Canada news : ਨਾਟਕ ਅਤੇ ਜਾਦੂ ਟਰਿੱਕਾਂ ਰਾਹੀਂ ਆਪਣਾ ਸੰਦੇਸ਼ ਦੇਣ ਵਿੱਚ ਸਫਲ ਰਿਹਾ ਐਬਸਫੋਰਡ ਦਾ ਤਰਕਸ਼ੀਲ ਮੇਲਾ
ਬੇ-ਤਰਕ ਲੋਕਾਂ ਵਿਚ ਮਾਨਸਿਕ ਰੋਗੀ ਹੋਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਵਧੇਰੇ ਹੁੰਦੀ ਹੈ – ਬਲਵਿੰਦਰ ਬਰਨਾਲਾ
ਐਬਸਫੋਰਡ, 31 ਅਗਸਤ (ਹਰਦਮ ਮਾਨ)-ਬੀਤੇ ਦਿਨ ਮੈਟਸਕਿਊ ਆਡੀਟੋਰੀਅਮ ਐਬਸਫੋਰਡ ਵਿਖੇ ਤਰਕਸ਼ੀਲ ਸੁਸਾਇਟੀ ਐਬਸਫੋਰਡ ਦੇ ਵੱਲੋਂ ਤਰਕਸ਼ੀਲ ਆਗੂ ਅਤੇ ਖੇਤੀ ਵਿਗਿਆਨੀ ਡਾ. ਬਲਜਿੰਦਰ ਸਿੰਘ ਸੇਖੋਂ ਦੀ ਯਾਦ ਨੂੰ ਸਮਰਪਿਤ ਤਰਕਸ਼ੀਲ ਮੇਲਾ ਕਰਵਾਇਆ ਗਿਆ।
ਮੇਲੇ ਦੀ ਸ਼ੁਰੂਆਤ ਵਿੱਚ ਤਰਕਸ਼ੀਲ ਸੁਸਾਇਟੀ ਦੀ ਕੌਮੀ ਕਮੇਟੀ ਦੇ ਸਰਪ੍ਰਸਤ ਬਾਈ ਅਵਤਾਰ, ਪ੍ਰਧਾਨ ਬਲਦੇਵ ਰਹਿਪਾ, ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਅਤੇ ਵਿੱਤ ਸਕੱਤਰ ਜਗਰੂਪ ਧਾਲੀਵਾਲ ਨੇ ਡਾ. ਬਲਜਿੰਦਰ ਸੇਖੋਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੈਮਿਲੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਲਜ਼ਾਰ ਵਿਲਿੰਗ ਦੀ ਅਗਵਾਈ ਵਿੱਚ ਡਾ. ਸੁਖਦੇਵ ਮਾਨ, ਡਾ. ਜੋਰਾ ਸਿੰਘ ਬਰਾੜ, ਡਾ. ਗੁਰਮੇਲ ਬੀਰੋਕੇ ਅਤੇ ਪਵਿੱਤਰ ਕੌਰ ਵੱਲੋਂ ਵੀ ਡਾ. ਸੇਖੋਂ ਨੂੰ ਸ਼ਰਧਾਂਜਲੀ ਅਰਪਨ ਕੀਤੀ ਗਈ। ਜ਼ਿਕਰਯੋਗ ਹੈ ਕਿ ਡਾ. ਸੇਖੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਂਟੋਮਾਲੋਜੀ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਸਨ।
ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਦੇ ਕੌਮੀ ਪ੍ਰਧਾਨ ਬਲਦੇਵ ਰਹਿਪਾ ਨੇ ਗ਼ਦਰੀਆਂ, ਬੱਬਰਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੀਆਂ ਕੁਰਬਾਨੀਆਂ ਅਤੇ ਸੋਚ ਦਾ ਜ਼ਿਕਰ ਕਰਦਿਆਂ, ਲੋਕਾਂ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਬਿਹਤਰ ਸਮਾਜ ਦੀ ਉਸਾਰੀ ਵਿੱਚ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨਿੱਜੀ ਅਤੇ ਸਮਾਜਿਕ ਸਮੱਸਿਆਵਾਂ ਦੇ ਹੱਲ ਲਈ ਅੰਧ ਵਿਸ਼ਵਾਸ਼ ਦੇ ਸਹਾਰੇ ਦੀ ਥਾਂ ਵਿਗਿਆਨਕ ਸੋਚ ਅਪਣਾਉਣ ਦੀ ਗੱਲ ਕੀਤੀ। ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਨੇ ਇਸ ਮੌਕੇ ਕਿਹਾ ਕਿ ਤਰਕ ਅਤੇ ਬੇ-ਤਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤਰਕ ਦਾ ਸੰਬੰਧ ਦਲੀਲ ਨਾਲ ਹੈ ਅਤੇ ਬੇ-ਤਰਕ ਦਾ ਸੰਬੰਧ ਅੰਧ-ਵਿਸ਼ਵਾਸ਼ ਨਾਲ। ਉਨ੍ਹਾਂ ਕਿਹਾ ਕਿ ਬੇ-ਤਰਕ ਲੋਕਾਂ ਵਿੱਚ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਆਮ ਲੋਕਾਂ ਨਾਲੋਂ ਵਧੇਰੇ ਹੁੰਦੀ ਹੈ।
ਗੁਰਪ੍ਰੀਤ ਭਦੌੜ ਅਤੇ ਬਲਦੇਵ ਸਿੰਘ ਦੀ ਟੀਮ ਨੇ ਜਾਦੂ ਦੇ ਟਰਿੱਕਾਂ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਲੋਕਾਂ ਨੂੰ ਅਚੰਭਿਤ ਕੀਤਾ। ਗੁਰਪ੍ਰੀਤ ਭਦੌੜ ਨੇ ਜਿੱਥੇ ਆਪਣੀ ਵਿਲੱਖਣ ਕਲਾ ਨਾਲ ਦਰਸ਼ਕਾਂ ਨੂੰ ਹੈਰਾਨ ਕੀਤਾ, ਉੱਥੇ ਉਸ ਨੇ ਤਰਕਸ਼ੀਲ ਸੁਨੇਹਾ ਵੀ ਦਿੱਤਾ ਕਿ ਅਗਿਆਨਤਾ ਹੀ ਅੰਧ ਵਿਸ਼ਵਾਸ ਨੂੰ ਜਨਮ ਦਿੰਦੀ ਹੈ। ਉਸ ਵੱਲੋਂ ਪੰਜੋ ਰਫਿਊਜਨ ਅਤੇ ਇੰਜ. ਪਿਆਰਾ ਸਿੰਘ ਚਾਹਲ ਦੀ ਤਰਕਸ਼ੀਲ ਸੁਨੇਹੇ ਵਾਲੀ ਗਜ਼ਲ ਦੀ ਭਾਵਪੂਰਤ ਪੇਸ਼ਕਾਰੀ ਵੀ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲੀ।
ਲੋਕ ਕਲਾ ਮੰਚ ਮੁੱਲਾਂਪੁਰ ਦੇ ਨਿਰਦੇਸ਼ਕ ਡਾ. ਸੁਰਿੰਦਰ ਸ਼ਰਮਾ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ‘ਦੋ ਰੋਟੀਆਂ’ ਪ੍ਰੋਗਰਾਮ ਦਾ ਸਿਖਰ ਹੋ ਨਿਬੜਿਆ। ਨਾਟਕ ਪੰਜਾਬ ਤੋਂ ਕੈਨੇਡਾ ਪੜ੍ਹਨ ਆਏ ਵਿਦਿਆਰਥੀਆਂ ਦੀਆਂ ਦੁਸ਼ਵਾਰੀਆਂ ਅਤੇ ਇੱਥੋਂ ਦੇ ਲੋਕਾਂ ਵੱਲੋਂ ਉਨਾਂ ਦੀ ਲੁੱਟ ਤੋਂ ਸ਼ੂਰੂ ਹੁੰਦਾ ਹੋਇਆ ਕੌਮੀ ਅਤੇ ਕੌਮਾਂਤਰੀ ਸਰੋਕਾਰਾਂ ਨੂੰ ਮੁਖਾਤਿਬ ਹੋਇਆ। ਸੁਰਿੰਦਰ ਸ਼ਰਮਾ ਵੱਲੋਂ ਮਾਸਟਰ ਜੀ ਦੀ ਭੂਮਿਕਾ ਵਿੱਚ ਰਚਾਏ ਤਿੱਖੇ ਅਤੇ ਭਾਵੁਕ ਸੰਵਾਦਾਂ ਨਾਲ ਦਰਸ਼ਕਾਂ ਦੀ ਸੋਚ ਨੂੰ ਹਲੂਣਿਆਂ। ਪੰਜਾਬ ਤੋਂ ਆਏ ਵਿਦਿਆਰਥੀ ਦਾ ਨਸ਼ਿਆਂ ਦੀ ਗ੍ਰਿਫਤ ਵਿੱਚ ਆਉਣਾ ਅਤੇ ਉਸ ਜੰਜਾਲ ਵਿੱਚੋਂ ਬਾਹਰ ਨਿਕਲਣ ਦੀਆਂ ਲੇਲ੍ਹੜੀਆਂ ਨੇ ਅਹਰ ਇਕ ਦਰਸ਼ਕ ਦੀਆਂ ਅੱਖਾਂ ਸਿੱਲੀਆਂ ਕੀਤੀ। ਪਾਗਲ ਦੇ ਰੋਲ ਵਿੱਚ ਪ੍ਰਿੰਸ ਗੋਸਵਾਮੀ ਨੇ ਸਮਾਜਿਕ, ਆਰਥਿਕ ਅਤੇ ਸਿਆਸੀ ਵਰਤਾਰੇ ਉੱਪਰ ਕਰਾਰੀਆਂ ਚੋਟਾਂ ਲਾਈਆਂ। ਮਾਸਟਰ ਦੀ ਪਤਨੀ ਦੀ ਭੂਮਿਕਾ ਵਿੱਚ ਬਲਵਿੰਦਰ ਗਰੇਵਾਲ, ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਦਿਆਰਥੀ ਦੀ ਭੂਮਿਕਾ ਵਿੱਚ ਬੀਰ ਬਟਾਲਵੀ, ਬਲਵੰਤ ਰੁਪਾਲ ਦੀ ਅਦਾਕਾਰੀ ਬਾ-ਕਮਾਲ ਸੀ। ਨਾਟਕ ਦੀ ਸਮਾਪਤੀ ‘ਤੇ ਦਰਸ਼ਕਾਂ ਨੇ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਕੇ ਲਗਾਤਾਰ ਤਾੜੀਆਂ ਦੀ ਗੂੰਜ ਨਾਲ ਪੂਰੀ ਟੀਮ ਦੀ ਹੱਲਾਸ਼ੇਰੀ ਦਿੱਤੀ।
ਤਰਕਸ਼ੀਲ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਡਾ. ਸੁਖਦੇਵ ਮਾਨ ਨੇ ਦਰਸ਼ਕਾਂ ਦੇ ਭਰਪੂਰ ਹੁੰਗਾਰੇ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਸਾਧੂ ਸਿੰਘ ਗਿੱਲ ਨੇ ਪ੍ਰੋਗਰਾਮ ਲਈ ਵਿੱਤੀ ਯੋਗਦਾਨ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਹੋਰ ਵਧੀਆ ਪ੍ਰੋਗਰਾਮ ਕਰਨ ਦੀ ਵਚਨਬੱਧਤਾ ਦੁਹਰਾਈ।