈ) ਜ਼ਿਲ੍ਹਾ ਫ਼ਰੀਦਕੋਟ ਵਿਖੇ ਪਿਤਾ ਸ੍ਰ.ਜਗਮੀਤ ਸਿੰਘ ਦਾਦਾ ਸ੍ਰ.ਨਾਇਬ ਸਿੰਘ ਦੇ ਗ੍ਰਹਿ ਵਿਖੇ ਜਨਮੀ ਧੀ ਜਸਨੂਰ ਕੌਰ ਸਿੱਧੂ ਨੇ 68ਵੀਂਆਂ ਨੈਸ਼ਨਲ ਸਕੂਲੀ ਖੇਡਾਂ ਦੌਰਾਨ ਨੈੱਟਬਾਲ ਖੇਡ ਵਿੱਚ ਕੁਰਬਾ ਛੱਤੀਸਗੜ੍ਹ ਵਿਖੇ ਹਿੱਸਾ ਲੈ ਕੇ ਛੋਟੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਹਨ। ਉਸ ਨੇ ਨਾ ਕੇਵਲ ਪਿੰਡ, ਜ਼ਿਲ੍ਹੇ ਜਾਂ ਇਲਾਕੇ ਦਾ ਸਿਰ ਉੱਚਾ ਚੁੱਕਿਆ ਹੈ ਸਗੋਂ ਸਮੁੱਚੇ ਪੰਜਾਬ ਦਾ ਨਾਂ ਰੌਸ਼ਨ ਵੀ ਕੀਤਾ ਹੈ। ਪਿਤਾ ਦੁਆਰਾ ਛੋਟੀ ਉਮਰੇ ਖੇਡਾਂ ਦੀ ਲਾਈ ਜਾਗ ਅਤੇ ਦਿੱਤੀ ਸਿਖਲਾਈ ਤਹਿਤ ਕੌਮੀ ਪੱਧਰ 'ਤੇ (ਅਧੀਨ-14) ਉਮਰ ਵਰਗ ਵਿੱਚ ਨੈੱਟਬਾਲ ਖੇਡ ਵਿੱਚ ਹਿੱਸਾ ਲੈ ਕੇ, ਦੂਸਰਾ ਸਥਾਨ ਹਾਸਲ ਕਰ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਜਸਨੂਰ ਪੜ੍ਹਾਈ ਅਤੇ ਖੇਡਾਂ ਦੋਵਾਂ ਵਿੱਚ ਹੀ ਅੱਵਲ ਦਰਜੇ ਦੀ ਰੁਚੀ ਰੱਖਦੀ ਹੈ ਕਿਉਂਕਿ ਪਰਿਵਾਰ ਵਿੱਚ ਤਾਇਆ ਜੀ ਸ੍ਰ.ਹਰਭਜਨ ਸਿੰਘ ਰਿਟਾਇਰਡ ਲੈਕਚਰਾਰ, ਪਿਤਾ ਸ੍ਰ.ਜਗਮੀਤ ਸਿੰਘ ਅਤੇ ਚਾਚਾ ਜੀ ਸ੍ਰ.ਗੁਰਜੀਤ ਸਿੰਘ ਬਤੌਰ ਸਰੀਰਕ ਸਿੱਖਿਆ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ, ਵੱਲੋਂ ਸਿਰਜਿਆ ਮਾਹੌਲ ਜਸਨੂਰ ਲਈ ਚੰਗੀਆਂ ਸੰਭਾਵਨਾਵਾਂ ਕਾਇਮ ਕਰ ਰਿਹਾ ਹੈ। ਜਸਨੂਰ ਨੇ ਪਿਛਲੇ ਸਾਲ ਵੀ ਨੈਸ਼ਨਲ ਪੱਧਰ 'ਤੇ ਖੇਡਾਂ ਵਿੱਚ ਸ਼ਿਰਕਤ ਕੀਤੀ ਸੀ। ਜਿਸ ਲਈ 15 ਅਗਸਤ,2024 ਨੂੰ ਐੱਸ.ਡੀ.ਐੱਮ. ਕੋਟਕਪੂਰਾ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਇਹ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਢੈਪਈ ਦੇ ਸਰਪੰਚ ਸ੍ਰ.ਰਣਧੀਰ ਸਿੰਘ ਚਹਿਲ ਅਤੇ ਹਾਜ਼ਰ ਪਤਵੰਤੇ ਸੱਜਣਾਂ ਵੱਲੋਂ ਪਰਿਵਾਰ ਅਤੇ ਬੱਚੀ ਨੂੰ ਵਧਾਈ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਉਚੇਰੀਆਂ ਪ੍ਰਾਪਤੀਆਂ ਹਾਸਲ ਕਰਨ ਦਾ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਤੋਂ ਇਲਾਵਾ ਪੱਤਰਕਾਰ ਮਨਜੀਤ ਸਿੰਘ ਢੱਲਾ ਜੈਤੋ ਵੱਲੋਂ ਖੇਡਾਂ ਵਿਚ ਅਵੱਲ ਆਪਣੇ ਤੇ ਬੇਟੀ ਜਸਨੂਰ ਕੌਰ ਵਧਾਈ ਦਿੱਤੀ।