ਚੰਡੀਗੜ੍ਹ ਦੇ ਬੁੱਧੀਜੀਵੀਆਂ ਨੇ ਮਾਰਿਆ ਬੰਗਲਾਦੇਸ਼ ਦੇ ਪੀੜਤ ਹਿੰਦੂਆਂ ਦੇ ਹੱਕ 'ਚ ਨਾਅਰਾ
ਚੰਡੀਗੜ੍ਹ, 4 ਦਸੰਬਰ 2024 - ਅੱਜ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ ਨੇ ਬੰਗਲਾਦੇਸ਼ ਵਿੱਚ ਬਹੁਗਿਣਤੀ ਵੱਲੋਂ ਘੱਟਗਿਣਤੀ ਹਿੰਦੂ ਭਾਈਚਾਰੇ ਉੱਪਰ ਕੀਤੇ ਜਾ ਰਹੇ ਤਸ਼ੱਦਦ ਦੀ ਭਰਪੂਰ ਨਿਖੇਧੀ ਕੀਤੀ ਗਈ । ਪੰਜਾਬ ਦੇ ਉੱਘੇ ਵਕੀਲ ਅਤੇ ਸਮਾਜਿਕ ਕਾਰਜਕਰਤਾ ਸਰਦਾਰ ਨਵਦੀਪ ਸਿੰਘ ਬਿੱਟਾ ਐਡਵੋਕੇਟ ਚੇਅਰਮੈਨ ਪੰਜਾਬ ਲੀਗਲ ਫੋਰਮ ਪੰਜਾਬ, ਦਰਸ਼ਨ ਸਿੰਘ ਰਾਠੌਰ ਐਡਵੋਕੇਟ ਸਾਬਕਾ ਐਡੀਸ਼ਨਲ ਸੈਕ੍ਰੇਟਰੀ ਪੰਜਾਬ ਵਿਧਾਨ ਸਭਾ, ਸ : ਪਰਮਜੀਤ ਸਿੰਘ ਸੰਧੂ ਐਡਵੋਕੇਟ ਸਹਾਇਕ ਕਾਨੂੰਨੀ ਸਲਾਹਕਾਰ ਪੰਜਾਬ ਸਰਕਾਰ, ਸ੍ਰੀ ਸੁਨੀਲ ਕੁਮਾਰ ਜਿੰਦਲ, ਕਾਰਜਕਾਰੀ ਮੈਂਬਰ ਮੋਹਾਲੀ ਬਾਰ ਐਸੋਸੀਏਸ਼ਨ, ਭੁਵਨ ਭੱਲਾ, ਸ :ਹਰਪ੍ਰੀਤ ਸਿੰਘ, ਅਮਰਜੀਤ ਸਿੰਘ, ਜਸਬੀਰਿੰਦਰ ਸਿੰਘ, ਹਰਨਾਮ ਸਿੰਘ, ਹਰਜੀਤ ਸਿੰਘ, ਇਸ਼ਪ੍ਰੀਤ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਅਮਨਦੀਪ ਸਿੰਘ ਐਡਵੋਕੇਟਸ ਨੇ ਭਾਗ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਨਾਲ ਹੋ ਰਿਹਾ ਜ਼ੁਲਮ ਮੰਦਭਾਗਾ ਹੈ ਅਤੇ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ ।
ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸੇ ਜਬਰ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਆਪਣੇ ਸੀਸ਼ ਦੀ ਕੁਰਬਾਨੀ ਦਿੱਤੀ ਸੀ, ਉਨ੍ਹਾਂ ਕਿਹਾ ਕਿ ਗੁਰੂਆਂ ਵੱਲੋ ਦਰਸਾਏ ਮਾਰਗ ਤੇ ਚੱਲਦਿਆਂ ਅੱਜ ਸਾਰਾ ਪੰਜਾਬ ਅਤੇ ਵਿਸ਼ੇਸ਼ ਤੌਰ ਤੇ ਸਿੱਖ ਪੀੜਿਤ ਬੰਗਲਾਦੇਸ਼ੀ ਹਿੰਦੂਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਬੁਲੰਦ ਕਰਦੇ ਨੇ ਤੇ ਅੰਤਰ ਰਾਸ਼ਟਰੀ ਭਾਈਚਾਰੇ ਤੋਂ ਫੌਰੀ ਦਖ਼ਲ ਦੇਣ ਦੀ ਮੰਗ ਕਰਦੇ ਹਨ । ਉਹਨਾਂ ਬੰਗਲਾਦੇਸ਼ ਦੇ ਰਾਸ਼ਟਰਪਤੀ ਤੋ ਦੇਸ਼ ਵਿੱਚ ਘਟਗਿਣਤੀਆਂ ਦੇ ਜਾਨ ਮਾਲ ਅਤੇ ਧਾਰਮਿਕ ਅਜ਼ਾਦੀ ਦੀ ਸੁਰੱਖਿਆ ਦੀ ਮੰਗ ਕੀਤੀ।