- By : ਬਾਬੂਸ਼ਾਹੀ ਬਿਊਰੋ
- First Published : Friday, May 01, 2026 05:30 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
ELECTION SPECIAL ਨਗਰ ਨਿਗਮ ਚੋਣਾਂ ਦੌਰਾਨ ਇੱਕ ਦੂਜੇ ਦੇ ਸਿਆਸੀ ਸਿੰਗ ਭੋਰਨ ਲਈ ਡੰਡ ਬੈਠਕਾਂ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 1 ਮਈ 2026 : ਨਗਰ ਨਿਗਮ ਬਠਿੰਡਾ ਦੀਆਂ ਅਗਾਮੀ ਚੋਣਾਂ ਜਿੱਤਣ ਦੇ ਮੰਤਵ ਨਾਲ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਸਿਆਸੀ ਧਿਰਾਂ ਨੇ ਡੰਡ ਬੈਠਕਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸੰਭਾਵੀ ਦੰਗਲ ਨੂੰ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਮੰਨਿਆ ਜਾ ਰਿਹਾ ਹੈ। ਜੋ ਵੀ ਸਿਆਸੀ ਧਿਰ ਬਾਜੀ ਮਾਰਦੀ ਹੈ ਉਸ ਨੂੰ ’ 2027 ’ਚ ਲਾਹਾ ਮਿਲਣਾ ਤੈਅ ਹੈ। ਦੇਖਿਆ ਜਾਏ ਤਾਂ ਹਾਕਮ ਧਿਰ ਲਈ ਉਹ ਕਾਂਗਰਸੀ ਕੌਂਸਲਰ ਚੁਣੌਤੀ ਬਣ ਗਏ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਫਰਵਰੀ 2025 ’ਚ ਪਦਮਜੀਤ ਨੂੰ ਮੇਅਰ ਬਣਾਇਆ ਗਿਆ ਸੀ। ਉਹ ਵੀ ਉਦੋਂ ਜਦੋਂ ਪਾਰਟੀ ਦੇ ਪੁਰਾਣੇ ਵਰਕਰ ਵੀ ਚੋਣ ਲੜਨ ਦੀ ਦੌੜ ’ਚ ਹਨ। ਕਈ ਵਾਰਡਾਂ ਵਿੱਚ ਤਾਂ ਅਜਿਹੇ ਲੋਕਾਂ ਦੀ ਗਿਣਤੀ ਕਾਫੀ ਵੱਡੀ ਸਾਹਮਣੇ ਆ ਰਹੀ ਹੈ। ਜਿੰਨ੍ਹਾਂ ਵਾਰਡਾਂ ਵਿੱਚ ਪੁਰਾਣਾ ਕਾਡਰ ਮੌਜੂਦ ਹੈ ਤਾਂ ਉਨ੍ਹਾਂ ’ਚ ਦਲਬਦਲੂਆਂ ਨੂੰ ਨਿਵਾਜਣ ਨਾਲ ਪਾਰਟੀ ’ਚ ਨਰਾਜ਼ਗੀ ਬਣ ਸਕਦੀ ਹੈ।
ਮਹਿਤਾ ਗਰੁੱਪ ਵੱਲੋਂ ਪਦਮਜੀਤ ਮਹਿਤਾ ਨੂੰ ਮੇਅਰ ਬਨਾਉਣ ਮੌਕੇ ਹਾਸਲ ਕੀਤੀ ਕਾਂਗਰਸੀ ਕੌਂਸਲਰਾਂ ਦੀ ਹਮਾਇਤ ਕਾਰਨ ਨਗਰ ਨਿਗਮ ਦੀ ਮੌਜੂਦਾ ਰਾਜਨੀਤੀ ’ਚ ਸੱਤਾ ਦਾ ਵੱਖਰਾ ਕੇਂਦਰ ਬਣ ਗਿਆ ਹੈ ਜਿਸ ਦੀਆਂ ਸਰਗਰਮੀਆਂ ਨੇ ਰਵਾਇਤੀ ਪਾਰਟੀਆਂ ਦਾ ਚੋਣ ਗਣਿਤ ਵਿਗਾੜ ਦਿੱਤਾ ਹੈ। ਖਾਸ ਤੌਰ ’ਤੇ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਕੌਂਸਲਰਾਂ ਦੇ ਮਹਿਤਾ ਗਰੁੱਪ ਵੱਲ ਝੁਕਾਅ ਨੇ ਤਸਵੀਰ ਹੋਰ ਵੀ ਪੇਚੀਦਾ ਬਣਾ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਮਨਪ੍ਰੀਤ ਬਾਦਲ ਦੇ ਹਮਾਇਤੀਆਂ ਵੱਲੋਂ ਅਜਾਦ ਚੋਣ ਲੜਨ ਦੀ ਸੂਰਤ ’ਚ ਕਈ ਵਾਰਡਾਂ ’ਚ ਮੁਕਾਬਲੇ ਤਿਕੋਣੇ ਅਤੇ ਕਈਆਂ ’ਚ ਬਹੁਕੋਣੇ ਹੋ ਸਕਦੇ ਹਨ। ਇਸ ਦਾ ਸਿੱਧਾ ਅਸਰ ਵੱਡੀਆਂ ਪਾਰਟੀਆਂ ਦੀ ਜਿੱਤ ਹਾਰ ਦੀਆਂ ਗਿਣਤੀਆਂ ਮਿਣਤੀਆਂ ’ਤੇ ਪੈ ਸਕਦਾ ਹੈ। ਇਸ ਦੌਰਾਨ ਬਠਿੰਡਾ ਤੋਂ ਵਿਧਾਇਕ ਜਗਰੂਪ ਗਿੱਲ ਦੇ ਸਿਆਸੀ ਪੱਤੇ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਜਿੰਨ੍ਹਾਂ ਨੂੰ ਮਹਿਤਾ ਗਰੁੱਪ ਦਾ ਕੱਟੜ ਵਿਰੋਧੀ ਮੰਨਿਆ ਜਾਂਦਾ ਹੈ।
ਸ਼ਹਿਰ ’ਚ ਇੰਨ੍ਹੀਂ ਦਿਨੀਂ ਚੁੰਝ ਚਰਚਾ ਚੱਲ ਰਹੀ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਮਾਇਤੀ ਕੌਂਸਲਰ ਅਜਾਦ ਉਮੀਦਵਾਰਾਂ ਵਜੋਂ ਚੋਣ ਲੜ ਸਕਦੇ ਹਨ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਚੋਣ ਨਤੀਜਿਆਂ ਦੌਰਾਨ ਵੱਡੇ ਉਲਟਫੇਰ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ 2021 ’ਚ 53 ਸਾਲ ਬਾਅਦ ਕਰੀਬ ਦੋ ਤਿਹਾਈ ਬਹੁਮੱਤ ਨਾਲ ਨਗਰ ਨਿਗਮ ਦੀ ਸੱਤਾ ’ਤੇ ਕਬਜਾ ਕਰਨ ਵਾਲੀ ਕਾਂਗਰਸ ਦੀ ਝੋਲੀ ’ਚ ਫਿਲਹਾਲ ਪਹਿਲਾਂ ਜਿੰਨੇਂ ਸਿਆਸੀ ਦਾਣੇ ਨਜ਼ਰ ਨਹੀਂ ਆ ਰਹੇ ਹਨ। ਮਨਪ੍ਰੀਤ ਬਾਦਲ ਹਮਾਇਤੀ ਮੇਅਰ ਨੂੰ ਹਟਾਉਣ ਤੋਂ ਬਾਅਦ ਪੰਜਾਂ ਸਾਲਾਂ ’ਚ ਕਾਂਗਰਸ ਦਾ ਕੁਨਬਾ ਸਿਮਟ ਕੇ ਸਿਰਫ ਇੱਕ ਤਿਹਾਈ ਰਹਿ ਗਿਆ ਹੈ। ਕਾਂਗਰਸ ਦੇ ਕਾਫੀ ਕੌਂਸਲਰ ਜਾਂ ਤਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ ਅਤੇ ਕਈਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ।
ਕਾਂਗਰਸੀ ਹਲਕਿਆਂ ਮੁਤਾਬਕ ਪਾਰਟੀ ਲਈ ਚੁਣੌਤੀ ਨਵੇਂ ਚਿਹਰਿਆਂ ਦੀ ਤਲਾਸ਼ ਹੈ। ਇਸ ਨੂੰ ਦੇਖਦਿਆਂ ਪਾਰਟੀ ਪੁਰਾਣੇ ਲੀਡਰਾਂ ਨੂੰ ਘਰ ਵਾਪਿਸੀ ਲਿਆਉਣ ਲਈ ਵੀ ਯਤਨ ਕਰ ਰਹੀ ਹੈ। ਪਾਰਟੀ ਨੂੰ ਕਿੰਨੀਂ ਕੁ ਸਫਲਤਾ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਨਿਗਮ ਦੀ ਸੱਤਾ ’ਤੇ ਮੁੜ ਕਬਜਾ ਜਮਾਉਣਾ ਬੋਤਾ ਰੇਲ ਚੜ੍ਹਾਉਣ ਵਾਂਗ ਦਿਖਾਈ ਦਿੰਦਾ ਹੈ। ਇਹੋ ਕਾਰਨ ਹੈ ਕਿ ਚੋਣ ਲੜਨ ਦੇ ਦਾਅਵੇਦਾਰਾਂ ਤੋਂ ਬਲਾਕ ਪ੍ਰਧਾਨਾਂ ਰਾਹੀਂ ਅਗੇਤੇ ਹੀ ਅਰਜੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰ ਚੁਣੇ ਜਾ ਸਕਣ। ਕਾਰਜਕਾਰੀ ਪ੍ਰਧਾਨ ਅਰੁਣ ਵਧਾਵਨ ਦਾ ਕਹਿਣਾ ਸੀ ਕਿ ਕਾਂਗਰਸ ਹਾਈਕਮਾਂਡ ਪਾਰਟੀ ਦੇ ਵਫਾਦਾਰਾਂ ਅਤੇ ਚੰਗੇ ਉਮੀਦਵਾਰਾਂ ਨੂੰ ਮੌਕਾ ਦੇਵੇਗੀ। ਜਾਣਕਾਰੀ ਅਨੁਸਾਰ 2 ਮਈ ਨੂੰ ਹਿਮਾਚਲ ਕੈਂਪ ਦੀ ਸਮਾਪਤੀ ਤੋਂ ਬਾਅਦ ਜਿਲਾ ਪ੍ਰਧਾਨ ਰਾਜਨ ਗਰਗ ਅਤੇ ਹੋਰ ਆਗੂ ਨਾਵਾਂ ਦੀ ਸਮੀਖਿਆ ਕਰੇਗੀ ਅਤੇ ਹਾਈਕਮਾਨ ਵੱਲੋਂ ਉਮੀਦਵਾਰਾਂ ਸਬੰਧੀ ਅੰਤਿਮ ਫੈਸਲਾ ਲਿਆ ਜਾਏਗਾ।
ਦਲਦਬਲੀ ਪਿੱਛੋਂ ਭਾਜਪਾ ਹੌਂਸਲੇ ’ਚ
ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੀ ਦਲਬਦਲੀ ਤੋਂ ਬਾਅਦ ਭਾਜਪਾ ਹੌਂਸਲੇ ’ਚ ਆ ਗਈ ਹੈ। ਇੱਕ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਹਿਲਾਂ ਉਮੀਦਵਾਰਾਂ ਲੱਭਣੇ ਪੈਂਦੇ ਸਨ ਪਰ ਹੁਣ ਚੋਣ ਲੜਨ ਵਾਲਿਆਂ ਨੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਵਿਹੜਾ ਨੀਵਾਂ ਕਰ ਦਿੱਤਾ ਹੈ। ਭਾਜਪਾ ਨਗਰ ਨਿਗਮ ਬਠਿੰਡਾ ਦੀ ਚੋਣ ਲੜਨ ਲਈ ਕਿਸ ਕਦਰ ਗੰਭੀਰ ਹੈ ਇਸ ਦਾ ਪਤਾ ਜੀਵਨ ਗੁਪਤਾ ਵਰਗੇ ਕੱਦਾਵਾਰ ਨੇਤਾ ਨੂੰ ਚੋਣ ਇੰਚਾਰਜ ਅਤੇ ਮੋਨਾ ਜਾਇਸਵਾਲ ਵਰਗੀ ਹੰਢੀ ਵਰਤੀ ਆਗੂ ਨੂੰ ਸਹਾਇਕ ਇੰਚਾਰਜ ਬਨਾਉਣ ਤੋਂ ਲੱਗਦਾ ਹੈ। ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਆਖਦੇ ਹਨ ਕਿ ਪਾਰਟੀ ਪੂਰੇ ਦਮ ਖਮ ਨਾਲ ਮੈਦਾਨ ’ਚ ਨਿੱਤਰੇਗੀ।
‘ਤੱਕੜੀ’ ਤਕੜੀ ਕਰਨ ਦੀ ਤਿਆਰੀ
ਸ਼੍ਰੋਮਣੀ ਅਕਾਲੀ ਦਲ ਵੀ ਨਿਗਮ ਚੋਣਾਂ ਪੂਰੇ ਜੋਸ਼ ਨਾਲ ਲੜਨ ਦੀ ਤਿਆਰੀ ਕਰ ਰਿਹਾ ਹੈ। ਪਾਰਟੀ ਨੌਜਵਾਨ ਚਿਹਰਿਆਂ ਅੱਗੇ ਲਿਆਕੇ ਮੈਦਾਨ ਫਤਿਹ ਕਰਨ ਦੇ ਰੌਂਅ ’ਚ ਨਜ਼ਰ ਆ ਰਹੀ ਹੈ। ਤਾਂ ਹੀ ਪਾਰਟੀ ਦਾ ਸ਼ਹਿਰੀ ਪ੍ਰਧਾਨ ਗੁਰਸੇਵਕ ਸਿੰਘ ਮਾਨ ਵਰਗੇ ਨੌਜਵਾਨ ਨੂੰ ਬਣਾਇਆ ਗਿਆ ਹੈ। ਦੇਖਿਆ ਜਾਏ ਤਾਂ ਅਕਾਲੀ ਦਲ ਫਿਲਹਾਲ ਤੇਲ ਦੇਖੋ ਤੇਲ ਦੀ ਧਾਰ ਦੇਖੋ ਦੀ ਨੀਤੀ ਤੇ ਚੱਲ ਰਿਹਾ ਹੈ। ਪਾਰਟੀ ਵਾਰਡਬੰਦੀ ਸਬੰਧੀ ਫਾਈਨਲ ਨੋਟੀਫਿਕੇਸ਼ਨ ਤੋਂ ਬਾਅਦ ਪੱਤੇ ਖੋਹਲ ਸਕਦੀ ਹੈ। ਸੰਪਰਕ ਕਰਨ ’ਤੇ ਪ੍ਰਧਾਨ ਗੁਰਸੇਵਕ ਮਾਨ ਨੇ ਫੋਨ ਨਹੀਂ ਚੁੱਕਿਆ।
Click to Follow Babushahi Facebook page →
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com