DC ਬਠਿੰਡਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਸਬੰਧੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2026 : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ 14 ਅਪ੍ਰੈਲ 2026 ਨੂੰ ਹਰ ਸਾਲ ਦੀ ਤਰ੍ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਏ ਜਾਣ ਵਾਲੇ ਵਿਸਾਖੀ ਸਮਾਗਮ ਸਬੰਧੀ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਨਾਂ ਮੇਲੇ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸਾਖੀ ਮੇਲੇ ਦੇ ਮੱਦੇਨਜ਼ਰ ਤਲਵੰਡੀ ਸਾਬੋ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਜਾਵੇਗਾ। ਉਹਨਾਂ ਕਿਹਾ ਕਿ ਹਰ ਇੱਕ ਸੈਕਟਰ ਦਾ ਇੰਚਾਰਜ ਲਗਾਇਆ ਜਾਵੇਗਾ, ਜੋ ਕਿ ਸਾਰੇ ਵਿਭਾਗਾਂ ਨਾਲ ਤਾਲਮੇਲ ਰੱਖੇਗਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੇਲੇ ਦੌਰਾਨ ਸੁਰੱਖਿਆ, ਨਿਰਵਿਘਨ ਟਰੈਫਿਕ, ਪਾਰਕਿੰਗ, ਕੰਟਰੋਲ ਰੂਮ, ਪੁੱਛ-ਗਿੱਛ ਕੇਂਦਰ ਸਬੰਧੀ ਅਗਾਊ ਪ੍ਰਬੰਧ ਮੁਕੰਮਲ ਕੀਤੇ ਜਾਣ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਗੋਤਾਖੋਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੀਆਂ ਲਿਸਟਾਂ ਸਿਵਿਲ ਪ੍ਰਸ਼ਾਸਨ ਨਾਲ ਸਾਂਝੀ ਕੀਤੀਆਂ ਜਾਣ ਤਾਂ ਜੋ ਇਨ੍ਹਾਂ ਦੀ ਡਿਊਟੀ ਲਗਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਡਿਊਟੀ ਮੈਜਿਸਟ੍ਰੇਟਾਂ ਨੂੰ ਵਾਇਰਲੈੱਸ ਸੈੱਟ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਪੁਲਿਸ ਵਿਭਾਗ ਦੁਆਰਾ ਗੁਰੂਦੁਵਾਰਾ ਸਾਹਿਬ ਦੇ ਪ੍ਰਬੰਧਕਾਂ ਦੀ ਮੰਗ ਅਨੁਸਾਰ ਸੁਰੱਖਿਆ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲੇ 'ਚ ਡਾਕਟਰਾਂ ਤੇ ਹੋਰਨਾਂ ਸਿਹਤ ਸਟਾਫ ਦੀਆਂ ਟੀਮਾਂ, ਘੱਟੋਂ-ਘੱਟ 3 ਐਂਬੂਲੈਂਸਾਂ, ਦਵਾਈਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਟੀਮਾਂ 24 ਘੰਟੇ ਕੰਮ ਕਰਨਗੀਆਂ।
ਇਸ ਮੌਕੇ ਉਹਨਾਂ ਪੀਆਰਟੀਸੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋੜ ਅਨੁਸਾਰ ਆਰਜ਼ੀ ਬੱਸ ਅੱਡੇ, ਸ਼ਰਧਾਲੂਆਂ ਲਈ ਬੱਸਾਂ ਦੇ ਢੁੱਕਵੇਂ ਪ੍ਰਬੰਧ, ਰਿਕਵਰੀ ਵੈਨਾਂ, ਬੱਸਾਂ ਦੇ ਰੂਟਾਂ ਸਬੰਧੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕਰਨਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਹਨਾਂ ਲੋਕ ਨਿਰਮਾਣ ਵਿਭਾਗ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਦੀਆਂ ਸੜਕਾਂ, ਮੇਲੇ ਵਾਲੀ ਥਾਵਾਂ ਦੀ ਬੈਰੀਕਡਿੰਗ ਆਦਿ ਕਰਵਾਉਣੀ ਯਕੀਨੀ ਬਣਾਈ ਜਾਵੇ।
ਉਹਨਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਮੇਲੇ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਾਰੀਆਂ ਢੁਕਵੀਆਂ ਥਾਵਾਂ ਉੱਤੇ ਪੀਣ ਵਾਲਾ ਪਾਣੀ ਮੁਹਈਆ ਹੈ। ਇਸ ਦੇ ਨਾਲ ਹੀ ਉਹਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੇਲੇ ਵਾਲੀਆਂ ਥਾਵਾਂ ਉੱਤੇ ਬਿਜਲੀ ਦੀ ਫਿਟਿੰਗ ਦੇ ਪੁਖਤਾ ਪ੍ਰਬੰਧ ਰੱਖੇ ਜਾਣ। ਇਸ ਤੋਂ ਇਲਾਵਾ ਮੇਲੇ ਦੇ ਵੱਖ-ਵੱਖ ਰੂਟਾਂ ਉੱਪਰ ਢਿੱਲੀਆਂ ਤਾਰਾਂ ਨੂੰ ਉੱਪਰ ਚੁੱਕਣਾ ਯਕੀਨੀ ਬਣਾਇਆ ਜਾਵੇ।
ਇਸੇ ਤਰ੍ਹਾਂ ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਸਫਾਈ ਦੇ ਵਿਸ਼ੇਸ਼ ਪ੍ਰਬੰਧ ਰੱਖੇ ਜਾਣ। ਹਰ ਇਕ ਜਨਤਕ ਥਾਂ ਉੱਤੇ ਕੂੜੇਦਾਨ ਦਾ ਪ੍ਰਬੰਧ, ਹਰ ਇਕ ਕੂੜੇਦਾਨ ਦੀ ਨੂੰ ਸਮੇਂ-ਸਿਰ ਖਾਲੀ ਕਰਨਾ ਆਦਿ ਸਬੰਧੀ ਪੁਖਤਾ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ।
ਇਸ ਮੌਕੇ ਸ਼੍ਰੀ ਰਾਕੇਸ਼ ਸ਼ਰਮਾ ਐਸ.ਡੀ.ਐਮ ਤਲਵੰਡੀ ਸਾਬੋ, ਸਿਵਲ ਸਰਜਨ ਅਫਸਰ ਡਾ. ਅਨੂਪਮ ਸ਼ਰਮਾ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਮੋਹਿਤ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ, ਡੀ.ਐਸ.ਪੀ. ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਆਦਿ ਹਾਜ਼ਰ ਸਨ।
Click to Follow Babushahi Facebook page →