Political Special ਡੇਰਾ ਬਿਆਸ ਦੇ ਉੱਘੜੇੇ ਬੈਂਗਣੀ ਨੇ ਪੰਜਾਬ ਦੇ ਸ਼ਾਂਤ ਸਿਆਸੀ ਪਾਣੀਆਂ ’ਚ ਤਰਥੱਲੀ ਮਚਾਈ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2026 : ਪੰਜਾਬ ’ਚ ਨਸ਼ਿਆਂ ਖਿਲਾਫ ਉੱਠ ਰਹੀਆਂ ਸਮਾਜਿਕ ਅਵਾਜਾਂ ਦਰਮਿਆਨ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਨਤਕ ਤੌਰ ਤੇ ਸ਼ੁਰੂ ਕੀਤੀਆਂ ਸਰਗਰਮੀਆਂ ਨੇ ਸਿਆਸੀ ਧਿਰਾਂ ਨੂੰ ਕੰਬਣੀ ਛੇੜ ਦਿੱਤੀ ਹੈ। ਇਕੱਲੇ ਨੇਤਾ ਹੀ ਨਹੀਂ ਬਲਕਿ ਪੰਜਾਬ ਪੁਲਿਸ ਦਾ ਖੁਫੀਆ ਵਿੰਗ ਵੀ ਚੱਕਰਾਂ ’ਚ ਪਿਆ ਹੋਇਆ ਹੈ ਕਿ ਆਖਿਰ ਅਜਿਹਾ ਕੀ ਭਾਣਾ ਵਾਪਰਿਆ ਕਿ ਡੇਰਾ ਬਿਆਸ ਨੇ ਸਿਆਸੀ ਪਾਣੀਆਂ ’ਚ ਹਲਚਲ ਮਚਾਈ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਡੇਰਾ ਰਾਧਾ ਸੁਆਮੀ ਹੁਣ ਤੱਕ ਰਾਜਨੀਤੀ ਦੇ ਖੇਤਰ ਤੋਂ ਜਨਤਕ ਤੌਰ ਤੇ ਦੂਰੀ ਰੱਖਦਾ ਆ ਰਿਹਾ ਸੀ। ਇਹੋ ਕਾਰਨ ਹੈ ਕਿ ਡੇਰਾ ਬਿਆਸ ਮੁਖੀ ਦਾ ਨਸ਼ਾ ਵਿਰੋਧੀ ਮੰਚ ਤੇ ਇਸ ਤਰਾਂ ਖੁੱਲ੍ਹਕੇ ਸਾਹਮਣੇ ਆਉਣ ਨੂੰ ਸਮਾਜਿਕ ਪਹਿਲਕਦਮੀ ਨਹੀਂ ਬਲਕਿ ਸੱਤਾ ਦੇ ਮੌਜੂਦਾ ਸਮੀਕਰਨਾਂ ਅਤੇ ਸਿਆਸੀ ਗਲਿਆਰਿਆਂ ’ਚ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਡੇਰਾ ਸਿਰਸਾ ਤਾਂ ਸਿਆਸੀ ਮੈਦਾਨ ’ਚ ਹੱਥ ਅਜ਼ਮਾਉਂਦਾ ਰਿਹਾ ਹੈ ਪਰ ਇਹ ਪਹਿਲੀ ਦਫਾ ਹੋਇਆ ਹੈ ਕਿ ਡੇਰਾ ਬਿਆਸ ਪ੍ਰਮੁੱਖ ਦੀ ਉਸ ਸਮਾਗਮ ’ਚ ਸ਼ਮੂਲੀਅਤ ਦੇਖਣ ਨੂੰ ਮਿਲੀ ਜਿੱਥੇ ਖੁਦ ਨੂੰ ਪੰਥਕ ਅਖਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ। ਇਹੋ ਕਾਰਨ ਹੈ ਕਿ ਨਸ਼ਿਆਂ ਦੇ ਮੁੱਦੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸੜਕਾਂ ਤੇ ਉੱਤਰਨਾ ਅਤੇ ਸਰਕਾਰ ’ਤੇ ਦਬਾਅ ਪਾਉਣ ਵਾਲਾ ਮਹੌਲ ਬਨਾਉਣਾ ਆਮ ਆਦਮੀ ਪਾਰਟੀ ਨੂੰ ਅਸਹਿਜ ਕਰ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ’ਚ ਡੇਰਿਆਂ ਦਾ ਸਮਾਜਿਕ ਅੰਦੋਲਨ ਸਿਆਸੀ ਸ਼ੁਰੂਆਤ ਦੀ ਪਹਿਲੀ ਪੌੜੀ ਹੁੰਦਾ ਹੈ। ਪਹਿਲਾਂ ਸਮਾਜ ਸੁਧਾਰ ਮੁਹਿੰਮ , ਫਿਰ ਸਿਆਸੀ ਲੀਡਰਾਂ ਨਾਲ ਸੰਪਰਕ ਅਤੇ ਅੰਤ ਨੂੰ ਪਰਦੇ ਪਿੱਛੇ ਸਿਆਸੀ ਭੂਮਿਕਾ ਵਾਲਾ ਮਾਡਲ ਪੰਜਾਬ ’ਚ ਪਹਿਲਾਂ ਵੀ ਅਜਮਾਇਆ ਜਾ ਚੁੱਕਿਆ ਹੈ।
ਭਾਵੇਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਖ ਚੁੱਕੇ ਹਨ ਕਿ ਉਨ੍ਹਾਂ ਨੇ ਗੱਦੀ ਅਗਲੇ ਸੰਭਾਵੀ ਮੁਖੀ ਨੂੰ ਸੌਂਪ ਦਿੱਤੀ ਹੈ ਪਰ ਸਵਾਲ ਅਹੁਦੇ ਦਾ ਨਹੀਂ ਬਲਕਿ ਸਮਾਜਿਕ ਪ੍ਰਭਾਵ ਅਤੇ ਸਮੇਂ ਦਾ ਹੈ। ਇਸ ਵਕਤ ਨਸ਼ਾ ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਹੈ। ਅਜਿਹੇ ਹਾਲਾਤਾਂ ਦੌਰਾਨਕਿਸੇ ਅਧਿਆਤਮਕ ਹਸਤੀ ਦਾ ਇੰਜ ਮੈਦਾਨ ’ਚ ਨਿਤਰਨਾ ਸਿਆਸੀ ਸੰਕੇਤ ਦੇਣ ਲਈ ਕਾਫੀ ਹੈ। ਸੂਤਰ ਦੱਸਦੇ ਹਨ ਕਿ ਡੇਰਾ ਮੁਖੀ ਅਕਾਲੀ ਭਾਜਪਾ ਗੱਠਜੋੜ ਲਈ ਸੂਤਰਧਾਰ ਦੀ ਭੂਮਿਕਾ ਨਿਭਾਅ ਸਕਦੇ ਹਨ ਕਿਉਂਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਸਿਆਸੀ ਲਿਹਾਜ ਤੋਂ ਖੁੱਲ੍ਹੇਆਮ ਵਿਚਰਨ ਲੱਗੇ ਹਨ। ਡੇਰਾ ਬਿਆਸ ਮੁਖੀ ਨੇ ਨਾਭਾ ਜੇਲ੍ਹ ’ਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਬੇਕਸੂਰ ਦੱਸਿਆ ਸੀ। ਇਸ ਮੁਲਾਕਾਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਤੰਜ਼ ਤੋਂ ਵੀ ਸਿਆਸਤ ’ਚ ਕਾਫ਼ੀ ਹਲਚਲ ਹੋਈ ਸੀ।
ਡੇਰਾ ਮਿਸ਼ਨ ਸਿਆਸੀ ਮਨੋਰਥ
ਸਿਆਸੀ ਹਲਕਿਆਂ ਮੁਤਾਬਕ ਭਾਜਪਾ ਦਾ ‘ਡੇਰਾ ਮਿਸ਼ਨ’ ਅਧਿਆਤਮਕ ਨਹੀਂ ਬਲਕਿ ਇਸ ਪਿੱਛੇ ਸਿਆਸੀ ਮਨੋਰਥ ਜਾਪਦੇ ਹਨ। ਹਰਿਆਣਾ ’ਚ ਇਹ ਪੈਂਤੜਾ ਫਿੱਟ ਬੈਠਣ ਕਰਕੇ ਭਾਜਪਾ ਗੈਰ ਜੱਟ ਵੋਟਰਾਂ ਦੇ ਧਰੁਵੀਕਰਨ ਦੀ ਸਿਆਸਤ ਕਰਨ ਦੇ ਰੌਂਅ ’ਚ ਨਜ਼ਰ ਆ ਰਹੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੀ ਤਾਸੀਰ ਵੱਖਰੀ ਹੈ ਅਤੇ ਸੂਝਵਾਨ ਵਰਗ ਡੇਰਿਆਂ ਦੀ ਸਿਆਸਤ ’ਚ ਭੂਮਿਕਾ ਤੋਂ ਨਾਖ਼ੁਸ਼ ਹੈ। ਪੇਂਡੂ ਪੰਜਾਬ ਦਾ ਭਾਜਪਾ ਪ੍ਰਤੀ ਰਵੱਈਆ ਕਿਸੇ ਤੋਂ ਗੁੱਝਾ ਨਹੀਂ ਹੈ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਜ਼ਰੀਏ ਦਿੱਤੇ ਦਰਦ ਖ਼ਾਸ ਕਰਕੇ ਕਿਸਾਨੀ ਤਬਕੇ ਲਈ ਭੁੱਲਣਯੋਗ ਨਹੀਂ ਹਨ।
ਡੇਰਾ ਬਿਆਸ ਦਾ ਵੱਡਾ ਪ੍ਰਭਾਵ
ਡੇਰਾ ਬਿਆਸ ਉੱਤਰੀ ਭਾਰਤ ਦੀ ਸਭ ਤੋਂ ਵੱਧ ਅਨੁਸ਼ਾਸ਼ਨ ਵਾਲੀ ਸੰਸਥਾ ਹੈ। ਮਾਝਾ ਖਿੱਤੇ ’ਚ ਡੇਰਾ ਪੈਰੋਕਾਰਾਂ ਦੀ ਗਿਣਤੀ ਵੱਡੀ ਤਾਕਤ ਵਾਲੀ ਹੈ। ਇਸ ਤੋਂ ਪਹਿਲਾਂ ਡੇਰਾ ਬਿਆਸ ਦੀ ਨੀਤੀ ਹਮੇਸ਼ਾ ਨਿਰਪੱਖਤਾ ਵਾਲੀ ਰਹੀ ਹੈ ਜਿਸ ’ਤੇ ਹੁਣ ਉਂਗਲ ਉੱਠਣ ਲੱਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਡੇਰਾ ਬਿਆਸ ’ਚ ਫੇਰੀ ਪਾ ਚੁੱਕੇ ਹਨ। ਆਰਐੱਸਐੱਸ ਮੁਖੀ ਮੋਹਨ ਭਾਗਵਤ ਵੀ ਪਿਛਲੇ ਸਮੇਂ ਦੌਰਾਨ ਕਰੀਬ ਚਾਰ ਵਾਰ ਡੇਰਾ ਬਿਆਸ ਆ ਚੁੱਕੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਡੇਰਾ ਬਿਆਸ ਆਏ ਸਨ । ਭਾਜਪਾ ਦੇ ਹੋਰ ਲੀਡਰ ਵੀ ਅਕਸਰ ਡੇਰੇ ਦਾ ਅਸ਼ੀਰਵਾਦ ਲੈਂਦੇ ਆ ਰਹੇ ਹਨ । ਇਹ ਆਸ਼ੀਰਵਾਦ ਵੋਟਾਂ ’ਚ ਕਿੰਨਾਂ ਤਬਦੀਲ ਹੁੰਦਾ ਹੈ ਇਹ ਦੇਖਣਾ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ।
ਆਮ ਆਦਮੀ ਪਾਰਟੀ ਚਿੰਤਤ
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਭਾਜਪਾ ਦੀ ਸੂਬੇ ਦੇ ਤਿੰਨ ਪ੍ਰਮੁੱਖ ਡੇਰਿਆਂ ਨਾਲ ਵੱਧ ਰਹੀ ਨੇੜਤਾ ਤੋਂ ਫ਼ਿਕਰਮੰਦ ਹੋਣਾ ਸੁਭਾਵਿਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਬੱਲਾਂ ’ਚ ਆਮਦ ਨੇ ਪੰਜਾਬ ਦੇ ਸਿਆਸੀ ਦ੍ਰਿਸ਼ ’ਚ ਹਲਚਲ ਮਚਾ ਦਿੱਤੀ ਹੈ। ਡੇਰਾ ਬੱਲਾਂ ਦਾ ਦੋਆਬੇ ’ਚ ਕਾਫ਼ੀ ਪ੍ਰਭਾਵ ਹੈ ਅਤੇ ਕਈ ਸੀਟਾਂ ’ਤੇ ਡੇਰੇ ਦੇ ਪੈਰੋਕਾਰ ਫੈਸਲਾਕੁੰਨ ਹਨ। ਕੇਂਦਰ ਸਰਕਾਰ ਵੱਲੋਂ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਦਾ ਐਲਾਨ ਕਰਨਾ ਅਤੇ ਰਵਿਦਾਸ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਦੀ ਡੇਰਾ ਬੱਲਾਂ ’ਚ ਆਮਦ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਡੇਰਿਆਂ ਦੇ ਬੱਝਵੇਂ ਵੋਟ ਬੈਂਕ ’ਤੇ ਟੇਕ ਲਾਉਣ ਲੱਗੀ ਹੈ ਜਿਸ ਤੋਂ ਸਾਰੀਆਂ ਸਿਆਸੀ ਧਿਰਾਂ ਬੇਚੈਨ ਹਨ।