ਡਿਪਟੀ ਕਮਿਸ਼ਨਰ ਵਲੋਂ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ
- ਜ਼ਿਲ੍ਹਾ ਪ੍ਰਸ਼ਾਸਨ ਨੇ ਸਪੈਸ਼ਲ ਸਕੂਲ, ਜਹਾਨ ਖੇਲਾਂ ਵਿਖੇ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਇਆ
ਹੁਸ਼ਿਆਰਪੁਰ, 26 ਦਸੰਬਰ 2024: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੇ.ਐਸ.ਐਸ ਆਸ਼ਾ ਦੀਪ ਵੈਲਫੇਅਰ ਸੁਸਾਇਟੀ ਸਪੈਸ਼ਲ ਸਕੂਲ, ਜਹਾਨ ਖੇਲਾਂ ਵਿਖੇ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਇਆ ਗਿਆ ਜਿਥੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ, ਸਹੂਲਤਾਂ ਅਤੇ ਲੋੜੀਂਦੀਆਂ ਸੇਵਾਵਾਂ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਦਿਵਿਆਂਗ ਵਿਅਕਤੀਆਂ ਦੀ ਹਰ ਸੰਭਵ ਮਦਦ ਹੋ ਸਕੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਦਾ ਸਹਿਯੋਗ ਕਰਨਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਸ ਨੂੰ ਪੂਰੀ ਹਮਦਰਦੀ ਅਤੇ ਸੁਹਿਰਦ ਭਾਵਨਾ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸਮੇਂ-ਸਮੇਂ ’ਤੇ ਦਿਵਿਆਂਗ ਵਿਅਕਤੀਆਂ ਦੀ ਲੋੜੀਂਦੀ ਮਦਦ ਲਈ ਤਤਪਰ ਰਹਿੰਦੀ ਹੈ ਅਤੇ ਇਨ੍ਹਾਂ ਵਿਅਕਤੀਆਂ ਲਈ ਲੋੜੀਂਦੇ ਲਾਭ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਉਣ ਦਾ ਮਕਸਦ ਦਿਵਿਆਂਗ ਵਿਅਕਤੀਆਂ ਲਈ ਭਲਾਈ ਸਕੀਮਾਂ, ਸਰਕਾਰੀ ਦਫ਼ਤਰਾਂ ਵਿਚ ਸਹੂਲਤਾਂ ਅਤੇ ਸਰਕਾਰ ਵਲੋਂ ਸਮੇਂ-ਸਮੇਂ ’ਤੇ ਦਿੱਤੇ ਜਾਂਦੇ ਲਾਭ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਕੇ ਵੱਧ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਇਨ੍ਹਾਂ ਬਾਰੇ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਉਲੀਕਦਾ ਰਹੇਗਾ ਤਾਂ ਜੋ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਸਕਣ।
ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਨੇ 7 ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ ਅਤੇ ਕੰਬਲ ਵੀ ਵੰਡੇ। ਜੇ.ਐਸ.ਐਸ ਆਸ਼ਾ ਦੀਪ ਵੈਲਫੇਅਰ ਸੁਸਾਇਟੀ ਸਪੈਸ਼ਲ ਸਕੂਲ, ਜਹਾਨ ਖੇਲਾਂ, ਆਸ਼ਾ ਕਿਰਨ ਪਿੰਗਲਵਾੜਾ ਸਪੈਸ਼ਲ ਸਕੂਲ, ਕੱਕੋਂ ਅਤੇ ਬਾਹੋਵਾਲ ਸਕੂਲ ਦੇ ਦਿਵਿਆਂਗ ਵਿਦਿਆਰਥੀਆਂ ਵਲੋਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ, ਸਕੱਤਰ ਰੈਡ ਕਰਾਸ ਮੰਗੇਸ਼ ਸੂਦ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਰਵਿੰਦਰ ਕੌਰ, ਦਯਾ ਰਾਣੀ, ਸਟੇਟ ਐਵਾਰਡੀ ਜਰਨੈਲ ਸਿੰਘ ਧੀਰ, ਕੁਲਦੀਪ ਸਿੰਘ, ਸੰਦੀਪ ਸ਼ਰਮਾ, ਅਤਰ ਸਿੰਘ ਆਦਿ ਵੀ ਮੌਜੂਦ ਸਨ।