Babushahi Special ਸਸਤੀ ਦਾਰੂ ਲਈ ਬਠਿੰਡਾ ਪਧਾਰੋ , ਭਾਵੇਂ ਨਾਲੀਆਂ ’ਚ ਪਵੇ ਡਿੱਗਣਾ ‘ਲਾਲ ਪਰੀ ਦੇ ਲੰਡੂ ਪੈਗ’ ਮਾਰੋ
ਅਸ਼ੋਕ ਵਰਮਾ
ਬਠਿੰਡਾ, 29 ਮਾਰਚ 2026 : ਬਠਿੰਡਾ ਪੱਟੀ ਵਿੱਚ ਠੇਕੇਦਾਰਾਂ ਨੇ ਨਵੇਂ ਮਾਲੀ ਸਾਲ ਤੋਂ ਪਿਆਕੜਾਂ ਨੂੰ ਛੋਟਾਂ ਦੇ ਗੱਫੇ ਦਿੱਤੇ ਹਨ। ਪਿਛਲਾ ਸਟਾਕ ਖ਼ਤਮ ਕਰਨ ਲਈ ਲਾਈ ਸੇਲ ਦੌਰਾਨ ਠੇਕਾ ਸੰਚਾਲਕਾਂ ਨੇ ਪਿਆਕੜਾਂ ਲਈ ਇੱਕ ਨਾਲ ਇੱਕ ਬੋਤਲ ਮੁਫਤ ਵਾਂਗ ਕਰ ਦਿੱਤੀ ਹੈ। ਸ਼ਰਾਬ ਦੇ ਕਰੀਬ ਇੱਕ ਦਰਜਨ ਬਰਾਂਡ ਜਿੰਨ੍ਹਾਂ ਦਾ ਸਰਕਾਰੀ ਭਾਅ 700 ਰੁਪਏ ਪ੍ਰਤੀ ਬੋਤਲ ਹੈ ਪਰ ਹੁਣ ਇੱਕ ਬੋਤਲ ਦਾਰੂ 350 ਰੁਪਏ ’ਚ ਯਾਨੀ ਪੁਰਾਣੀ ਕੀਮਤ ਮੁਤਾਬਕ ਇੱਕ ਬੋਤਲ ਮੁਫ਼ਤ ਦਿੱਤੀ ਜਾ ਰਹੀ ਹੈ। ਇਕੱਲੇ ਇਹੋ ਬਰਾਂਡ ਹੀ ਨਹੀਂ ਬਲਕਿ ਦੇਸੀ ਸ਼ਰਾਬ ਦੀਆਂ ਵੀ ਲਹਿਰਾਂ ਬਹਿਰਾਂ ਲਾ ਦਿੱਤੀਆਂ ਗਈਆਂ ਹਨ। ਖਾਸਾ , ਸੌਂਫੀਆ ਅਤੇ ਵੋਦਕਾ ਹੁਣ 130 ਰੁਪਏ ਪ੍ਰਤੀ ਬੋਤਲ ਮੁਹੱਈਆ ਕਰਵਾਈ ਜਾ ਰਹੀ ਹੈ। ਪਹਿਲੀ ਅਪਰੈਲ ਤੋਂ ਨਵੇਂ ਠੇਕੇਦਾਰਾਂ ਨੇ ਸ਼ਰਾਬ ਦਾ ਕਾਰੋਬਾਰ ਸੰਭਾਲ ਲੈਣਾ ਹੈ ਜਿਸ ਕਰਕੇ ਪੁਰਾਣੇ ਠੇਕੇਦਾਰ ਦਾਰੂ ਦੇ ਭੰਡਾਰ ਖਤਮ ਕਰਨ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ।
ਮਾਲੀ ਸਾਲ 2025-26 ਦੇ ਆਖਰੀ ਦਿਨ ਹੋਣ ਕਰਕੇ ਹੁਣ ਸ਼ਰਾਬ ’ਤੇ ਐਲਾਨੀ ਗਈ ਵਿਸ਼ੇਸ਼ ਛੋਟ ’ਚ ਫਸਟ ਚੁਆਇਸ , ਰੰਮ ਅਤੇ ਕਲੱਬ ਵਿਸਕੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕਿਸੇ ਨੂੰ ਠੰਢਾ ਪਾਣੀ ਮਿਲੇ ਨਾਂ ਮਿਲੇ ਪਿਆਕੜਾਂ ਲਈ ਠੰਢੀ ਠਾਰ ਬੀਅਰ ਦੀਆਂ ਬੋਤਲਾਂ ਵੀ ਛੋਟਾਂ ਦੇ ਇੰਨ੍ਹਾਂ ਗੱਫਿਆਂ ਦਾ ਹਿੱਸਾ ਬਣੀਆਂ ਹਨ । ਇਸੇ ਕਾਰਨ ਸ਼ਰਾਬ ਦੇ ਸ਼ੌਕੀਨਾਂ ਨੇ ਸ਼ਰਾਬ ਭੰਡਾਰ ਕਰਨ ਲਈ ਅੱਜ ਤੋਂ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਾਹਮਣੇ ਆਈ ਜਾਣਕਾਰੀ ਅਨੁਸਾਰ ਸ਼ਰਾਬ ਦਾ ਤਕਰੀਬਨ ਹਰੇਕ ਬਰਾਂਡ ਐਤਕੀਂ ਸਸਤੇ ਭਾਅ ਪਰੋਸਿਆ ਜਾ ਰਿਹਾ ਹੈ। ਦਿਲਚਸਪੀ ਭਰੇ ਤੱਥ ਹਨ ਕਿ ਪੰਜਾਬ ਸਰਕਾਰ ਨੇ ਹੁਣ ਜਦੋਂ ਨਸ਼ਿਆਂ ਖ਼ਿਲਾਫ਼ ਝੰਡਾ ਚੁੱਕਿਆ ਹੈ ਤਾਂ ਠੀਕ ਉਦੋਂ ਹੀ ਬਠਿੰਡਾ ਖਿੱਤੇ ’ਚ ਨਾਲੋਂ -ਨਾਲ ਸ਼ਰਾਬ ਦੀ ਵਿਕਣੀ ਸ਼ੁਰੂ ਹੋ ਗਈ ਹੈ ਜਿਸ ਨੂੰ ਸਸਤੀ ਦੇ ਲਾਲਚੀ ਲੋਕ ਖਰੀਦ ਰਹੇ ਹਨ।
ਲਾਲ ਸਿੰਘ ਬਸਤੀ ਦੇ ਇੱਕ ਨੌਜੁਆਨ ਨੇ ਦੱਸਿਆ ਕਿ ਅੱਜ ਸਵੇਰ ਤੋਂ ਸਸਤੀ ਸ਼ਰਾਬ ਵਿਕਣ ਲੱਗੀ ਹੋਈ ਹੈ ਅਤੇ 31 ਮਾਰਚ ਮਾਲੀ ਸਾਲ ਦਾ ਅਖੀਰਲਾ ਦਿਨ ਹੈ ਜਿਸ ਕਰਕੇ ਬਹੁਤੇ ਲੋਕਾਂ ਵੱਲੋਂ ਤਿੰਨੇ ਦਿਨ ਸ਼ਰਾਬ ਖਰੀਦੀ ਜਾਏਗੀ। ਮੰਨਿਆ ਜਾ ਰਿਹਾ ਹੈ ਕਿ ਅੱਜ ਤੋਂ ਸ਼ਹਿਰ ਦੇ ਠੇਕਿਆਂ ਉੱਪਰ ਵੀ ਖਰੀਦਾਦਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਸਕਦੀਆਂ ਹਨ। ਸੂਤਰ ਦੱਸਦੇ ਹਨ ਕਿ ਇੰਨ੍ਹਾਂ ਦੋ ਤਿੰਨ ਦਿਨਾਂ ਦੌਰਾਨ ਲੋਕ ਐਨੀਂ ਕੁ ਸ਼ਰਾਬ ਭੰਡਾਰ ਕਰ ਲੈਂਦੇ ਹਨ ਜਿਸ ਦਾ ਅਸਰ ਅਪਰੈਲ ਦੇ ਪਹਿਲੇ ਹਫਤੇ ਤੱਕ ਦੇਖਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਦੇਸੀ ਸ਼ਰਾਬ ਦਾ ਭਾਅ ਤੈਅ ਕੀਤਾ ਹੋਇਆ ਹੈ ਜਿਸ ਤੋਂ ਘੱਟ ਭਾਅ ’ਤੇ ਸ਼ਰਾਬ ਵੇਚਣੀ ਆਬਕਾਰੀ ਨਿਯਮਾਂ ਦੀ ਉਲੰਘਣਾ ਹੈ ਫਿਰ ਵੀ ਪੁਰਾਣੇ ਠੇਕੇਦਾਰ ਮਹਿਕਮੇ ਦੀ ਮਿਹਰਬਾਨੀ ਸਹਾਰੇ ਬਕਾਇਆ ਸਟਾਕ ਖਤਮ ਕਰਨ ਲਈ ਮਾਲੀ ਸਾਲ ਦੇ ਆਖਰੀ ਦਿਨਾਂ ’ਚ ਸਸਤੀ ਸ਼ਰਾਬ ਵੇਚਣੀ ਸ਼ੁਰੂ ਕਰ ਦਿੰਦੇ ਹਨ।
ਕੀਮਤਾਂ ਵਧਣ ਕਰਕੇ ਰੁਝਾਨ
ਉਂਜ ਨਵੀਂ ਸ਼ਰਾਬ ਨੀਤੀ ਲਾਗੂ ਹੋਣ ਮਗਰੋਂ ਕੀਮਤਾਂ ਵਧਣੀਆਂ ਤੈਅ ਮੰਨੀਆਂ ਜਾ ਰਹੀਆਂ ਹਨ ਜਿਸ ਕਰਕੇ ਵੀ ਸਸਤੀ ਸ਼ਰਾਬ ਖਰੀਦਣ ਦਾ ਰੁਝਾਨ ਬਣਿਆ ਹੈ। ਸੂਤਰਾਂ ਮੁਤਾਬਕ ਦੇਸੀ ਸ਼ਰਾਬ ਦੀ ਕੀਮਤ ਪ੍ਰਤੀ ਬੋਤਲ 50 ਰੁਪਏ, ਅੰਗਰੇਜੀ 200 ਅਤੇ ਬੀਅਰ 20 ਤੋਂ 30 ਰੁਪਏ ਵਧ ਸਕਦੀ ਹੈ। ਇਸ ਦਾ ਕਾਰਨ ਠੇਕੇਦਾਰਾਂ ਵੱਲੋਂ ਸਾਢੇ ਛੇ ਫੀਸਦੀ ਫੀਸ ਜਿਆਦਾ ਜਮ੍ਹਾਂ ਕਰਵਾਉਣਾ ਹੈ ਜੋ ਪੂਰੀ ਕਰਨ ਲਈ ਭਾਅ ਵਧਾਏ ਜਾ ਸਕਦੇ ਹਨ। ਇੰਨ੍ਹਾਂ ਮਾਮਲਿਆਂ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਗੁਲਸ਼ਨ ਹੁਰੀਆ ਨੇ ਫੋਨ ਨਹੀਂ ਚੁੱਕਿਆ।
ਵੱਧ ਮਾਲੀਆ ਵਸੂਲੀ ਟੀਚਾ
ਸੂਤਰ ਆਖਦੇ ਹਨ ਕਿ ਸਰਕਾਰ ਦਾ ਮੁੱਖ ਟੀਚਾ ਸ਼ਰਾਬ ਤੋਂ ਮਾਲੀਆ ਵਧਾਉਣਾ ਹੈ ਜਿਸ ਦੇ ਚਲਦਿਆਂ ਨਿਲਾਮੀ ਦੀ ਰਾਸ਼ੀ ਵਧਾਈ ਗਈ ਹੈ। ਆਬਕਾਰੀ ਤੇ ਕਰ ਵਿਭਾਗ ਨੂੰ ਨਵੀਨੀਕਰਨ ਅਤੇ ਈ ਟੈਂਡਰ ਵਰਗੀ ਸਾਂਝੀ ਪ੍ਰਕਿਰਿਆ ਰਾਹੀਂ ਤਕੜਾ ਮੁਕਾਬਲੇ ਅਤੇ ਵੱਧ ਆਮਦਨ ਹੋਣ ਦੀ ਉਮੀਦ ਹੈ। ਲੋਕ ਆਖਦੇ ਹਨ ਕਿ ਇਹ ਕੇਹਾ ਰਾਜ ਪ੍ਰਬੰਧ ਹੈ ਜੋ ਸ਼ਰਾਬ ਤੋਂ ਆਮਦਨ ਵੀ ਵਧਾਉਣਾ ਚਾਹੁੰਦਾ ਹੈ ਅਤੇ ਨਸ਼ਿਆਂ ਨੂੰ ਰੋਕਣਾ ਵੀ ।
ਲੋਕ ਹਿੱਤ ’ਚ ਸ਼ਰਾਬਬੰਦੀ ਹੋਵੇ
ਸਮਾਜਿਕ ਕਾਰਕੁੰਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਸਸਤੀ ਸ਼ਰਾਬ ਦੀ ਸਹੂਲਤ ਦੇਣਾ ਇੱਕ ਤਰਾਂ ਨਾਲ ਦੋਹਰੇ ਚਿਹਰੇ ਦਾ ਵਿਖਾਵਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਤਾਂ ਪਹਿਲਾਂ ਹੀ ਲੜਾਈ ਦਾ ਘਰ ਮੰਨੀ ਜਾਂਦੀ ਹੈ ਅਤੇ ਉੱਪਰੋਂ ਇਸ ਤਰਾਂ ਰਿਆਇਤਾਂ ਨਾਲ ਵੇਚਣੀ ਘਰ ਘਰ ਝਾਟਮਝੀਟੀ ਨੂੰ ਸੱਦਾ ਦੇਣਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਲੜਾਈ ਦੀ ਇੱਕ ਹੋਰ ਵੱਡੀ ਤੇ ਨਿਵੇਕਲੀ ਸ਼ੁਰੂਆਤ ਵਜੋਂ ਸ਼ਰਾਬ ਦੇ ਸਮੂਹ ਠੇਕਿਆਂ ਨੂੰ ਮੁਕੰਮਲ ਬੰਦ ਕਰੇ।
ਮਨੁੱਖੀ ਜਿੰਦਗੀ ਨਹੀਂ ਤਰਜੀਹ
ਸਮਾਜਿਕ ਆਗੂ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਇਸ ਵਰਤਾਰੇ ਤੋਂ ਤਾਂ ਇੰਜ ਜਾਪਦਾ ਹੈ ਕਿ ਸਰਕਾਰਾਂ ਦੀ ਤਰਜੀਹ ਲੋਕਾਂ ਦੀ ਜਿੰਦਗੀ ਨਹੀਂ ਰਹੀ ਹੈ ਜਿਸ ਕਰਕੇ ਸ਼ਰਾਬ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਲੋਕ ਤਾਂ ਸਿਹਤ ਸੇਵਾਵਾਂ ਅਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਦਾ ਯੋਗ ਪ੍ਰਬੰਧ ਮੰਗਦੇ ਹਨ ਪਰ ਸਰਕਾਰ ਠੇਕਿਆਂ ’ਤੇ ਸਸਤੀ ਸ਼ਰਾਬ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲੱਗੀ ਹੈ।
Click to Follow Babushahi Facebook page →