ਹੁਣ ਰੜਕਾਂ ਨਹੀਂ ਕੱਢਦਾ ਸਿਆਸੀ ਚੌਧਰ ਦਾ ਪ੍ਰਤੀਕ ਖੂੰਡਾ
ਅਸ਼ੋਕ ਵਰਮਾ
ਬਠਿੰਡਾ, 11ਦਸੰਬਰ 2024: ਪੇਂਡੂ ਪੰਜਾਬ ’ਚ ਸਿਆਸੀ ਚੌਧਰ ਦਾ ਪ੍ਰਤੀਕ ਮੰਨਿਆ ਜਾਂਦਾ ‘ਅਸਲੀ ਖੂੰਡਾ’ ਵਕਤ ਦੀ ਗਰਦਿਸ਼ ਅਤੇ ਪਾਬੰਦੀਆਂ ਦੀ ਮਾਰ ਕਾਰਨ ਲੱਗਭਗ ਗਾਇਬ ਜਿਹਾ ਹੋ ਗਿਆ ਹੈ। ਪੁਰਾਤਨ ਵੇਲਿਆਂ ’ਚ ਅਸਲੀ ਖੂੰਡਾ ਹੁੰਦਾ ਸੀ ਉਹ ਹੁਣ ਕਿਧਰੇ ਨਹੀਂ ਲੱਭਦਾ ਹੈ। ਇਹ ਅਲਹਿਦਾ ਗੱਲ ਹੈ ਕਿ ਵਿਰਾਸਤ ਸਾਂਭਣ ਦੇ ਟਾਂਵੇਂ ਟੱਲੇ ਸ਼ੌਕੀਨਾਂ ਨੇ ਪਹਿਲਾਂ ਵਾਲੇ ਖੂੰਡੇ ਅਫੀਮ ਦੀ ਡੱਬੀ ਵਾਂਗ ਸੰਭਾਲੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਸਲ ਖੂੰਡਾ ਬਾਂਸ ਦੀ ਜੜ ਤੋਂ ਬਣਦਾ ਹੈ ਜਿਸ ਨੂੰ ਪੱਟਣ ਤੇ ਲਾਈ ਪਾਬੰਦੀ ਖੂੰਡੇ ਨੂੰ ਪੇਂਡੂ ਵਿਰਾਸਤ ਚੋ ਮਨਫੀ ਕਰਨ ਵਾਲੀ ਸਾਬਤ ਹੋਈ ਹੈ। ਹੁਣ ਤਾਂ ਨੁਮਾਇਸ਼ਾਂ ਵਿੱਚ ਵੀ ਨਕਲੀ ਖੂੰਡੇ ਦੀ ਸਰਦਾਰੀ ਬਣੀ ਹੋਈ ਹੈ। ਸ਼ੌਕੀਨ ਲੋਕ ਤਾਂ ਹੁਣ ਵੀ ਅਸਲੀ ਖੂੰਡੇ ਦੀ ਤਲਾਸ਼ ’ਚ ਰਹਿੰਦੇ ਹਨ ਜੋ ਕਾਫੀ ਦੁਰਲੱਭ ਹੈ। ਅਸਲੀ ਖੂੰਡਾ 6 ਫੁੱਟ ਤੋਂ ਜਿਆਦਾ ਲੰਬਾ ਹੁੰਦਾ ਸੀ ਜਿਸ ਦੇ ਹੇਠਲੇ ਹਿੱਸੇ ਦੀ ਹਰ ਪੋਰੀ ਤੇ ਬੰਦ ਮੜ੍ਹੇ ਹੁੰਦੇ ਸਨ।
ਪਿੱਤਲ ਦੇ ਕੋਕਿਆਂ ਅਤੇ ਪੱਤੀਆਂ ਨਾਲ ਸਜ਼ਾਉਣ ਕਰਕੇ ਪਿੱਤਲ ਦੀ ਚਮਕ ਖੂੰਡੇ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੀ ਸੀ। ਪਿੰਡਾਂ ਵਿੱਚ ਤਾਂ ਅਜੇ ਵੀ ਕਈ ਅਜਿਹੇ ਪ੍ਰੀਵਾਰ ਹਨ ਜਿੰਨ੍ਹਾਂ ਨੇ ਬਜ਼ੁਰਗਾਂ ਦੇ ਅਸਲੀ ਖੂੰਡਿਆਂ ਨੂੰ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਜਾਣਕਾਰੀ ਮੁਤਾਬਕ ਆਮ ਕਿਸਮ ਦਾ ਖੂੰਡਾ 250 ਤੋਂ 6-7 ਸੌ ਰੁਪਏ ’ਚ ਵਿਕਦਾ ਹੈ ਜਦੋਂ ਕਿ ਅਸਲੀ ਖੂੰਡੇ ਦੀ ਕੀਮਤ 2500 ਤੱਕ ਚਲੀ ਗਈ ਹੈ। ਪਤਾ ਲੱਗਿਆ ਹੈ ਕਿ ਅਸਲੀ ਖੂੰਡਾ ਅੰਬਾਲੇ ਵਗੈਰਾ ਕਈ ਸ਼ਹਿਰਾਂ ਤੋਂ ਮਿਲ ਜਾਂਦਾ ਹੈ ਜਿਸ ਦੀ ਵੱਡੀ ਕੀਮਤ ਤਾਰਨੀ ਪੈਂਦੀ ਹੈ। ਇਸ ਕਰਕੇ ਬਹੁਤੇ ਸ਼ੌਕੀਨਾਂ ਦੀ ਚਾਹਤ ਬਜ਼ਾਰੂ ਖੂੰਡਿਆਂ ਤੱਕ ਹੀ ਸੀਮਤ ਹੋਕੇ ਰਹਿ ਜਾਂਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕੱਚਾ ਬਾਂਸ ਬਿਹਾਰ,ਅਸਾਮ ਤੇ ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ ਜਿਸ ਨੂੰ ਭੱਠੀਆਂ ’ਚ ਪਾਕੇ ਸਿੱਧਾ ਕੀਤਾ ਜਾਂਦਾ ਹੈ। ਸਾਫ ਸਫਾਈ ਕਰਕੇ ਇਸ ਬਾਂਸ ਦੀ ਦਿੱਖ ਸੁੰਦਰ ਬਨਾਉਣ ਤੋਂ ਬਾਅਦ ਅੱਗੇ ਸਪਲਾਈ ਹੁੰਦੀ ਹੈ।
ਖੂੰਡਾ ਕਾਰੋਬਾਰ ਨਾਲ ਜੁੜੇ ਇੱਕ ਕਾਰੋਬਾਰੀ ਦੱਸਿਆ ਕਿ ਅਸਲੀ ਖੂੰਡਾ ਲੱਠ ਵਰਗੇ ਪਾਏਦਾਰ ਬਾਂਸ ਨਾਲ ਬਣਦਾ ਹੈ ਜਿਸ ਦੀ ਜੜ 6ਤੋਂ 15 ਸੁਕੇਅਰ ਇੰਚ ਹੁੰਦੀ ਹੈ। ਇਸ ਜੜ ਚੋਂ ਹੀ ਅਸਲੀ ਖੂੰਡੇ ਦੀ ‘ਖੁੰਡ’ ਭਾਵ ਗੋਲਾਈ ਬਣਦੀ ਹੈ। ਉਨ੍ਹਾਂ ਦੱਸਿਆ ਕਿ ਜੜ ਦੀ ਅਣਹੋਂਦ ਕਾਰਨ ਬਾਂਸ ਤੇ ਪਲਾਸਟਿਕ ਦੀ ਨਕਲੀ ਖੁੰਡ ਲਗਾਉਣੀ ਪੈਂਦੀ ਹੈ ਜੋ ਕਿ ਬੇਸ਼ੱਕ ਮਜਬੂਤ ਤਾਂ ਹੁੰਦੀ ਹੈ ਪਰ ਅਸਲੀ ਦੀ ਇਹ ਰਤਾ ਵੀ ਬਰਾਬਰੀ ਨਹੀਂ ਕਰਦੀ । ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਾਂਸ ਦੀ ਪੈਦਾਵਾਰ ਵਧਾਉਣ ਅਤੇ ਇਸ ਦੇ ਖਾਤਮੇ ਨੂੰ ਰੋਕਣ ਲਈ ਲਾਈ ਰੋਕ ਤੋਂ ਬਾਅਦ ਹੁਣ ਵਪਾਰੀ ਚੋਰੀ ਛਿੱਪਿਓਂ ਥੋੜ੍ਹੀ ਬਹੁਤੀ ਮਾਤਰਾ ’ਚ ਜੜ ਵਾਲਾ ਬਾਂਸ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਰਕੇ ਅਸਲੀ ਖੂੰਡਾ ਮਿਲਣ ਦੀ ਗੁੰਜਾਇਸ਼ ਬਚੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਖੂੰਡਿਆਂ ਦੇ ਕੋਕੇ ਲਵਾਉਣ ਦਾ ਚਾਹਵਾਨ ਨਹੀਂ ਰਹੇ ਕਿਉਂਕਿ ਪਿੱਤਲ ਦੇ ਹੋਣ ਕਰਕੇ ਇਹ ਕਾਫੀ ਮਹਿੰਗੇ ਪੈਣ ਲੱਗੇ ਹਨ।
ਮੰਜੇ ਪੌੜੀਆਂ ਜੋਗਾ ਰਿਹਾ ਬਾਂਸ
ਬਾਂਸ ਵਪਾਰੀ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਪਿੰਡਾਂ ਚੋਂ ਹੁਣ ਟਾਵੇਂ ਟੱਲੇ ਲੋਕ ਹੀ ਅਸਲੀ ਖੂੰਡੇ ਦੀ ਤਲਾਸ਼ ’ਚ ਆਊਂਦੇ ਹਨ। ਉਨ੍ਹਾਂ ਦੱਸਿਆ ਕਿ ਵਕਤ ਚ ਤਬਦੀਲੀ ਕਰਕੇ ਉਂਜ ਵੀ ਖੂੰਡਿਆਂ ਦੀ ਵਿੱਕਰੀ ਨਹੀਂ ਰਹੀ ਜਦੋਂਕਿ ਕਈ ਸਾਲ ਪਹਿਲਾਂ ਤੱਕ ਮੁਕਤਸਰ ਦੇ ਮੇਲੇ ’ਚ ਵੱਡੀ ਪੱਧਰ ਤੇ ਖੂੰਡਾ ਵਿਕਦਾ ਸੀ। ਉਨ੍ਹਾਂ ਦੱਸਿਆ ਕਿ ਬਾਂਸ ਕੇਵਲ ਮੰਜਾ,ਪੌੜੀ ਅਤੇ ਪੈੜ ਦੇ ਹੀ ਕੰਮ ਆਉਂਦਾ ਹੈ। ਉਸ ਚੋਂ ਵੀ ਜਿਆਦਾਤਰ ਨੂੰ ਲੋਹੇ ਦੀਆਂ ਪੈੜਾਂ ਨੇ ਸੰਨ੍ਹ ਲਾ ਲਈ ਹੈ।
ਭੰਗੜੇ ਦਾ ਸ਼ਿੰਗਾਰ ਰਹਿ ਗਿਆ ਖੂੰਡਾ
ਬਾਂਸ ਦੇ ਪੁਰਾਣੇ ਵਪਾਰੀ ਰਾਮ ਲਾਲ ਨੇ ਦੱਸਿਆ ਕਿ ਅਸਲੀ ਦੀ ਥਾਂ ਨਕਲੀ ਖੂੰਡੇ ਹੁਣ ਨੁਮਾਇਸ਼ਾਂ ਤੋਂ ਇਲਾਵਾ ਭੰਗੜਾ ਕਲਾਕਾਰਾਂ ਜੋਗੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਧਨੌਲੇ ਦਾ ਅਸਲੀ ਖੂੰਡਾ ਵੀ ਮਸ਼ਹੂਰ ਸੀ ਪਰ ਹੁਣ ਤਾਂ ਉੱਥੇ ਵੀ ਨਹੀਂ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਿਮਾਚਲ ’ਚ ਬਣੀਆਂ ਕੁੱਝ ਨੀਤੀਆਂ ਕਾਰਨ ਤਾਂ ਬਾਂਸ ਵਪਾਰ ’ਚ ਵੀ ਖੜੋਤ ਆ ਗਈ ਸੀ ਜੋ ਮੁੜ ਨਹੀਂ ਟੁੱਟੀ ਜਿਸ ਦੇ ਚਲਦਿਆਂ ਬਾਂਸ ਦੀਆਂ ਦੁਕਾਨਾਂ ਗਿਣਤੀ ਦੀਆਂ ਹੀ ਰਹਿ ਗਈਆਂ ਹਨ।
ਚੌਧਰ ਦਾ ਪ੍ਰਤੀਕ ਸੀ ਖੂੰਡਾ
ਪੰਜਾਬੀ ਸਾਹਿਤ ਸਭਾ ਦੇ ਆਗੂ ਲੇਖਕ ਅਮਨ ਦਾਤੇਵਾਸੀਅ ਦਾ ਕਹਿਣਾ ਸੀ ਕਿ ਪੇਂਡੂ ਸੱਭਿਆਚਾਰ ’ਚ ਖੂੰਡਾ ਚੌਧਰ ਅਤੇ ਤਾਕਤ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਲਿਆਂ ਆਦਿ ’ਚ ਚੌਧਰੀ ਤੇ ਹੋਰ ਸ਼ੌਕੀਨ ਲੋਕ ਹੱਥ ਵਿੱਚ ਖੂੰਡਾ ਫੜ ਕੇ ਲਿਜਾਂਦੇ ਸਨ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਪ੍ਰਭਾਵ ਨੇ ਖੂੰਡੇ ਨੂੰ ਖੂੰਜੇ ਲਾ ਦਿੱਤਾ ਹੈ ਅਤੇ ਅਸਲੀ ਖੂੰਡਾ ਹੁਣ ਕਿਤੇ ਮਿਲਦਾ ਵੀ ਨਹੀਂ ਹੈ। ਦਾਤੇਵਾਸੀਆ ਨੇ ਕਿਹਾ ਕਿ ਅਸਲੀ ਖੂੰਡੇ ਦੇ ਗਾਇਬ ਹੋਣ ਦਾ ਮਤਲਬ ਵਿਰਾਸਤ ਨੂੰ ਵੱਡਾ ਖੋਰਾ ਲੱਗਣਾ ਕਿਹਾ ਜਾ ਸਕਦਾ ਹੈ।
ਲੀਡਰਾਂ ਦੇ ਖੂੰਡੇ ਵੀ ਚਰਚਿਤ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਸਰ ਆਪਣੀਆਂ ਸਟੇਜਾਂ ਤੋਂ ਖੂੰਡੇ ਦੇ ਜਿਕਰ ਕਰਦੇ ਸਨ। ਇਹ ਵੱਖਰੀ ਗੱਲ ਹੈ ਕਿ ਜਿੰਨ੍ਹਾਂ ਖਿਲਾਫ ਉਹ ਖੂੰਡਾ ਚਲਾਉਣ ਦੀ ਗੱਲ ਕਰਦੇ ਸਨ ਪਰ ਉਨ੍ਹਾਂ ਵਿਰੁੱਧ ਕਦੇ ਚੱਲਿਆ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਖੂੰਡਾ ਦਿਖਾਉਣ ਦੀ ਕਾਫੀ ਚੁੰਝ ਚਰਚਾ ਹੋਈ ਸੀ। ਕਈ ਅਜਿਹੇ ਸਿਆਸੀ ਆਗੂ ਵੀ ਹਨ ਜਿੰਨ੍ਹਾਂ ਨੇ ਵਿਰਾਸਤ ਵਜੋਂ ਘਰਾਂ ’ਚ ਖੂੰਡੇ ਸੰਭਾਲ ਕੇ ਰੱਖੇ ਹੋਏ ਹਨ ਪਰ ਉਨ੍ਹਾਂ ਨੇ ਕਦੇ ਜਨਤਕ ਨੁਮਾਇਸ਼ ਨਹੀਂ ਕੀਤੀ ਹੈ।