Good News: ਇੰਡੀਗੋ ਨੇ ਨਵੀਂ ਮੁੰਬਈ ਤੋਂ 30 ਨਵੇਂ ਰੂਟ ਕੀਤੇ ਸ਼ੁਰੂ; ਚੰਡੀਗੜ੍ਹ ਤੇ ਸ੍ਰੀਨਗਰ ਸਮੇਤ ਕਈ ਸ਼ਹਿਰਾਂ ਲਈ ਸਿੱਧੀ ਉਡਾਣ
ਨਵੀਂ ਦਿੱਲੀ/ਮੁੰਬਈ, 29 ਮਾਰਚ 2026 (ANI): ਦੇਸ਼ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ (IndiGo) ਨੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੇ ਨੈੱਟਵਰਕ ਦਾ ਵੱਡਾ ਵਿਸਥਾਰ ਕਰਦਿਆਂ 30 ਤੋਂ ਵੱਧ ਨਵੇਂ ਰੂਟਾਂ ਦਾ ਐਲਾਨ ਕੀਤਾ ਹੈ। ਇਹ ਸੇਵਾਵਾਂ 29 ਮਾਰਚ ਤੋਂ 23 ਅਪ੍ਰੈਲ ਦੇ ਵਿਚਕਾਰ ਪੜਾਅਵਾਰ ਸ਼ੁਰੂ ਕੀਤੀਆਂ ਜਾਣਗੀਆਂ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਨਾਲ ਜੁੜੇਗੀ ਨਵੀਂ ਮੁੰਬਈ
ਏਅਰਲਾਈਨ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, ਇਨ੍ਹਾਂ ਨਵੇਂ ਰੂਟਾਂ ਰਾਹੀਂ ਨਵੀਂ ਮੁੰਬਈ ਨੂੰ ਚੰਡੀਗੜ੍ਹ, ਆਗਰਾ, ਅਯੁੱਧਿਆ, ਸ੍ਰੀਨਗਰ, ਕੋਲਕਾਤਾ, ਪਟਨਾ, ਵਾਰਾਣਸੀ, ਵਿਸ਼ਾਖਾਪਟਨਮ, ਬਾਗਡੋਗਰਾ ਅਤੇ ਰਾਜਕੋਟ ਵਰਗੇ ਮਹੱਤਵਪੂਰਨ ਸ਼ਹਿਰਾਂ ਨਾਲ ਜੋੜਿਆ ਜਾਵੇਗਾ। ਇਸ ਵਿਸਥਾਰ ਤੋਂ ਬਾਅਦ ਇੰਡੀਗੋ ਨਵੀਂ ਮੁੰਬਈ ਤੋਂ ਹਰ ਹਫ਼ਤੇ 400 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰੇਗੀ। ਇੰਡੀਗੋ ਨੇ ਸ਼ਨੀਵਾਰ ਤੋਂ ਭਾਵਨਗਰ ਅਤੇ ਨਵੀਂ ਮੁੰਬਈ ਵਿਚਕਾਰ ਦਿਨ ਵਿੱਚ ਦੋ ਵਾਰ ਸਿੱਧੀਆਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਉਡਾਣਾਂ ਕੰਪਨੀ ਦੇ ATR ਜਹਾਜ਼ਾਂ ਰਾਹੀਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 23 ਅਪ੍ਰੈਲ 2026 ਤੋਂ ਜਾਮਨਗਰ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ। ਹੁਣ ਇੰਡੀਗੋ ਗੁਜਰਾਤ ਦੇ 6 ਪ੍ਰਮੁੱਖ ਸ਼ਹਿਰਾਂ (ਅਹਿਮਦਾਬਾਦ, ਵਡੋਦਰਾ, ਸੂਰਤ, ਰਾਜਕੋਟ, ਭਾਵਨਗਰ ਅਤੇ ਜਾਮਨਗਰ) ਤੋਂ ਹਫ਼ਤੇ ਵਿੱਚ 1,400 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ।
ਟਿਕਟ ਬੁਕਿੰਗ ਦੀ ਸਹੂਲਤ
ਯਾਤਰੀ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਇੰਡੀਗੋ ਦੀ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਟਿਕਟਾਂ ਦੀ ਬੁਕਿੰਗ ਕਰ ਸਕਦੇ ਹਨ। ਏਅਰਲਾਈਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖੇਤਰੀ ਸੰਪਰਕ (Regional Connectivity) ਹੋਰ ਮਜ਼ਬੂਤ ਹੋਵੇਗਾ।
Click to Follow Babushahi Facebook page →