ਆਕਸਫੋਰਡ ਸਕੂਲ ਦੀਆਂ ਬੱਚੀਆਂ ਵੱਲੋਂ ਭਰੂਣ ਹੱਤਿਆ ਵਰਗੀ ਲਾਅਨਤ ਦੇ ਖਾਤਮੇ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 7 ਮਈ 2026 : ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਰਾਜ ਵੱਲੋਂ ਔਰਤ ਜਾਤੀ ਨੂੰ ਉੱਚ ਦਾ ਦਰਜਾ ਦੇਣ ਦੇ ਬਾਵਜੂਦ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ’ਤੇ ਕੁੱਖਾਂ ’ਚ ਧੀਆਂ ਕਤਲ ਕਰਨ ਦਾ ਅਮਲ ਰੋਕਿਆ ਨਹੀਂ ਜਾ ਸਕਿਆ ਹੈ। ਇਹ ਉਨ੍ਹਾਂ ਬੱਚੀਆਂ ਦੀ ਪੁਕਾਰ ਹੈ ਜੋ ਜਨਮ ਤੋਂ ਮੌਤ ਤੱਕ ਹਮੇਸ਼ਾ ਆਪਣੇ ਪੇਕੇ ਅਤੇ ਸੌਹਰੇ ਪ੍ਰੀਵਾਰ ਦੀ ਸੱਖ ਮੰਗਦੀਆਂ ਹਨ। ਧੀਆਂ ਦਾ ਸਵਾਲ ਹੈ ਕਿ ਉਹ ਸਮਾਜ ’ਚ ਆਪਣਾ ਸਥਾਨ ਆਪ ਬਣਾਉਂਦੀਆਂ ਹਨ ਤਾਂ ਫਿਰ ਉਨ੍ਹਾਂ ਨਾਲ ਜਨਮ ਤੋਂ ਪਹਿਲਾਂ ਹੀ ਵਿਤਕਰਾ ਕਿਉਂ। ਭਰੂਣ ਹੱਤਿਆ ਰੋਕਣ ਲਈ ਸਖਤ ਕਾਨੂੰਨ ਬਣਨ ਦੇ ਬਾਵਜੂਦ ਇਸ ਬੁਰਾਈ ਦਾ ਨਾਂ ਰੁਕਣਾ ਸਮਾਜ ਅਤੇ ਕਾਨੂੰਨ ’ਤੇ ਪ੍ਰਸ਼ਨ ਚਿੰਨ ਲਾਉਂਦਾ ਹੈ। ਨਾਮਵਰ ਵਿੱਦਿਅਕ ਸੰਸਥਾ ਆਕਸਫੋਰਡ ਸਕੂਲ ਭਗਤਾ ਭਾਈ ਦੀਆਂ ਬੱਚੀਆਂ ਨੇ ਇਸ ਪ੍ਰਤੀ ਫਿਕਰ ਜਾਹਰ ਕਰਦਿਆਂ ਇਹ ਲਾਅਨਤ ਖਤਮ ਕਰਨ ਲਈ ਹਰ ਪੰਜਾਬੀ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਵਿਦਿਆਰਥਣ ਸੁਖਮਨ ਦਾ ਕਹਿਣਾ ਸੀ ਕਿ ਕਾਨੂੰਨ ਵਿੱਚ ਭਰੂਣ ਟੈਸਟ ਕਰਵਾਉਣ, ਇਸ ਕੰਮ ਲਈ ਉਕਸਾਉਣ ਅਤੇ ਟੈਸਟ ਕਰਨ ਵਾਲਿਆਂ ਲਈ ਸਜ਼ਾ ਦਾ ਪ੍ਰਬੰਧ ਹੈ। ਇਸ ਦੇ ਉਲਟ ਕਾਨੂੰਨ ਦੀਆਂ ਚੋਰ ਮੋਰੀਆਂ ਕਾਰਨ ਹੁਣ ਤੱਕ ਕਿਸੇ ਨੂੰ ਵੀ ਮਿਸਾਲੀ ਸਜ਼ਾ ਨਾਂ ਮਿਲਣ ਕਾਰਨ ਇਹ ਸਿਲਸਿਲਾ ਬੇਰੋਕ ਟੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੁੜੀਆਂ ਨੇ ਹਰ ਖੇਤਰ ’ਚ ਆਪਣੀ ਸਿਰਮੌਰਤਾ ਸਿੱਧ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਤਾਂ ਫਿਰ ਇੱਕ ਬੱਚੀ ਨੂੰ ਦੁਨੀਆਂ ’ਤੇ ਆਉਣ ਤੋਂ ਵਾਂਝਾ ਰੱਖਿਆ ਜਾਣਾ ਸਮਾਜ ਦੀ ਭੈੜੀ ਮਾਨਸਿਕਤਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਜੱਗ ਜਨਣੀ ਕਹਿਣ ਦੇ ਬਾਵਜੂਦ Çਲੰਗ ਪਛਾਣ ਤੋਂ ਬਾਅਦ ਕੁੱਖਾਂ ’ਚ ਧੀਆਂ ਦੇ ਕਤਲ ਲਗਾਤਾਰ ਜਾਰੀ ਹਨ। ਵਿਦਿਆਰਥਣ ਜੈਸਮੀਨ ਦਾ ਕਹਿਣਾ ਸੀ ਕਿ ਬੇਸ਼ੱਕ ਨਵੀਂ ਜਨਗਨਣਾ ਆਉਣ ’ਚ ਸਮਾਂ ਲੱਗੇਗਾ ਪਰ ਤੱਥ ਗਵਾਹ ਹਨ ਕਿ ਧੀਆਂ ਦੀ ਕਿਸਮਤ ’ਚ ਬਹੁਤਾ ਫਰਕ ਨਹੀਂ ਪਿਆ ਹੈ।
ਜੈਸਮੀਨ ਨੇ ਕਿਹਾ ਕਿ ਬੱਚੀਆਂ ਦੇ ਕਤਲ ਰੋਕਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ’ਤੇ ਕੀਤੇ ਗਏ ਯਤਨਾਂ ਦੇ ਬਾਵਜੂਦ ਹਾਂ ਪੱਖੀ ਨਤੀਜੇ ਨਹੀਂ ਨਿਕਲ ਸਕੇ ਹਨ। ਵਿਦਿਆਰਥਣ ਸੁਬਰੀਤ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਜੇਕਰ ਮਾਦਾ ਭਰੂਣ ਹੱਤਿਆ ’ਤੇ ਪੂਰੀ ਤਰਾਂ ਰੋਕ ਨਾਂ ਲਾਈ ਗਈ ਤਾਂ ਸਮਾਜ ’ਚ ਪੈਦਾ ਹੋਇਆ ਖਿਲਾਅ ਹੋਰ ਵੀ ਜਿਆਦਾ ਡੂੰਘਾ ਹੋ ਜਾਏਗਾ ਜੋ ਅਮਨ ਕਾਨੂੰਨ ਦੀ ਸਥਿਤੀ ’ਚ ਵਿਗਾੜ ਪੈਣ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਸਥਿਤੀ ਐਨੀਂ ਚਿੰਤਾਜਨਕ ਬਣੀ ਹੋਈ ਹੈ ਕਿ ਸਖਤ ਕਾਨੂੰਨਾਂ ਦੇ ਬਾਵਜੂਦ Çਲੰਗ ਅਨੁਪਾਤ ਵਿਚਲਾ ਪਾੜਾ ਖਤਮ ਨਾਂ ਕਰ ਸਕਣਾ ਕਾਨੂੰਨੀ ਪ੍ਰਬੰਧਾਂ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਸ ਮੌਕੇ ਅੰਸ਼ਪ੍ਰੀਤ ਨੇ ਕਿਹਾ ਕਿ ਇਸ ਪਾਪ ਲਈ ਦਾਜ ਦਹੇਜ ਦੀ ਸਮੱਸਿਆ ਵੀ ਜਿੰਮੇਵਾਰ ਹੈ ਕਿਉਂਕਿ ਕਈ ਮਾਪੇ ਦਾਜ ਕਾਰਨ ਹੀ ਬੱਚੀਆਂ ਨੂੰ ਕਿਲਕਾਰੀਆਂ ਮਾਰਨ ਤੋਂ ਪਹਿਲਾਂ ਹੀ ਮੌਤ ਦੇ ਘਾਟ ਉਤਾਰਨ ਨੂੰ ਤਰਜੀਹ ਦਿੰਦੇ ਹਨ।

ਉਨ੍ਹਾਂ ਕਿਹਾ ਕਿ ਇੰਨ੍ਹਾਂ ਕਤਲਾਂ ਨੂੰ ਰੋਕਣ ਲਈ ਹਰੇਕ ਨਾਗਰਿਕ ਨੂੰ ਸਹਿਯੋਗ ਦੇਣਾ ਪਵੇਗਾ । ਵਿਦਿਆਰਥਣ ਅਸਮੀ ਗਰਗ ਦਾ ਕਹਿਣਾ ਸੀ ਕਿ ਇਸ ਕੰਮ ਲਈ ਜਿੱਥੇ ਅੱਜ ਦਾ ਨੌਜਵਾਨ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ ਉੱਥੇ ਹੀ ਮਾਪਿਆਂ ਨੂੰ ਵੀ ਜਾਗਰੂਕ ਹੋਣ ਦੀ ਜਰੂਰਤ ਹੈ । ਉਨ੍ਹਾਂ ਇਸ ਰੁਝਾਨ ਨੂੰ ਰੋਕਣ ਲਈ ਡਾਕਟਰ ਭਾਈਚਾਰੇ ਨੂੰ ਵਿਗਿਆਨ ਦੀਆਂ ਖੋਜਾਂ ਦੀ ਢੁੱਕਵੀਂ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਵਿਦਿਆਰਥਣ ਨੂਪੁਰ ਦਾ ਕਹਿਣਾ ਸੀ ਕਿ ਇਹ ਕਿੱਡਾ ਦੁਖਦਾਈ ਹੈ ਕਿ ਸਾਇੰਸ ਦੀ ਕਾਢ ਨੂੰ ਪੈਸੇ ਦੀ ਦੌੜ ’ਚ ਗਲਤਾਨ ਹੋਏ ਲੋਕਾਂ ਨੇ ਮਨੁੱਖਤਾ ਦੇ ਭਲੇ ਦੀ ਥਾਂ ਆਪਣੇ ਗਲਤ ਇਰਾਦਿਆਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਲਟਰਾਸਾਊਂਡ ਦੀ ਖੋਜ ਜਿਸ ਸਾਇੰਸਦਾਨ ਨੇ ਕੀਤੀ ਹੋਵੇਗੀ ਉਸ ਨੇ ਤਾਂ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਹ ਮਸ਼ੀਨ ਇੱਕ ਦਿਨ ਮਾਦਾ ਭਰੂਣ ਹੱਤਿਆ ਦਾ ਵੱਡਾ ਜਰੀਆ ਬਣ ਜਾਏਗੀ।
ਅੱਠਵੀਂ ਕਲਾਸ ਦੀ ਵਿਦਿਆਰਥਣ ਹਿਮਾਂਸ਼ੀ ਦਾ ਕਹਿਣਾ ਸੀ ਕਿ ਇਸ ਭਿਆਨਕ ਸਥਿਤੀ ਲਈ ਅਲਟਰਾਸਾੳਂੂਡ ਤਕਨੀਕ ਦੋਸ਼ੀ ਹੈ ਜਿਸ ਦੇ ਨਤੀਜਿਆਂ ਨੂੰ ਢੁੱਕਵੇਂ ਇਲਾਜ ਲਈ ਵਰਤਣ ਦੀ ਥਾਂ ਅਜੇ ਵੀ ਮਾਦਾ ਭਰੂਣ ਨੂੰ ਖਤਮ ਕਰਨ ਦੇ ਮੰਤਵ ਨਾਲ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨਾਲ ਜੁੜੇ ਤਮਾਮ ਸੱਭਿਆਚਾਰਕ, ਆਰਥਿਕ ਤੇ ਸਮਾਜਿਕ ਪੱਖਾਂ ਨੂੰ ਸੁਲਝਾਏ ਬਿਨਾਂ ਪੁਖਤਾ ਹੱਲ ਕੱਢਣਾ ਮੁਸ਼ਕਿਲ ਹੈ। ਅਭਿਨੂਰ ਨੇ ਕਿਹਾ ਕਿ ਸਮਾਜਿਕ ਹਲਕਿਆਂ ਚੋਂ ਇਹ ਕਲੰਕ ਖਤਮ ਕਰਨ ਲਈ ਭਰੂਣ ਹੱਤਿਆ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣੀ ਯਕੀਨੀ ਬਨਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾਂ ਕੀਤਾ ਗਿਆ ਤਾਂ ਲੋਕ ਹੁਣ ਵੀ ਗੋਂਗਲੂਆਂ ਤੋਂ ਸਿਰਫ ਮਿੱਟੀ ਝਾੜ ਰਹੇ ਹਨ ਅਤੇ ਹਮੇਸ਼ਾ ਹੀ ਝਾੜਦੇ ਹੀ ਰਹਿਣਗੇ। ਉਨ੍ਹਾਂ ਗੁਰੂਆਂ ਪੀਰਾਂ ਵੱਲੋਂ ਔਰਤ ਨੂੰ ਪੁਰਸ਼ਾਂ ਦੇ ਬਰਾਬਰ ਦਾ ਦਰਜਾ ਦੇਣ ਦੀ ਰੌਸ਼ਨੀ ’ਚ ਆਪਣੇ ਵਿਰਸੇ ਤੋਂ ਸਬਕ ਸਿੱਖਣ ਦੀ ਸਲਾਹ ਵੀ ਦਿੱਤੀ ਹੈ।
- Download Babushahi App
-
-