ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ 3000 ਤੋਂ ਵੱਧ ਸੰਗਤਾਂ ਦੇ ਦਸਤਾਰਾਂ ਸਜਾਈਆਂ: ਯੂਥ ਅਕਾਲੀ ਦਲ ਪ੍ਰਧਾਨ
- ਸਾਡਾ ਉਦੇਸ਼ ਸਾਡੇ ਨੌਜਵਾਨਾਂ ਨੂੰ ਆਪਣੀਆਂ ਸਿੱਖ ਜੜ੍ਹਾਂ ਵੱਲ ਵਾਪਿਸ ਮੋੜਨ ਅਤੇ ਮਾਣ ਨਾਲ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਹੈ: ਸਰਬਜੀਤ ਸਿੰਘ ਝਿੰਜਰ
ਫ਼ਤਹਿਗੜ੍ਹ ਸਾਹਿਬ/ਚੰਡੀਗੜ੍ਹ, 26 ਦਸੰਬਰ, 2024: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਯੂਥ ਅਕਾਲੀ ਦਲ ਵੱਲੋਂ 2 ਰੋਜ਼ਾ 'ਮੇਰੀ ਦਸਤਾਰ, ਮੇਰੀ ਸ਼ਾਨ' ਦਸਤਾਰਾਂ ਦਾ ਲੰਗਰ ਲਗਾਇਆ ਗਿਆ, ਜੋ ਅੱਜ ਬਹੁਤ ਹੀ ਸਫ਼ਲ ਹੋਕੇ ਨਿਬੜਿਆ।
ਇਹ ਕੈਂਪ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਲਗਾਇਆ ਗਿਆ ਸੀ, ਜੋ ਕ੍ਰਮਵਾਰ 9 ਅਤੇ 6 ਸਾਲ ਦੀ ਬਾਲ ਉਮਰ ਵਿੱਚ ਆਪਣੇ ਧਰਮ ਦਾ ਤਿਆਗ ਕਰਨ ਤੋਂ ਇਨਕਾਰ ਕਰਕੇ ਸ਼ਹੀਦ ਹੋ ਗਏ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਮਾਤਾ ਗੁਜਰੀ ਜੀ ਨੇ ਵੀ ਆਪਣੇ ਪੋਤਰਿਆਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਬਹਾਦਰੀ, ਆਪਣੇ ਧਰਮ ਪ੍ਰਤੀ ਦ੍ਰਿੜਤਾ ਅਤੇ ਉਨ੍ਹਾਂ ਦਾ ਵਿਸ਼ਵਾਸ ਦੁਨੀਆ ਭਰ ਦੇ ਸਿੱਖਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ।
ਇਹ ਕੈਂਪ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਲਗਾਇਆ ਗਿਆ ਸੀ, ਜੋ ਸਿੱਖਾਂ ਲਈ ਇੱਕ ਪਵਿੱਤਰ ਸਥਾਨ ਹੈ ਕਿਉਂਕਿ ਇਸੇ ਸਥਾਨ ਉੱਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ।
ਇਸ ਕੈਂਪ ਵਿੱਚ 3000 ਤੋਂ ਵੱਧ ਸ਼ਰਧਾਲੂਆਂ, ਜਿਨ੍ਹਾਂ ਵਿੱਚ ਬੱਚੇ, ਔਰਤਾਂ ਅਤੇ ਹਰ ਵਰਗ ਦੇ ਨੌਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦੇ ਦਸਤਾਰਾਂ ਸਜਾਈਆਂ ਗਈਆਂ।
ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ "ਅਸੀਂ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਧਰਮ ਦੀ ਖ਼ਾਤਰ ਕੁਰਬਾਨੀ ਦਿੱਤੀ। ਉਨ੍ਹਾਂ ਦੀ ਸ਼ਹਾਦਤ ਅਤੇ ਬਹਾਦਰੀ ਸਾਡੇ ਸਿੱਖ ਕੌਮ ਦੀ ਸ਼ਰਧਾ ਦੀ ਚਮਕਦਾਰ ਉਦਾਹਰਣ ਹੈ, ਜੋ ਕਿ ਸਿੱਖੀ ਦਾ ਮੂਲ ਸਿਧਾਂਤ ਵੀ ਹੈ। ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਂਦੇ ਰਹਾਂਗੇ ਅਤੇ ਆਪਣੇ ਨੌਜਵਾਨਾਂ ਵਿਚ ਸਿੱਖ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਰਹਾਂਗੇ।"
2 ਰੋਜ਼ਾ 'ਦਸਤਾਰ ਦਾ ਲੰਗਰ' (ਮੁਫ਼ਤ ਦਸਤਾਰ ਬੰਨ੍ਹਣ ਕੈਂਪ) ਬਾਰੇ ਗੱਲ ਕਰਦਿਆਂ ਝਿੰਜਰ ਨੇ ਕਿਹਾ, "ਸਾਡਾ ਉਦੇਸ਼ ਸਾਡੇ ਨੌਜਵਾਨਾਂ ਨੂੰ ਆਪਣੀਆਂ ਸਿੱਖ ਜੜ੍ਹਾਂ ਵੱਲ ਮੁੜਨ ਅਤੇ ਮਾਣ ਨਾਲ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਹੈ।"
ਉਨ੍ਹਾਂ ਅੱਗੇ ਕਿਹਾ, "ਅਸੀਂ ਸਿੱਖ ਕੌਮ ਦੇ ਅਮੀਰ ਇਤਿਹਾਸ ਅਤੇ ਵਿਰਸੇ ਨੂੰ ਸੰਭਾਲਣ ਲਈ ਵਚਨਬੱਧ ਹਾਂ ਅਤੇ ਅਸੀਂ ਸਿੱਖ ਸਵੈਮਾਣ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੇ ਰਹਾਂਗੇ।"
ਝਿੰਜਰ ਨੇ ਕਿਹਾ, "ਇਸ ਕੈਂਪ ਵਿੱਚ ਸਾਡੀਆਂ ਲੜਕੀਆਂ ਅਤੇ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਭਾਗ ਲੈਂਦਿਆਂ ਅਤੇ ਦਸਤਾਰਾਂ ਬੰਨ੍ਹਦੇ ਹੋਏ ਦੇਖਣਾ ਵੀ ਖੁਸ਼ੀ ਦੀ ਗੱਲ ਹੈ।" "ਅਸੀਂ ਉਮੀਦ ਕਰਦੇ ਹਾਂ ਕਿ ਇਹ ਲੜਕੀਆਂ ਵੀ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਪਾਲਣਾ ਕਰਨਗੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੇ ਗਏ ਕੌਰ ਨਾਮ 'ਤੇ ਖਰੀ ਰਹਿਣਗੀਆਂ।"
ਝਿੰਜਰ ਨੇ ਅੱਗੇ ਕਿਹਾ, "ਅਸੀਂ ਆਪਣੇ ਨੌਜਵਾਨਾਂ ਨੂੰ ਟੋਪੀਆਂ ਤੋਂ ਪਰਹੇਜ਼ ਕਰਨ ਅਤੇ ਪੱਗੜੀ ਪਹਿਨਣ ਲਈ ਉਤਸ਼ਾਹਿਤ ਕਰਨ ਲਈ ਇੱਕ ਸੁਚੇਤ ਯਤਨ ਵੀ ਕਰ ਰਹੇ ਹਾਂ, ਖਾਸ ਕਰਕੇ ਇਨ੍ਹਾਂ ਧਾਰਮਿਕ ਦਿਨਾਂ 'ਤੇ," ਝਿੰਜਰ ਨੇ ਅੱਗੇ ਕਿਹਾ।
"ਸਾਡਾ ਵਿਸ਼ਵਾਸ ਹੈ ਕਿ ਸਾਡੇ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਅਤੇ ਸਾਡੇ ਅਮੀਰ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਕੇ, ਅਸੀਂ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਵਿੱਚ ਵਾਪਸ ਆਉਣ ਅਤੇ ਮਾਣ ਨਾਲ ਸਿੱਖ ਧਰਮ ਨੂੰ ਅਪਣਾਉਣ ਲਈ ਪ੍ਰੇਰਿਤ ਕਰ ਸਕਦੇ ਹਾਂ।"
ਝਿੰਝਰ ਨੇ ਸਮੁੱਚੀ ਯੂਥ ਅਕਾਲੀ ਦਲ ਟੀਮ ਅਤੇ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਇਕਾਈ ਦਾ 2 ਰੋਜ਼ਾ ਕੈਂਪ ਨੂੰ ਸ਼ਾਨਦਾਰ ਢੰਗ ਨਾਲ ਸਫਲ ਬਣਾਉਣ ਲਈ ਕੀਤੇ ਅਣਥੱਕ ਯਤਨਾਂ ਲਈ ਧੰਨਵਾਦ ਵੀ ਕੀਤਾ। "ਇਹ ਇੱਕ ਪੂਰੀ ਟੀਮ ਦੀ ਕੋਸ਼ਿਸ਼ ਸੀ, ਅਤੇ ਅਸੀਂ ਹਰ ਇੱਕ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਕੈਂਪ ਦੀ ਸਫਲਤਾ ਵਿੱਚ ਯੋਗਦਾਨ ਪਾਇਆ," ਉਨ੍ਹਾਂ ਨੇ ਕਿਹਾ।
"ਮੇਰੀ ਦਸਤਾਰ, ਮੇਰੀ ਸ਼ਾਨ" ਪਹਿਲਕਦਮੀ ਦਾ ਉਦੇਸ਼ ਸਿੱਖ ਮਾਣ, ਵਿਰਾਸਤ ਅਤੇ ਭਾਈਚਾਰੇ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ। ਯੂਥ ਅਕਾਲੀ ਦਲ ਲਗਾਤਾਰ ਪੰਜਾਬ ਭਰ ਵਿੱਚ ਅਜਿਹੇ ਸਮਾਗਮ ਕਰਵਾ ਕੇ ਸਿੱਖ ਪਛਾਣ ਅਤੇ ਸਮਾਜ ਸੇਵਾ ਨੂੰ ਅੱਗੇ ਵਧਾ ਰਿਹਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਦਰਬਾਰਾ ਸਿੰਘ ਗੁਰੂ, ਸਰਨਜੀਤ ਸਿੰਘ ਚਨਾਰਥਲ, ਮਨਮੋਹਨ ਸਿੰਘ ਮਕਾਰੋਂਪੁਰ, ਬਲਜੀਤ ਸਿੰਘ ਭੁੱਟਾ, ਮੈਂਬਰ ਐਸ.ਜੀ.ਪੀ.ਸੀ ਸੁਰਜੀਤ ਸਿੰਘ ਗੜ੍ਹੀ, ਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਰਿਆ, ਹਰਪ੍ਰੀਤ ਸਿੰਘ, ਮਨਦੀਪ ਸਿੰਘ ਪਨੇਚਾਂ, ਸਰਬਜੀਤ ਸਿੰਘ ਲਾਡੀ, ਪਰਮਿੰਦਰ ਸਿੰਘ ਸੋਮਲ, ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਰਣਦੀਪ ਸਿੰਘ ਢਿਲਵਾਂ, ਇੰਦਰਜੀਤ ਸਿੰਘ ਕੰਗ, ਚਿਤਬੀਰ ਸਿੰਘ ਜ਼ੀਰਾ, ਦੇਵਾਸ਼ੀਸ਼ ਮਲਿਕ, ਹਰਜੋਤ ਸਿੰਘ ਡੇਮਰੂ, ਅਜਮੇਰ ਸਿੰਘ ਖੇੜਾ ਆਦਿ ਸ਼ਾਮਲ ਸਨ।