Political Special: ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ’ਚ ‘ਤੱਕੜੀ’ ‘ਤਕੜੀ’ ਹੋਣ ਦੇ ਬਾਵਜੂਦ ਚੇਅਰਮੈਨੀ ’ਚ ਪਾਸਕੂ’ ਦਾ ਧੁੜਕੂ
ਅਸ਼ੋਕ ਵਰਮਾ
ਬਠਿੰਡਾ, 3 ਫਰਵਰੀ 2026: ਹਾਲੀਆ ਜਿਲ੍ਹਾ ਪ੍ਰੀਸ਼ਦ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਮੌਕੇ ਜਿਲ੍ਹਾ ਪ੍ਰੀਸ਼ਦ ਬਠਿੰਡਾ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਲਾਮਿਸਾਲ ਜਿੱਤ ਨੇ ਸੱਤਾਧਾਰੀ ਆਪ ਸਮੇਤ ਸਿਆਸੀ ਧਿਰਾਂ ਦੀਆਂ ਗਿਣਤੀਆਂ ਮਿਣਤੀਆਂ ਫੇਲ੍ਹ ਕਰ ਦਿੱਤੀਆਂ ਹਨ। ਹਾਲਾਂਕਿ ਜਿੱਤ ਦੇ ਹਿਸਾਬ ਨਾਲ ਅਕਾਲੀਆਂ ਦੀ ਚੇਅਰਮੈਨੀ ਪੱਕੀ ਹੈ ਪਰ ਕਦੋਂ ਕੋਈ ਪਲਟੀ ਮਾਰ ਜਾਏ ਲੀਡਰਸ਼ਿਪ ਨੂੰ ਇਹ ਵੀ ਧੁੜਕੂ ਲੱਗਿਆ ਹੋਇਆ ਹੈ। ਬਠਿੰਡਾ ਜਿਲ੍ਹੇ ਦੇ 6 ਹਲਕਿਆਂ ’ਚ ਵਿਧਾਇਕ ਸੱਤੀ ਪੱਖੀ ਹੋਣ ਦੇ ਬਾਵਜੂਦ ‘ਆਪ’ ਬੁਰੀ ਤਰਾਂ ਪਛੜ ਗਈ ਹੈ। ਇਸੇ ਤਰਾਂ ਹੀ ਪਿਛਲੀ ਵਾਰ ਇੱਕ ਤਰਫਾ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਨੂੰ ਵੋਟਰਾਂ ਨੇ ਤੇ ਧੱਕ ਦਿੱਤਾ ਹੈ। ਜਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ਅਨੁਸਾਰ ਜਿਲ੍ਹੇ ਦੇ ਕੁੱਲ 17 ਚੋਣ ਹਲਕਿਆਂ ਚੋਂ 13 ’ਚ ਅਕਾਲੀ ਦਲ ਨੇ ਇੱਕ ਤਰਾਂ ਨਾਲ ਇਕਤਰਫਾ ਜਿੱਤ ਪ੍ਰਾਪਤ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ‘ਆਮ ਆਦਮੀ ਪਾਰਟੀ 4 ਥਾਈਂ ਜਿੱਤੀ ਹੈ।
ਇੰਨ੍ਹਾਂ ਚੋਣਾਂ ਦੌਰਾਨ ਬਠਿੰਡਾ ਜਿਲ੍ਹੇ ’ਚ ਤਾਂ ਕਾਂਗਰਸ ਪਾਰਟੀ ਦਾ ਸੂਪੜਾ ਹੀ ਸਾਫ ਹੋ ਗਿਆ ਹੈ। ਜਿਲ੍ਹਾ ਪ੍ਰੀਸ਼ਦ ਚੋਣਾਂ ’ਚ ਮਿਲੀ ਵੱਡੀ ਹਮਾਇਤ ਕਾਰਨ ਇਹ ਗੱਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਬਠਿੰਡਾ ਜਿਲ੍ਹੇ ’ਚ ਚੇਅਰਮੈਨੀ ਕਿਸੇ ਵੀ ਹਾਲਤ ’ਚ ਆਮ ਆਦਮੀ ਪਾਰਟੀ ਨੂੰ ਨਸੀਬ ਨਹੀਂ ਹੋਵੇਗੀ ਕਿਉਂਕਿ ਚੇਅਰਮੈਨ ਬਨਾਉਣ ਲਈ ਲੁੜੀਂਦੇ ਬਹੁਮੱਤ ਤੋ ਸੱਤਾ ਪੱਖ ਬਹੁਤ ਦੂਰ ਰਹਿ ਗਿਆ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਸੱਤਾਧਾਰੀ ਪਾਰਟੀ ਰਾਜਨੀਤੀ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਦੀ ਜਿਲ੍ਹਾ ਪ੍ਰੀਸ਼ਦ ਚੇਅਰਮੈਨੀ ਹਾਸਲ ਕਰਨ ’ਚ ਸਫਲ ਨਹੀਂ ਹੋ ਸਕੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿਆਸੀ ਧਿਰਾਂ ਦੀ ਇੰਨ੍ਹਾਂ ਚੋਣ ਨਤੀਜਿਆਂ ਪ੍ਰਤੀ ਕੋਈ ਵੀ ਸੋਚ ਹੋਵੇ ਪਰ 2027 ਵਿਧਾਨ ਸਭਾ ਚੋਣਾਂ ’ਤੇ ਇਸ ਸਥਾਨਕ ਪੱਧਰ ਦੀ ਚੱਕ ਥੱਲ ਦਾ ਲਾਜਮੀ ਅਸਰ ਪਵੇਗਾ।
ਇਸੇ ਤਰਾਂ ਹੀ ਬਠਿੰਡਾ ਜਿਲ੍ਹੇ ’ਚ ਪੈਂਦੀਆਂ ਪੰਚਾਇਤ ਸੰਮਤੀਆਂ ਦੇ ਨਤੀਜੇ ਦੇਖੀਏ ਤਾਂ ਕੁੱਲ 8 ਬਲਾਕਾਂ ਦੀਆਂ 137 ਪੰਚਾਇਤ ਸੰਮਤੀਆਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਸਿਰਫ 35 ਸੀਟਾਂ ਤੇ ਹੀ ਸਿਮਟ ਗਈ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ 79 , ਕਾਂਗਰਸ ਪਾਰਟੀ ਨੇ 16 ਅਤੇ ਅਜਾਦ ਉਮੀਦਵਾਰਾਂ ਨੇ 7 ਚੋਣ ਹਲਕਿਆਂ ’ਚ ਜਿੱਤ ਪ੍ਰਾਪਤ ਕੀਤੀ ਹੈ। ਨਤੀਜਿਆਂ ਅਨੁਸਾਰ ਗੋਨਿਆਣਾ ਬਲਾਕ ਦੀਆਂ ਕੁੱਲ 15 ਪੰਚਾਇਤ ਸੰਮਤੀਆਂ ਚੋਂ ਸ਼੍ਰੋਮਣੀ ਅਕਾਲੀ ਦਲ ਨੇ 11 , ਕਾਂਗਰਸ ਨੇ 2 ਅਤੇ 1- ਆਮ ਆਦਮੀ ਪਾਰਟੀ ਤੇ 1 ਹੀ ਅਜਾਦ ਉਮੀਦਵਾਰ ਜਿੱਤਿਆ ਸੀ। ਇਸ ਬਲਾਕ ’ਚ ਪੂਰਨ ਬਹੁਮੱਤ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਚੇਅਰਮੈਨ ਬਣਨਾ ਤੈਅ ਹੈ। ਇਸੇ ਤਰਾਂ ਹੀ ਨਥਾਣਾ ਬਲਾਕ ਦੀ ਕੁੱਲ 16 ਪੰਚਾਇਤ ਸੰਮਤੀਆਂ ਚੋਂ 13 ਤੇ ਸ਼੍ਰੋਮਣੀ ਅਕਾਲੀ ਦਲ , 2 ਤੇ ਕਾਂਗਰਸ ਅਤੇ 1 ਅਜਾਦ ਉਮੀਦਵਾਰ ਜਿੱਤਿਆ ਹੈ ਜਦੋਂਕਿ ਹਾਕਮ ਧਿਰ ਤੇ ਝਾੜੂ ਫਿਰਿਆ ਹੈ।
ਬਲਾਕ ਸੰਗਤ ’ਚ ਤੱਕੜੀ
ਬਠਿੰਡਾ ਬਲਾਕ ਦੀਆਂ 15 ਪੰਚਾਇਤ ਸੰਮਤੀਆਂ ਚੋਂ ਅਕਾਲੀ ਦਲੇ ਨੇ 13 ਥਾਵਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ ਆਮ ਆਦਮੀ ਪਾਰਟੀ 2 ਤੇ ਜਿੱਤੀ ਹੈ ਅਤੇ ਕਾਂਗਰਸ ਦਾ ਤਾਂ ਖਾਤਾ ਵੀ ਨਹੀਂ ਖੁੱਲਿ੍ਹਆ ਹੈ। ਇਸ ਬਲਾਕ ’ਚ ਵੀ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦਾ ਹੀ ਬਣੇਗਾ। ਸੰਗਤ ਬਲਾਕ ਦੀਆਂ 15 ਪੰਚਾਇਤ ਸੰਮਤੀਆਂ ਚੋਂ ਸ਼ੋਮਣੀ ਅਕਾਲੀ ਦਲ ਦੇ ਹਿੱਸੇ 10 ਸੀਟਾਂ ਆਈਆਂ ਹਨ ਜਦੋਂਕਿ ਆਮ ਆਦਮੀ ਪਾਰਟੀ ਨੂੰ 3 ਅਤੇ ਕਾਂਗਰਸ ਤੇ ਅਜਾਦ ਉਮੀਦਵਾਰ 1-1 ਚੋਣ ਹਲਕਿਆਂ ’ਚ ਜਿੱਤਿਆ ਹੈ। ਸੰਗਤ ਬਲਾਕ ’ਚ ਚੇਅਰਮੈਨੀ ਅਕਾਲੀ ਦਲ ਨੂੰ ਮਿਲੇਗੀ।
ਟੇਢੀ ਖੀਰ ਬਣੇ 4 ਬਲਾਕ
ਫੂਲ ਬਲਾਕ ਦੀਆਂ 18 ਪੰਚਾਇਤ ਸੰਮਤੀਆਂ ਚੋਂ 8 ’ਚ ਅਕਾਲੀ ,6 ਆਮ ਆਦਮੀ ਪਾਰਟੀ , 3 ਕਾਂਗਰਸ ਅਤੇ ਇੱਕ ਅਜਾਦ ਜਿੱਤਿਆ ਹੈ। ਰਾਮਪੁਰਾ ਬਲਾਕ ’ਚ 18 ਪੰਚਾਇਤ ਸੰਮਤੀਆਂ ਚੋਂ 8 ਆਮ ਆਦਮੀ ਪਾਰਟੀ, 8 ਅਕਾਲੀ ਦਲ ਅਤੇ ਦੋ ਥਾਵਾਂ ਤੇ ਅਜਾਦ ਉਮੀਦਵਾਰ ਜਿੱਤੇ ਹਨ। ਮੌੜ ਬਲਾਕ ਦੀਆਂ 15 ਪੰਚਾਇਤ ਸੰਮਤੀਆਂ ਚੋਂ ਅਮ ਆਦਮੀ ਪਾਰਟੀ ਤੇ ਅਕਾਲੀ ਦਲ 8-8 , 2 ਤੇ ਕਾਂਗਰਸ ਅਤੇ ਇੱਕ ਅਜਾਦ ਜਿੱਤਿਆ ਹੈ। ਇਸ ਬਲਾਕ ’ਚ ਤੱਕੜੀ ਅਤੇ ਝਾੜੂ ਵਿਚਕਾਰ ਫਸਵੀਂ ਟੱਕਰ ਹੈ। ਤਲਵੰਡੀ ਸਾਬੋ ਬਲਾਕ ਦੀਆਂ 25 ਪੰਚਾਇਤ ਸੰਮਤੀਆਂ ਚੋਂ ਆਮ ਆਦਮੀ ਪਾਰਟੀ 9 ,ਅਕਾਲੀ ਦਲ 10, ਅਤੇ 6 ਸੀਟਾਂ ਕਾਂਗਰਸ ਨੇ ਜਿੱਤੀਆਂ ਹਨ। ਇਸ ਤਰਾਂ ਇੰਨ੍ਹਾਂ ਚਾਰਾਂ ਬਲਾਕਾਂ ਦੀ ਚੇਅਰਮੈਨੀ ਦਾ ਪੇਚ ਫਸਿਆ ਹੋਇਆ ਹੈ।
ਕਾਂਗਰਸ ਤੇ ਅਜਾਦਾਂ ਦੀ ਵੁੱਕਤ
ਦੇਖਿਆ ਜਾਏ ਤਾਂ ਇੰਨ੍ਹਾਂ ਫੂਲ ,ਰਾਮਪੁਰਾ, ਮੌੜ ਅਤੇ ਤਲਵੰਡੀ ਸਾਬੋ ਬਲਾਕ ’ਚ ਨਾਂ ਤਾਂ ਅਕਾਲੀ ਦਲ ਅਤੇ ਨਾਂ ਹੀ ਹਾਕਮ ਧਿਰ ਆਮ ਆਦਮੀ ਪਾਰਟੀ ਕੋਲ ਸਪਸ਼ਟ ਬਹੁਮੱਤ ਹੈ। ਇੰਨ੍ਹਾਂ ਚਾਰਾਂ ਬਲਾਕਾਂ ’ਚ ਸੱਤਾਧਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਗਣਿੱਤ ਦਾਅ ਤੇ ਲੱਗਿਆ ਹੋਇਆ ਹੈ। ਇਸ ਲਈ ਇੰਨ੍ਹਾਂ ਬਲਾਕਾਂ ’ਚ ਜਿੱਤਣ ਵਾਲੇ ਕਾਂਗਰਸੀ ਅਤੇ ਅਜਾਦ ਉਮੀਦਵਾਰਾਂ ਦੀ ਹਮਾਇਤ ਮਹੱਤਵਪੂਰਨ ਰਹੇਗੀ ’ਤੇ ਇਹ ਵੀ ਤੈਅ ਕਰੇਗੀ ਕਿ ਚੇਅਰਮੈਨ ਕਿਸ ਪਾਰਟੀ ਦਾ ਬਣੇਗਾ। ਬਠਿੰਡਾ ,ਗੋਨਿਆਣਾ ,ਸੰਗਤ ਅਤੇ ਨਥਾਣਾ ’ਚ ਅਕਾਲੀ ਦਲ ਦੀ ਚੇਅਰਮੈਨੀ ਪੱਕੀ ਮੰਨੀ ਜਾ ਰਹੀ ਹੈ ਪਰ ਦਲ ਬਦਲੀਆਂ ਦੀ ਸੂਰਤ ਅਤੇ ਰਾਜਨੀਤੀ ’ਚ ਦੋਸਤਾਂ ਦੁਸ਼ਮਣਾਂ ਦੀ ਵੱਖਰੀ ਧਾਰਨਾ ਕੋਈ ਵੀ ਰੰਗ ਲਿਆ ਸਕਦੀ ਹੈ।