CEC-CGC ਲਾਂਡਰਾਂ ਦੀ ਸਮਾਰਟ ਇੰਡੀਆ ਹੈਕਾਥਾੱਨ-2025 ਸਾਫਟਵੇਅਰ ਐਡੀਸ਼ਨ ਲਈ ਨੋਡਲ ਕੇਂਦਰ ਵਜੋਂ ਹੋਈ ਚੋਣ
ਚੰਡੀਗੜ੍ਹ, 3 Dec 2025- ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਸੀਜੀਸੀ ਲਾਂਡਰਾਂ ਨੂੰ ਸਮਾਰਟ ਇੰਡੀਆ ਹੈਕਾਥਾੱਨ (ਐਸਆਈਐਚ)-2025 ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਲਈ ਇੱਕ ਅਧਿਕਾਰਤ ਨੋਡਲ ਕੇਂਦਰ ਵਜੋਂ ਚੁਣਿਆ ਗਿਆ ਹੈ। ਇਹ ਫਲੈਗਸ਼ਿਪ ਇਨੋਵੇਸ਼ਨ ਈਵੈਂਟ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਅਤੇ ਭਾਈਵਾਲ ਸੰਸਥਾਨਾਂ ਵੱਲੋਂ 08 ਅਤੇ 09 ਦਸੰਬਰ, 2025 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸੀਈਸੀ-ਸੀਜੀਸੀ ਲਾਂਡਰਾਂ ਪੰਜਾਬ ਦੇ ਸਿਰਫ਼ ਤਿੰਨ ਸੰਸਥਾਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਕੁੱਲ 60 ਪੈਨ ਇੰਡੀਆ ਵਿੱਚੋਂ ਨੋਡਲ ਕੇਂਦਰ ਵਜੋਂ ਚੁਣਿਆ ਗਿਆ ਹੈ।ਇੱਥੇ ਜ਼ਿਕਰਯੋਗ ਹੈ ਕਿ ਇਸ ਵੱਕਾਰੀ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਮੇਜ਼ਬਾਨੀ ਲਈ ਸੀਈਸੀ-ਸੀਜੀਸੀ ਲਾਂਡਰਾਂ ਨੂੰ ਸੱਤਵੀਂ ਵਾਰ ਚੁਣਿਆ ਗਿਆ ਹੈ। ਸੀਈਸੀ-ਸੀਜੀਸੀ ਲਾਂਡਰਾਂ 25 ਟੀਮਾਂ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਭਾਰਤ ਭਰ ਤੋਂ 200 ਤੋਂ ਵੱਧ ਵਿਦਿਆਰਥੀ ਅਤੇ ਸਲਾਹਕਾਰ ਸ਼ਾਮਲ ਹੋਣਗੇ। ਇਨ੍ਹਾਂ ਟੀਮਾਂ ਵਿੱਚ ਪ੍ਰਤਿਭਾਸ਼ਾਲੀ ਨਵੀਨਤਾਕਾਰੀ ਲਗਾਤਾਰ 36 ਘੰਟੇ ਕੋਡਿੰਗ ਕਰਕੇ, ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਸਮੱਸਿਆ ਬਿਆਨਾਂ 'ਤੇ ਕੰਮ ਕਰਨਗੇ। ਐਸਆਈਐਚ-2025 ਦਾ ਮੁੱਖ ਉਦੇਸ਼ ਨਵੀਨਤਾ ਅਤੇ ਸਮੱਸਿਆ ਹੱਲ ਨੂੰ ਉਤਸ਼ਾਹਿਤ ਕਰਕੇ ਅਕਾਦਮਿਕ ਸਿੱਖਿਆ ਨੂੰ ਵਾਸਤਵਿਕ ਜੀਵਨ ਵਿੱਚ ਲਾਗੂ ਕਰਨ ਵੱਲ ਜੋੜਨਾ ਹੈ।
ਇਸ ਰਾਸ਼ਟਰੀ ਪੱਧਰ ਦੇ ਹੈਕਾਥਾੱਨ ਨੂੰ ਸਭ ਤੋਂ ਵੱਡੇ ਓਪਨ ਇਨੋਵੇਸ਼ਨ ਪਲੇਟਫਾਰਮਾਂ (ਮੰਚਾਂ )ਵਿੱਚੋਂ ਇੱਕ ਵਜੋਂ ਮਾਨਤਾ ਪ੍ਰਾਪਤ ਹੈ, ਜੋ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਮੰਤਰਾਲਿਆਂ, ਸਰਕਾਰੀ ਵਿਭਾਗਾਂ ਅਤੇ ਉਦਯੋਗ ਭਾਈਵਾਲਾਂ ਵੱਲੋਂ ਪ੍ਰਦਾਨ ਕੀਤੇ ਗਏ ਅਸਲ ਜ਼ਿੰਦਗੀ ਦੇ ਸਮੱਸਿਆ ਬਿਆਨਾਂ ਨੂੰ ਹੱਲ ਕਰਨ ਲਈ ਪੇ੍ਰਿਤ ਕਰਦਾ ਹੈ। ਇਹ ਵਿਦਿਆਰਥੀਆਂ ਨੂੰ ਅਸਲ ਸੰਸਾਰ ਦੀਆਂ ਸਮੱਸਿਆਵਾਂ ਲਈ ਰਚਨਾਤਮਕ ਹੱਲ ਵਿਕਸਤ ਕਰਨ ਅਤੇ ਦਰਸਾਉਣ ਲਈ ਇੱਕ ਗਤੀਸ਼ੀਲ ਮੰਚ ਪ੍ਰਦਾਨ ਕਰਦਾ ਹੈ। ਹੈਕਾਥਾੱਨ ਦਾ ਮਕਸਦ ਭਾਗੀਦਾਰਾਂ ਨੂੰ ਆਲੋਚਨਾਤਮਕ ਅਤੇ ਨਵੀਨਤਾਕਾਰੀ ਢੰਗ ਨਾਲ ਸੋਚਣ ਲਈ ਉਤਸ਼ਾਹਿਤ ਕਰਕੇ, ਅਕਾਦਮਿਕ ਗਿਆਨ ਅਤੇ ਵਿਹਾਰਕ ਉਪਯੋਗ ਵਿਚਕਾਰਲੇ ਪਾੜੇ ਨੂੰ ਪੂਰਾ ਕਰਨਾ ਹੈ।
ਇਸ ਵੱਡੀ ਪ੍ਰਾਪਤੀ ਸੰਬੰਧੀ ਗੱਲਬਾਤ ਕਰਦਿਆਂ ਡਾ.ਰਾਜਦੀਪ ਸਿੰਘ ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਐਸਆਈਐਚ-2025 ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਲਈ ਨੋਡਲ ਸੈਂਟਰ ਵਜੋਂ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਸੱਤ ਸਾਲਾਂ ਤੋਂ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਕਰਨਾ ਨਾ ਸਿਰਫ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਬਲਕਿ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸੰਸਥਾ ਦੀ ਨਿਰੰਤਰ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। 2017 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਐਸਆਈਐਚ ਵਿਿਦਆਰਥੀਆਂ ਨੂੰ ਸਮਾਜ ਅਤੇ ਉਦਯੋਗ ਨਾਲ ਸੰਬੰਧਿਤ ਚੁਣੌਤੀਆਂ ’ਤੇ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਦਾ ਆ ਰਿਹਾ ਹੈ। ਐਸਆਈਐਚ ਦਾ 2025 ਐਡੀਸ਼ਨ ਇਸ ਪਹੁੰਚ ਨੂੰ ਜਾਰੀ ਰੱਖਦਾ ਹੈ ਅਤੇ ਭਾਗੀਦਾਰਾਂ ਨੂੰ ਸਕਾਰਾਤਮਕ ਸਮਾਜਿਕ ਪ੍ਰਭਾਵ ਦੇ ਨਾਲ ਸਾਫਟਵੇਅਰ ਅਧਾਰਿਤ ਹੱਲ ਵਿਕਸਤ ਕਰਨ ਲਈ ਇੱਕ ਮੰਚ ਮੁਹੱਈਆ ਕਰਵਾਉਂਦਾ ਹੈ।