ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ 'ਤੇ ਹਮਲੇ ਦੀ ਕੀਤੀ ਨਿੰਦਾ
- ਕਿਹਾ, ਪੰਜਾਬ ਅੱਤਵਾਦ ਦੇ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ
ਚੰਡੀਗੜ੍ਹ, 4 ਦਸੰਬਰ 2024: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ।
ਇੱਕ ਬਿਆਨ ਵਿੱਚ, ਕੈਪਟਨ ਅਮਰਿੰਦਰ ਨੇ ਰਾਹਤ ਜ਼ਾਹਰ ਕੀਤੀ ਕਿ ਬਾਦਲ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਗੋਲੀ ਨਹੀਂ ਲੱਗੀ ਅਤੇ ਨਾ ਹੀ ਕੋਈ ਨੁਕਸਾਨ ਹੋਇਆ।
ਉਨ੍ਹਾਂ ਨੇ ਮੌਕੇ 'ਤੇ ਮੌਜੂਦ ਵਿਅਕਤੀ ਦੀ ਸ਼ਲਾਘਾ ਕੀਤੀ ਜਿਸ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਉਸਦੀ ਬਾਂਹ ਵੀ ਮੋੜ ਦਿੱਤੀ, ਜਿਸ ਕਾਰਨ ਗੋਲੀ ਬਾਦਲ ਨੂੰ ਲੱਗਣ ਤੋਂ ਰੋਕੀ ਗਈ।
ਸਾਬਕਾ ਮੁੱਖ ਮੰਤਰੀ ਨੇ ਕਿਹਾ, ਬਾਦਲ ਨੇ ਅਕਾਲ ਤਖਤ ਤੋਂ ਭੁੱਲਾਂ ਬਖਸ਼ਹਾਇਆਂ ਸਨ ਅਤੇ ਉਸ ਨੂੰ ਸੁਣਾਈ ਗਈ ਤਨਖ਼ਾਹ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਭੁਗਤ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ 'ਤੇ ਹਮਲਾ ਕਰਨ ਵਾਲਿਆਂ ਨੇ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ 1980 ਅਤੇ 1990 ਦੇ ਦਹਾਕੇ ਦੌਰਾਨ ਬਹੁਤ ਨੁਕਸਾਨ ਝੱਲਿਆ ਹੈ ਅਤੇ ਇਹ ਇੱਕ ਹੋਰ ਕਾਲੇ ਦੌਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ, ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।