Donald Trump ਦਾ ਵੱਡਾ ਐਲਾਨ! ਕਿਹਾ, 'ਹੁਣ ਥਰਡ ਵਰਲਡ' ਦੇਸ਼ਾਂ ਦੇ ਲੋਕਾਂ ਨੂੰ US 'ਚ ਨਹੀਂ ਮਿਲੇਗੀ Entry'
ਬਾਬੂਸ਼ਾਹੀ ਬਿਊਰੋ
ਵਾਸ਼ਿੰਗਟਨ ਡੀਸੀ, 28 ਨਵੰਬਰ, 2025 : ਹਾਲ ਹੀ 'ਚ ਵਾਸ਼ਿੰਗਟਨ ਡੀਸੀ 'ਚ ਨੈਸ਼ਨਲ ਗਾਰਡਜ਼ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ 'ਤੀਜੀ ਦੁਨੀਆ' (Third World) ਤੋਂ ਹੋਣ ਵਾਲੇ ਮਾਈਗ੍ਰੇਸ਼ਨ (ਪਰਵਾਸ) ਨੂੰ ਸਥਾਈ ਤੌਰ 'ਤੇ ਰੋਕਣ ਨੂੰ ਲੈ ਕੇ ਕੰਮ ਕਰੇਗਾ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਮਰੀਕੀ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ 'ਰਿਕਵਰ ਅਤੇ ਰੀਸੈੱਟ' ਕਰਨ ਲਈ ਇਹ ਕਦਮ ਚੁੱਕ ਰਹੇ ਹਨ, ਜਿਸਦਾ ਸਿੱਧਾ ਅਸਰ ਲੱਖਾਂ ਪ੍ਰਵਾਸੀਆਂ 'ਤੇ ਪਵੇਗਾ।
"ਤੀਜੀ ਦੁਨੀਆ ਦੇ ਦੇਸ਼ਾਂ ਤੋਂ ਮਾਈਗ੍ਰੇਸ਼ਨ ਨੂੰ ਹਮੇਸ਼ਾ ਲਈ ਰੋਕ ਦੇਵਾਂਗਾ"
ਟਰੰਪ ਨੇ ਟਰੂਥ (Truth) 'ਤੇ ਲਿਖਿਆ, ''ਭਾਵੇਂ ਅਸੀਂ ਤਕਨਾਲੋਜੀ ਵਿੱਚ ਤਰੱਕੀ ਕੀਤੀ ਹੈ, ਪਰ ਇਮੀਗ੍ਰੇਸ਼ਨ ਪਾਲਿਸੀ ਨੇ ਕਈ ਲੋਕਾਂ ਲਈ ਉਨ੍ਹਾਂ ਫਾਇਦਿਆਂ ਅਤੇ ਰਹਿਣ ਦੇ ਹਾਲਾਤਾਂ ਨੂੰ ਖ਼ਤਮ ਕਰ ਦਿੱਤਾ ਹੈ। ਮੈਂ ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਮਾਈਗ੍ਰੇਸ਼ਨ ਨੂੰ ਹਮੇਸ਼ਾ ਲਈ ਰੋਕ ਦੇਵਾਂਗਾ, ਜਿਸ ਨਾਲ ਅਮਰੀਕੀ ਸਿਸਟਮ ਪੂਰੀ ਤਰ੍ਹਾਂ ਠੀਕ ਹੋ ਸਕੇ। ਬਾਈਡਨ ਦੇ ਲੱਖਾਂ ਗੈਰ-ਕਾਨੂੰਨੀ ਦਾਖਲੇ (admissions) ਖ਼ਤਮ ਕਰ ਦੇਵਾਂਗਾ।''
ਹੁਣ ਕਿਸਨੂੰ ਡਿਪੋਰਟ ਕਰਨ ਦੀ ਤਿਆਰੀ 'ਚ ਹਨ ਟਰੰਪ
ਟਰੰਪ ਨੇ ਇਹ ਵੀ ਕਿਹਾ ਕਿ ਅਜਿਹੇ ਸਾਰੇ ਪ੍ਰਵਾਸੀ, ਜੋ ਅਮਰੀਕਾ ਲਈ ਕੋਈ ਯੋਗਦਾਨ ਨਹੀਂ ਪਾਉਂਦੇ ਜਾਂ ਦੇਸ਼ ਦੀ ਸ਼ਾਂਤੀ ਲਈ ਖਤਰਾ ਹਨ ਜਾਂ 'ਪੱਛਮੀ ਸਭਿਅਤਾ ਦੇ ਅਨੁਕੂਲ ਨਹੀਂ ਹਨ', ਉਨ੍ਹਾਂ ਦੇ ਨਾਗਰਿਕਤਾ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਵਿੱਚ ਪ੍ਰਵਾਸੀਆਂ ਨੂੰ ਮਿਲਣ ਵਾਲੇ ਸਾਰੇ ਸੰਘੀ ਲਾਭ ਅਤੇ ਸਬਸਿਡੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।
ਬਾਈਡਨ ਦੀਆਂ ਨੀਤੀਆਂ 'ਤੇ ਸਾਧਿਆ ਨਿਸ਼ਾਨਾ
ਰਾਸ਼ਟਰਪਤੀ ਟਰੰਪ ਨੇ ਇਸ ਸਥਿਤੀ ਲਈ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ (Joe Biden) ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਬਾਈਡਨ ਪ੍ਰਸ਼ਾਸਨ ਨੇ ਲੱਖਾਂ ਲੋਕਾਂ ਨੂੰ ਬਿਨਾਂ ਜਾਂਚ ਦੇ ਦੇਸ਼ ਵਿੱਚ ਵੜਨ ਦਿੱਤਾ, ਜਿਸ ਨਾਲ ਅੱਜ ਇਹ ਨੌਬਤ ਆਈ ਹੈ। ਟਰੰਪ ਨੇ ਕਿਹਾ ਕਿ ਉਹ ਬਾਈਡਨ ਦੇ ਸਮੇਂ ਹੋਏ ਲੱਖਾਂ 'ਗੈਰ-ਕਾਨੂੰਨੀ ਦਾਖਲਿਆਂ' ਨੂੰ ਖ਼ਤਮ ਕਰ ਦੇਣਗੇ ਅਤੇ ਨਾਜਾਇਜ਼ ਰੂਪ ਵਿੱਚ ਵੜੇ ਲੋਕਾਂ ਦੇ ਸਾਰੇ ਰਿਕਾਰਡ ਰੱਦ ਕਰ ਦਿੱਤੇ ਜਾਣਗੇ।
ਹਮਲੇ ਤੋਂ ਬਾਅਦ ਜਾਗੀ ਸਰਕਾਰ
ਇਹ ਸਖ਼ਤ ਫੈਸਲਾ ਉਸ ਘਟਨਾ ਤੋਂ ਬਾਅਦ ਆਇਆ ਹੈ, ਜਿਸ ਵਿੱਚ ਇੱਕ ਅਫਗਾਨੀ ਨਾਗਰਿਕ (Afghan National) ਰਹਿਮਾਨਉੱਲਾ ਲਕਨਵਾਲ ਨੇ ਵ੍ਹਾਈਟ ਹਾਊਸ ਨੇੜੇ ਦੋ ਨੈਸ਼ਨਲ ਗਾਰਡਜ਼ 'ਤੇ ਗੋਲੀ ਚਲਾ ਦਿੱਤੀ ਸੀ। ਇਸ ਹਮਲੇ ਵਿੱਚ 20 ਸਾਲ ਦੀ ਮਹਿਲਾ ਸੈਨਿਕ ਸਾਰਾ ਬੇਕਸਟ੍ਰੋਮ ਦੀ ਮੌਤ ਹੋ ਗਈ ਸੀ। ਟਰੰਪ ਨੇ ਇਸਨੂੰ ਅੱਤਵਾਦੀ ਹਮਲਾ ਦੱਸਦਿਆਂ ਕਿਹਾ ਕਿ ਅਜਿਹੇ ਲੋਕਾਂ ਦੀ ਵਜ੍ਹਾ ਨਾਲ ਦੇਸ਼ ਅਸੁਰੱਖਿਅਤ ਹੋ ਗਿਆ ਹੈ। ਇਸ ਤੋਂ ਬਾਅਦ ਯੂਐਸਸੀਆਈਐਸ (USCIS) ਨੇ 19 ਦੇਸ਼ਾਂ ਤੋਂ ਆਉਣ ਵਾਲੀਆਂ ਅਰਜ਼ੀਆਂ ਦੀ ਸੁਰੱਖਿਆ ਜਾਂਚ ਨੂੰ ਹੋਰ ਸਖ਼ਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਤੀਜੀ ਦੁਨੀਆ ਦੇ ਦੇਸ਼ ਉਨ੍ਹਾਂ ਦੇਸ਼ਾਂ ਨੂੰ ਕਿਹਾ ਜਾਂਦਾ ਹੈ, ਜੋ ਹਾਲੇ ਜ਼ਿਆਦਾ ਵਿਕਾਸ ਨਹੀਂ ਕਰ ਸਕੇ ਹਨ। ਇਨ੍ਹਾਂ ਦੇਸ਼ਾਂ 'ਚ 32 ਅਫਰੀਕੀ ਦੇਸ਼ (ਜਿਵੇਂ ਅੰਗੋਲਾ, ਇਥੋਪੀਆ, ਮਲਾਵੀ, ਰਵਾਂਡਾ, ਯੂਗਾਂਡਾ ਜ਼ੈਂਬੀਆ ਆਦਿ), ਏਸ਼ੀਆ ਵਿੱਚ 8 (ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਯਮਨ ਆਦਿ), 1 ਕੈਰੇਬੀਅਨ (ਹੈਤੀ) ਅਤੇ 3 ਪੈਸਿਫਿਕ (ਕਿਰੀਬਾਤੀ, ਸੋਲੋਮਨ ਟਾਪੂ ਅਤੇ ਤੁਵਾਲੂ) ਸ਼ਾਮਲ ਹਨ। ਹੁਣ ਦੇਖਣਾ ਹੋਵੇਗਾ ਕਿ ਟਰੰਪ ਤੀਜੀ ਦੁਨੀਆ ਦੇ ਦੇਸ਼ਾਂ 'ਚ ਇਨ੍ਹਾਂ ਦੇਸ਼ਾਂ ਨੂੰ ਹੀ ਸ਼ਾਮਲ ਕਰਦੇ ਹਨ ਜਾਂ ਕੁਝ ਹੋਰ ਦੇਸ਼ ਵੀ ਉਨ੍ਹਾਂ ਦੇ ਰਾਡਾਰ 'ਤੇ ਹੋਣਗੇ