ਐੱਮਪੀ ਸਤਨਾਮ ਸਿੰਘ ਸੰਧੂ ਨੇ ਰਚਿਆ ਇਤਿਹਾਸ; ਪੋਪ ਫ੍ਰਾਂਸਿਸ ਦੁਆਰਾ ਭਾਰਤੀ ਕੈਥੋਲਿਕ ਪਾਦਰੀ ਜਾਰਜ ਜੈਕਬ ਕੂਵਾਕਡ ਦੇ ਕਾਰਡੀਨਲ ਵਜੋਂ ਨਿਯੁਕਤੀ ਸਮਾਗਮ ਦਾ ਹਿੱਸਾ ਬਣਨ ਵਾਲੇ ਪਹਿਲੇ ਭਾਰਤੀ ਸਿੱਖ ਸੰਸਦ ਮੈਂਬਰ ਬਣੇ
ਵੈਟੀਕਨ ਸਿਟੀ ਦੇ ਆਰਚਬਿਸ਼ਪਾਂ ਨੇ ਜਾਰਜ ਜੈਕਬ ਕੂਵਾਕਡ ਦੀ ਕਾਰਡੀਨਲ ਵਜੋਂ ਨਿਯੁਕਤੀ ਨੂੰ ਦੇਖਣ ਲਈ ਅਧਿਕਾਰਤ ਭਾਰਤੀ ਵਫ਼ਦ ਭੇਜਣ ਲਈ ਪੀਐੱਮ ਮੋਦੀ ਦਾ ਕੀਤਾ ਧੰਨਵਾਦ
ਭਾਰਤ ਦੇ ਬਹੁ-ਧਾਰਮਿਕ ਵਫ਼ਦ ਨੇ ਵੈਟੀਕਨ ਸਿਟੀ 'ਚ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ; ਪੋਪ ਫਰਾਂਸਿਸ ਨੇ ਭਾਰਤੀ ਵਫ਼ਦ ਨੂੰ ਮਿਲਣ 'ਤੇ ਖੁਸ਼ੀ ਦਾ ਕੀਤਾ ਪ੍ਰਗਟਾਵਾ
ਭਾਰਤੀ ਵਫ਼ਦ ਨੇ ਪੋਪ ਫਰਾਂਸਿਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ
ਭਾਰਤੀ ਵਫ਼ਦ ਨੇ ਫਾਦਰ ਕੂਵਾਕਡ ਨੂੰ ਸਿੱਧੇ ਤੌਰ 'ਤੇ ਕਾਰਡੀਨਲ ਚੁਣੇ ਜਾਣ ਵਾਲੇ ਭਾਰਤ ਦੇ ਪਹਿਲੇ ਵਿਅਕਤੀ ਬਣਨ 'ਤੇ ਦਿੱਤੀ ਵਧਾਈ
ਵੈਟੀਕਨ ਸਿਟੀ 'ਚ ਭਾਰਤ ਦੇ ਬਹੁ-ਧਾਰਮਿਕ ਵਫ਼ਦ ਨੇ ਪੀਐੱਮ ਮੋਦੀ ਦੀ ਅਗੁਵਾਈ ਵਾਲੇ ਭਾਰਤ 'ਚ ਏਕਤਾ, ਸਦਭਾਵਨਾ ਤੇ ਭਾਈਚਾਰੇ ਦਾ ਦਿੱਤਾ ਸੰਦੇਸ਼
ਭਾਰਤ ਦੇ ਬਹੁ-ਧਾਰਮਿਕ ਵਫ਼ਦ ਨੇ ਵੈਟੀਕਨ ਸਿਟੀ 'ਚ ਈਸਾਈ ਭਾਈਚਾਰੇ ਨੂੰ ਪਿਆਰ, ਸਨੇਹ ਤੇ ਭਾਈਚਾਰੇ ਦਾ ਪੀਐੱਮ ਮੋਦੀ ਦਾ ਦਿੱਤਾ ਸੰਦੇਸ਼
ਵੈਟੀਕਨ ਸਿਟੀ ਦੇ ਆਰਚਬਿਸ਼ਪਾਂ ਨੇ ਪੋਪ ਫਰਾਂਸਿਸ ਦੁਆਰਾ ਭਾਰਤੀ ਪਾਦਰੀ ਜਾਰਜ ਜੈਕਬ ਕੂਵਾਕਡ ਨੂੰ ਪਵਿੱਤਰ ਰੋਮਨ ਕੈਥੋਲਿਕ ਚਰਚ ਦੇ ਕਾਰਡੀਨਲ ਵਜੋਂ ਨਿਯੁਕਤ ਕਰਨ ਲਈ ਵੈਟੀਕਨ ਸਿਟੀ 'ਚ ਆਯੋਜਿਤ ਸ਼ਾਨਦਾਰ ਆਰਡੀਨੇਸ਼ਨ ਸਮਾਗਮ ਨੂੰ ਦੇਖਣ ਲਈ ਭਾਰਤ ਦੇ ਬਹੁ-ਧਾਰਮਿਕ ਵਫ਼ਦ ਨੂੰ ਭੇਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਭਾਰਤੀ ਵਫ਼ਦ ਦੇ ਸਿੱਖ ਸੱਦਸ, ਸੰਸਦ ਮੈਂਬਰ (ਰਾਜ ਸਭਾ) ਅਤੇ ਭਾਰਤੀ ਘੱਟ ਗਿਣਤੀ ਫੈਡਰੇਸ਼ਨ ਦੇ ਕਨਵੀਨਰ, ਸਤਨਾਮ ਸਿੰਘ ਸੰਧੂ, ਵੈਟੀਕਨ ਸਿਟੀ ਵਿਖੇ ਆਰਡੀਨੇਸ਼ਨ ਸਮਾਗਮ ਦੇ ਗਵਾਹ ਬਣਨ ਵਾਲੇ ਪਹਿਲੇ ਸਿੱਖ ਸੰਸਦ ਮੈਂਬਰ ਬਣੇ। ਸਮਾਗਮ 'ਚ ਪੋਪ ਫਰਾਂਸਿਸ ਨੇ ਸ਼ਨੀਵਾਰ ਨੂੰ ਸੇਂਟ ਪੀਟਰਸ ਬੇਸਿਲਿਕਾ ਵਿਖੇ ਆਰਚਬਿਸ਼ਪ ਕੂਵਾਕਡ ਸਣੇ 16 ਦੇਸ਼ਾਂ ਦੇ 21 ਨਵੇਂ ਕਾਰਡੀਨਲ ਬਣਾਏ।
ਭਾਰਤੀ ਵਫ਼ਦ ਜਿਸ 'ਚ ਕੇਂਦਰੀ ਘੱਟ-ਗਿਣਤੀ ਮਾਮਲਿਆਂ ਬਾਰੇ ਰਾਜ ਮੰਤਰੀ ਜਾਰਜ ਕੁਰੀਅਨ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ, ਸਾਬਕਾ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਕੋਡਿਕਕੁਨਿਲ ਸੁਰੇਸ਼, ਅਨਿਲ ਐਂਟਨੀ, ਅਨੂਪ ਐਂਟਨੀ ਅਤੇ ਟੌਮ ਵਡਾਕਨ ਸ਼ਾਮਲ ਰਹੇ ਅਤੇ ਵਫ਼ਦ ਨੇ ਆਰਡੀਨੇਸ਼ਨ ਸਮਾਗਮ ਤੋਂ ਬਾਅਦ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਪੋਪ ਫਰਾਂਸਿਸ ਨੇ ਆਰਡੀਨੇਸ਼ਨ ਸਮਾਗਮ 'ਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਮੌਜੂਦਗੀ 'ਤੇ ਖੁਸ਼ੀ ਪ੍ਰਗਟ ਕੀਤੀ।
ਵਫ਼ਦ ਨੇ ਪੋਪ ਫਰਾਂਸਿਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਸ਼ਾਂਤੀ ਅਤੇ ਤਰੱਕੀ ਲਈ ਹੋਰ ਪ੍ਰੇਰਣਾ ਦੇਣ ਲਈ ਜਲਦ ਹੀ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੀਐੱਮ ਮੋਦੀ ਦੀ ਅਗੁਵਾਈ 'ਚ ਦੇਸ਼ ਦੀ ਏਕਤਾ, ਭਾਈਚਾਰਾ ਅਤੇ ਏਕਤਾ ਦਾ ਸੰਦੇਸ਼ ਦਿੱਤਾ। ਵਫ਼ਦ ਨੇ ਵੈਟੀਕਨ ਸਿਟੀ ਵਿਖੇ ਈਸਾਈ ਭਾਈਚਾਰੇ ਨੂੰ ਪਿਆਰ, ਸਨੇਹ ਅਤੇ ਭਾਈਚਾਰੇ ਦਾ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਵੀ ਦਿੱਤਾ। ਵਫ਼ਦ ਨੇ ਫਾਦਰ ਕੂਵਾਕਡ (ਜੋ ਕੇਰਲਾ 'ਚ ਚਾਂਗਨਾਸੇਰੀ ਦੇ ਆਰਚਡਾਇਓਸੀਜ਼ ਨਾਲ ਸਬੰਧਤ ਹਨ) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬਿਸ਼ਪ ਬਣੇ ਬਿਨਾਂ ਕਾਰਡੀਨਲ ਦੇ ਵੱਕਾਰੀ ਅਹੁਦੇ ਲਈ ਸਿੱਧੇ ਤੌਰ 'ਤੇ ਚੁਣੇ ਗਏ ਭਾਰਤ ਦੇ ਪਹਿਲੇ ਵਿਅਕਤੀ ਬਣੇ ਜਾਣ 'ਤੇ ਵਧਾਈ ਦਿੱਤੀ।
ਭਾਰਤ ਤੋਂ ਛੇਵੇਂ ਕਾਰਡੀਨਲ ਬਣਨ ਲਈ ਦੇਸ਼ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਵਫ਼ਦ ਨੇ ਕਿਹਾ ਕਿ ਫਾਦਰ ਕੂਵਾਕਡ ਦਾ ਇਹ ਉੱਚਾ ਸਨਮਾਨ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਅਤੇ ਕੈਥੋਲਿਕ ਚਰਚ ਦੇ ਦਰਜੇਬੰਦੀ 'ਚ ਭਾਰਤੀ ਪ੍ਰਤੀਨਿਧਤਾ ਨੂੰ ਵੱਡਾ ਹੁਲਾਰਾ ਹੈ। ਜਾਰਜ ਜੈਕਬ ਕੂਵਾਕਡ ਦੀ ਕਾਰਡੀਨਲ ਵਜੋਂ ਨਿਯੁਕਤੀ ਦਾ ਜਸ਼ਨ ਮਨਾਉਂਦੇ ਹੋਏ, ਆਰਚਬਿਸ਼ਪ ਮਾਰ ਥਾਮਸ ਥਰੇਇਲ ਨੇ ਆਰਡੀਨੇਸ਼ਨ ਸਮਾਗਮ 'ਚ ਸ਼ਾਮਲ ਹੋਣ ਲਈ ਵੈਟੀਕਨ ਸਿਟੀ 'ਚ ਬਹੁ-ਵਿਸ਼ਵਾਸੀ ਵਫ਼ਦ ਭੇਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ, "ਸਾਡੇ ਸਾਰਿਆਂ ਤੇ ਖਾਸ ਤੌਰ 'ਤੇ ਭਾਰਤੀਆਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਸਾਡਾ ਜਾਰਜ ਜੈਕਬ ਕੂਵਾਕਡ ਵੈਟੀਕਨ ਸਿਟੀ 'ਚ ਕਾਰਡੀਨਲ ਬਣ ਗਿਆ ਹੈ। ਅਸੀਂ ਖੁਸ਼ ਹਾਂ ਅਤੇ ਭਾਰਤ ਸਰਕਾਰ ਦੇ ਧੰਨਵਾਦੀ ਹਾਂ ਅਤੇ ਇਸ ਸਮਾਗਮ 'ਚ ਹਿੱਸਾ ਲੈਣ ਲਈ ਭਾਰਤ ਸਰਕਾਰ ਦਾ ਇੱਕ ਅਧਿਕਾਰਤ ਵਫ਼ਦ ਭੇਜਣ ਲਈ ਮੈਂ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਾ ਹਾਂ। ਇਹ ਸਾਡੇ ਸਾਰਿਆਂ ਲਈ ਸਾਡੇ ਦੇਸ਼ ਦੀ ਏਕਤਾ ਅਤੇ ਧਰਮ ਨਿਰਪੱਖ ਸੁਭਾਅ ਦਾ ਜਸ਼ਨ ਮਨਾਉਣ ਦਾ ਵਧੀਆ ਮੌਕਾ ਹੈ।" ਇੱਕ ਹੋਰ ਆਰਚਬਿਸ਼ਪ ਨੇ ਕਿਹਾ, "ਮੈਂ ਭਾਰਤ ਤੋਂ ਇਹ ਵਫ਼ਦ ਭੇਜਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ ਅਤੇ ਅਸੀਂ ਸ਼ੁੱਭਕਾਮਨਾਵਾਂ ਦਿੰਦੇ ਹਾਂ।"
ਭਾਰਤੀ ਪਾਦਰੀ ਜਾਰਜ ਜੈਕਬ ਕੂਵਾਕਡ ਨੂੰ ਹੋਲੀ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਭਾਰਤ ਲਈ ਇਤਿਹਾਸਕ ਪਲ ਹੈ ਕਿਉਂਕਿ ਕੇਰਲਾ ਦੇ ਚਾਂਗਨਾਸੇਰੀ ਤੋਂ ਭਾਰਤੀ ਈਸਾਈ ਭਾਈਚਾਰੇ ਦਾ ਇੱਕ ਪ੍ਰਮੁੱਖ ਮੈਂਬਰ ਵੈਟੀਕਨ 'ਚ ਕਾਰਡੀਨਲ ਬਣ ਗਿਆ ਹੈ।
“ਸਿੱਖ ਭਾਈਚਾਰੇ ਦਾ ਸੱਦਸ ਹੋਣ ਦੇ ਨਾਤੇ, ਮੈਨੂੰ ਵੈਟੀਕਨ ਸਿਟੀ ਵਿਖੇ ਭਾਰਤ ਦੇ ਬਹੁ-ਧਾਰਮਿਕ ਵਫ਼ਦ ਦਾ ਹਿੱਸਾ ਬਣਨ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਵੈਟੀਕਨ ਸਿਟੀ 'ਚ ਇਸ ਵਿਸ਼ੇਸ਼ ਸਮਾਗਮ ਦਾ ਗਵਾਹ ਬਣਨ ਦਾ ਇਹ ਸਨਮਾਨ ਦਿੱਤਾ ਗਿਆ, ਜਿੱਥੇ ਆਰਚਬਿਸ਼ਪ ਜਾਰਜ ਕੂਵਾਕਡ ਨੂੰ ਕਾਰਡੀਨਲ ਬਣਾਇਆ ਗਿਆ।" ਸੰਧੂ ਨੇ ਕਿਹਾ ਕਿ ਇਹ ਭਾਰਤ ਅਤੇ ਦੇਸ਼ ਦੇ ਈਸਾਈ ਭਾਈਚਾਰੇ ਲਈ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਉੱਘੇ ਜਾਰਜ ਜੈਕਬ ਕੂਵਾਕਡ ਨੂੰ ਹੋਲੀ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਇਸ ਇਤਿਹਾਸਕ ਸਮਾਗਮ ਲਈ ਵੈਟੀਕਨ ਸਿਟੀ 'ਚ ਬਹੁ-ਧਾਰਮਿਕ ਵਫ਼ਦ ਭੇਜਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਰਾਜ ਸਭਾ ਮੈਂਬਰ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ ਈਸਾਈ ਸਿੱਖਿਆਵਾਂ ਦਾ ਪਾਲਣ ਕੀਤਾ ਹੈ ਅਤੇ ਦੇਸ਼ 'ਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਏ ਰੱਖਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੇਂਦਰ ਸਰਕਾਰ ਨੇ ਵੈਟੀਕਨ ਸਿਟੀ ਵਿਖੇ ਇਸ ਸਮਾਰੋਹ ਨੂੰ ਦੇਖਣ ਲਈ ਬਹੁ-ਧਾਰਮਿਕ ਵਫ਼ਦ ਭੇਜਿਆ ਜੋ ਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਭਾਰਤ 'ਚ ਘੱਟ ਗਿਣਤੀ ਭਾਈਚਾਰਿਆਂ ਲਈ ਪ੍ਰਧਾਨ ਮੰਤਰੀ ਮੋਦੀ ਦੇ ਸਤਿਕਾਰ ਅਤੇ ਸਮਰਥਨ ਨੂੰ ਦਰਸਾਉਂਦਾ ਹੈ। ਸਾਡੇ ਵਫ਼ਦ ਨੇ ਵੈਟੀਕਨ ਸਿਟੀ ਵਿਖੇ ਭਾਰਤ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਅਤੇ ਕਾਰਡੀਨਲ ਕੂਵਾਕਡ ਨੂੰ ਦੇਸ਼ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਪ੍ਰਤੀਨਿਧੀ ਮੰਡਲ ਨੇ ਭਾਰਤੀ ਲੋਕਾਂ ਦੀ ਏਕਤਾ ਅਤੇ ਸਮਾਵੇਸ਼ ਨੂੰ ਪ੍ਰਤੀਬਿੰਬਤ ਕੀਤਾ, ਕਿਉਂਕਿ ਇਹ ਸਾਰੇ ਭਾਰਤੀਆਂ ਦੀ ਨੁਮਾਇੰਦਗੀ ਕਰਦਾ ਹੈ, ਚਾਹੇ ਕੋਈ ਵੀ ਧਰਮ ਹੋਵੇ।
ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਮੋਦੀ ਧਰਮ ਨਿਰਪੱਖਤਾ ਪ੍ਰਤੀ ਸਾਡੀ ਸੰਵਿਧਾਨਕ ਵਚਨਬੱਧਤਾ ਦੇ ਪ੍ਰਤੀਕ ਹਨ ਅਤੇ ਉਨ੍ਹਾਂ ਨੇ ਸਾਰੇ ਭਾਈਚਾਰਿਆਂ ਲਈ ਫਿਰਕੂ ਸਦਭਾਵਨਾ 'ਚ ਰਹਿਣ ਲਈ ਸ਼ਾਂਤੀਪੂਰਨ ਸਹਿ-ਹੋਂਦ ਦਾ ਮਾਹੌਲ ਬਣਾਇਆ ਹੈ ਅਤੇ ਦੇਸ਼ ਪਹਿਲਾਂ ਵਾਂਗ ਏਕਤਾ 'ਚ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਘੱਟ ਗਿਣਤੀਆਂ ਲਈ ਸੁਰੱਖਿਅਤ ਪਨਾਹਗਾਹ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ, ਸਾਰੇ ਭਾਈਚਾਰਿਆਂ ਨੇ ਬਰਾਬਰ ਅਤੇ ਸੰਮਿਲਿਤ ਤੌਰ 'ਤੇ ਵਿਕਾਸ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਨੇ ਵਿਸ਼ਵ-ਵਿਆਪੀ ਭਾਈਚਾਰੇ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਵੀ ਦਿੱਤਾ ਹੈ।
ਰਾਜ ਸਭਾ ਮੈਂਬਰ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ 10 ਸਾਲਾਂ 'ਚ ਦੋ ਵਾਰ ਪੋਪ ਫਰਾਂਸਿਸ ਨੂੰ ਮਿਲਣ ਵਾਲੇ ਭਾਰਤ ਦੇ ਇੱਕਲੌਤੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਨੇ ਦੇਸ਼ 'ਚ ਅੰਤਰ-ਧਾਰਮਿਕ ਸਹਿਯੋਗ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਧਾਰਮਿਕ ਵਿਸ਼ਵਾਸਾਂ ਅਤੇ ਸੱਭਿਆਚਾਰਾਂ ਦਾ ਬਰਾਬਰ ਸਤਿਕਾਰ ਕੀਤਾ ਹੈ।