Babushahi Special ਬਾਹਰ ਬੱਬਰ ਸ਼ੇਰ ਘਰੇ ਢੇਰ ‘ਪਤੀ ਪ੍ਰਮੇਸ਼ਰਾਂ’ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ ਕੋਈ ਵੀ ਦਿਵਸ
ਅਸ਼ੋਕ ਵਰਮਾ
ਬਠਿੰਡਾ, 8 ਮਾਰਚ 2026 : ਕਿਧਰ ਜਾਣ ਇਹ ਪਤਨੀਆਂ ਦੇ ਸਤਾਏ ‘ਪਤੀ ਦੇਵ ਉਨ੍ਹਾਂ ਦੀ ਤਾਂ ਕੋਈ ਵੀ ਨਹੀਂ ਸੁਣਦਾ ਹੈ। ਸਿਵਾਏ ਤਰਲੇ ਮਾਰਨ ਤੋਂ ਉਨ੍ਹਾਂ ਦੇ ਪੱਲੇ ਕੁਝ ਨਹੀਂ ਬਚਦਾ। ਕੋਈ ਅਜਿਹਾ ਸਰਕਾਰੀ ਬੂਹਾ ਵੀ ਨਹੀਂ ਜਿਥੇ ਉਨ੍ਹਾਂ ਦੇ ਦੁੱਖਾਂ ਦਾ ਦਰਦੀ ਹੋਵੇ। ਬਹੁਤੇ ਜੋ ਦਰਵਾਜੇ ਤੋਂ ਬਾਹਰ ਸ਼ੇਰ ਦਿਖਦੇ ਹਨ, ਉਹ ਘਰ ਆ ਕੇ ‘ਢੇਰ’ ਹੋ ਜਾਂਦੇ ਹਨ। ਸਭ ਨੂੰ ਇੱਕੋ ਵੱਟੇ ਬੇਸ਼ੱਕ ਤੋਲਣਾ ਗਲਤ ਹੈ, ਫਿਰ ਵੀ ਅਜਿਹੇ ‘ਪਤੀ ਦੇਵ’ ਮੌਜੂਦ ਹਨ ਜਿਨ੍ਹਾਂ ਨੂੰ ਕਿਧਰੋਂ ਵੀ ਢਾਰਸ ਨਹੀਂ ਮਿਲਦੀ। ਘਰੇਲੂ ਰਾਜਧਾਨੀ ਵਿੱਚ ਵੀ ਤੇ ਸਰਕਾਰੀ ਦਰਬਾਰ ਵਿੱਚ ਵੀ। ਏਦਾਂ ਦੇ ਪਤਨੀ ਹੱਥੋਂ ਸਤਾਏ ਦੀ ਗੱਲ ਤਾਂ ‘ਮਹਿਲਾ ਕਮਿਸ਼ਨ’ ਵੀ ਨਹੀਂ ਸੁਣਦਾ ਹੈ। ਅਜਾਦੀ ਤੋਂ ਬਾਅਦ ਬਣੀਆਂ ਸਰਕਾਰਾਂ ਨੇ ਔਰਤਾਂ ਦੇ ਹੱਕ ਹਕੂਕ ਲਈ ਮਹਿਲਾ ਕਮਿਸ਼ਨ ਬਣਾਏ ਹਨ ਪਰ ਕਿਸੇ ਵੀ ਸਰਕਾਰ ਨੇ ‘ਪੁਰਸ਼ ਕਮਿਸ਼ਨ’ ਨਹੀਂ ਬਣਾਇਆ ਹੈ।
ਅੱਜ ਕੌਮਾਂਤਰੀ ਮਹਿਲਾ ਦਿਵਸ ਹੈ ਜਿਸ ਦੌਰਾਨ ਮਹਿਲਾ ਸਸ਼ਕਤੀਕਰਨ ਦੀਆਂ ਗੱਲ ਉੱਭਰਵੇਂ ਰੂਪ ’ਚ ਕੀਤੀਆਂ ਗਈਆਂ ਪਰ ਦੁਖੀ ‘ਪਤੀ ਪ੍ਰਮੇਸ਼ਰਾਂ’ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੈ। ਦੇਖਿਆ ਜਾਏ ਤਾਂ ਜ਼ਮਾਨਾ ਹੀ ਇਹੋ ਜੇਹਾ ਬਣ ਗਿਆ ਹੈ ਕਿ ਚਾਰ ਚੁਫੇਰੇ ਔਰਤ ਜਾਤੀ ਦੀ ਹੀ ਸੁਣਵਾਈ ਹੈ। ਭਾਵੇਂ ਸਰਕਾਰ ਦਾ ਸੰਗਤ ਦਰਸ਼ਨ ਹੋਵੇ ਤੇ ਭਾਵੇਂ ਪੁਲੀਸ ਥਾਣਾ। ਪੰਜਾਬ ’ਚ ਇੱਕ ਬਲਵੰਤ ਰਾਮੂਵਾਲੀਆ ਹੈ ਜਿਸ ਦੀ ਕਚਹਿਰੀ ’ਚ ਵੀ ਇਕੱਲੇ ਪ੍ਰਵਾਸੀ ਲਾੜਿਆਂ ਦੀਆਂ ਪਤਨੀਆ ਨੂੰ ਇਨਸਾਫ ਮਿਲਦਾ ਸੀ ਜੋ ਉਸ ਦੇ ਬਜ਼ੁਰਗ ਹੋਣ ਤੋਂ ਬਾਅਦ ਮਿਲਣੋ ਹਟ ਗਿਆ ਹੈ। ਕਦੇ ਕਦੇ ਤਾਂ ਪਤਨੀ ਪੀੜਤਾਂ ਦੀ ਗੱਲ ਸੁਣ ਕੇ ਏਦਾਂ ਲੱਗਦਾ ਹੈ ਕਿ ਜਿਵੇਂ ਜਿਆਦਾਤਰ ਪਤੀ ਬੈਂਡ ਵਾਜਿਆਂ ਨਾਲ ਲਿਆਂਦੀਆਂ ਲਾੜੀਆਂ ਹੱਥੋਂ ਹੀ ਤੰਗ ਹੋਣ। ਹੁਣ ਇੱਥੋਂ ਦੇ ‘ਪ੍ਰਤੀ ਪ੍ਰਮੇਸ਼ਰਾਂ’ ਦੀ ਗੱਲ ਕਰਦੇ ਹਾਂ ਜਿੰਨ੍ਹਾਂ ’ਚ ਕਈ ਅਫਸਰਾਂ ਦੀ ਗਿਣਤੀ ਵੀ ਹੁੰਦੀ ਹੈ।
ਇੰਨ੍ਹਾਂ ਦਾ ਦਬਦਬਾ ਇਕੱਲਾ ਦਫ਼ਤਰਾਂ ‘ਚ ਚੱਲਦਾ ਹੈ। ਘਰਾਂ ‘ਚ ਤਾਂ ਉਨ੍ਹਾਂ ਨੂੰ ਵੀ ‘ਦਾਖਲ ਦਫ਼ਤਰ’ ਕਰ ਦਿੱਤਾ ਜਾਂਦਾ ਹੈ। ‘ਮੈਨੂੰ ਮੇਰੀ ਪਤਨੀ ਤੋਂ ਬਚਾਓ ਆਖਣ ਵਾਲਿਆਂ ਦੀ ਗਿਣਤੀ ਦਿਨ ਬਦਿਨ ਵਧਣ ਲੱਗੀ ਹੈ। ਇਸ ਤਰ੍ਹਾਂ ਦਾ ਤਰਲਾ ਮਰਨ ਵਾਲਿਆਂ ਦੀ ਕਤਾਰ ਦੇਖਕੇ ਇੰਂਜ ਲੱਗਦਾ ਹੈ ਕਿ ਸਰਕਾਰ ਨੂੰ ਇਨ੍ਹਾਂ ਪੀੜਤਾਂ ਲਈ ਇੱਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ। ਤੱਥਾਂ ’ਤੇ ਨਜ਼ਰ ਮਾਰਦੇ ਹਾਂ। ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਿਜ਼ ਦੇ ਇੱਕ ਅਧਿਐਨ ਵਿੱਚ ਪਤਨੀਆਂ ਹੱਥੋਂ ਪੀੜਤ ਪਤੀਆਂ ਦੇ ਅੰਕੜਿਆਂ ਤੋਂ ਪਰਦਾ ਉੱਠਿਆ ਹੈ। ਉਹ ਵੀ ਉਸ ਮੌਕੇ ਜਦੋਂ ਨਿਸਚਿਤ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਸਿਰਫ ਔਰਤਾਂ ਹੀ ਆਪਣੇ ਪਤੀਆਂ ਹੱਥੋਂ ਹਿੰਸਾ ਦਾ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ। ਅਧਿਐਨ ਦੌਰਾਨ ਸਿੱਟਾ ਕੱਢਿਆ ਕਿ ਦੋ ਸਰਵੇਖਣਾਂ ਵਿਚਲੇ ਇੱਕ ਦਹਾਕੇ ਦੌਰਾਨ ਪਤਨੀਆਂ ਹੱਥੋਂ ਪਤੀਆਂ ਦੀ ਕੁੱਟਮਾਰ ਦੇ ਮਾਮਲੇ ਚੌਗੁਣੇ ਵਧੇ ਹਨ ।
ਸੂਤਰ ਦੱਸਦੇ ਹਨ ਕਿ ਮਹਿਲਾ ਥਾਣਿਆਂ ਤੱਕ ਵੀ ਇਹ ਪਤਨੀ ਪੀੜਤ ਪਹੁੰਚ ਕਰਦੇ ਹਨ ਪਰ ਬਹੁਤੀ ਢੋਈ ਨਹੀਂ ਮਿਲਦੀ ਹੈ। ਸੂਤਰਾਂ ਅਨੁਸਾਰ ਪਤਨੀ ਤੋਂ ਪੀੜਤ ਜਿਆਦਾ ਕੇਸ ਬਠਿੰਡਾ , ਮਾਨਸਾ , ਮੁਕਤਸਰ,ਸੰਗਰੂਰ ਅਤੇ ਫਿਰੋਜ਼ਪੁਰ ਜਿਲ੍ਹੇ ਤੋਂ ਆਉਂਦੇ ਹਨ । ਇੱਕ ਸੇਵਾ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਰਿਸ਼ਤਿਆਂ ’ਚ ਤਰੇੜ ਆਉਣ ਦਾ ਵੱਡਾ ਕਾਰਨ ਪਤੀ ਵੱਲੋਂ ਆਪਣੀ ਪਤਨੀ ਤੇ ਬੇਵਫਾਈ ਦੇ ਦੋਸ਼ ਲਾਉਣਾ ਹੈ। ਅਜਿਹੇ ਦੋਸ਼ਾਂ ਦੇ ਚੱਲਦਿਆਂ ਕਈ ਵਾਰ ਔਰਤਾਂ ਕੁੱਟ ਖਾਣ ਦੀ ਥਾਂ ਬਰਾਬਰੀ ’ਤੇ ਉੱਤਰ ਆਉਂਦੀਆਂ ਹਨ। ਸਰਵੇਖਣ ਦੌਰਾਨ ਇਸ ਦਾ ਮੁੱਖ ਕਾਰਨ ਪਤੀਆਂ ਦਾ ਸ਼ਰਾਬ ਪੀਕੇ ਆਉਣਾ ਅਤੇ ਪਤਨੀ ਨਾਲ ਦੁਰਵਿਵਹਾਰ ਕਰਨਾ ਸਾਹਮਣੇ ਆਇਆ ਹੈ। ਅਧਿਐਨ ਮੁਤਾਬਕ ਪਤਨੀ ਤੋਂ ਕੁੱਟ ਖਾਣ ਵਾਲੇ ਇੱਕ ਹਜ਼ਾਰ ਪਤੀਆਂ ਚੋਂ 56 ਪਤੀ ਸ਼ਰਾਬ ਪੀਣ ਦੇ ਆਦੀ ਹੁੰਦੇ ਹਨ ਜਦੋਂ ਕਿ ਇੰਨ੍ਹਾਂ ਚੋਂ ਸੋਫੀ ਪਤੀਆਂ ਦੀ ਗਿਣਤੀ ਸਿਰਫ 17 ਹੈ ।
ਅਮੀਰ ਪਤੀਆਂ ਦੇ ਮੁਕਾਬਲੇ ਪਤਨੀਆਂ ਹੱਥੋਂ ਕੁੱਟ ਖਾਣ ਵਾਲੇ ਗਰੀਬ ਪਤੀਆਂ ਦੀ ਗਿਣਤੀ ਦੁੱਗਣੀ ਹੈ । ਸਰਵੇ ਰਿਪੋਰਟ ਅਨੁਸਾਰ 1 ਹਜ਼ਾਰ ਅਮੀਰ ਪਤੀਆਂ ਚੋਂ ਇਹ ਗਿਣਤੀ 19 ਹੈ ਜਦੋਂਕਿ ਗਰੀਬ ਪਤੀਆਂ ਦੀ ਗਿਣਤੀ 38 ਸਾਹਮਣੇ ਆਈ ਹੈ। ਪਹਿਲਾਂ ਆਪਣੀ ਪਤਨੀ ਤੋਂ ਕੁੱਟ ਖਾਣ ਵਾਲੇ ਪਤੀਆਂ ਦੀ ਗਿਣਤੀ ਪ੍ਰਤੀ 1 ਹਜ਼ਾਰ ਪਿੱਛੇ 7 ਸੀ ਜਦੋਂ ਕਿ ਅਗਲੇ ਸਰਵੇਖਣ ਵਿੱਚ ਇਹ ਵਧ ਕੇ 29 ਤੱਕ ਪੁੱਜ ਗਈ। ਰਿਪੋਰਟ ਮੁਤਾਬਕ 24 ਸਾਲ ਤੱਕ ਦੀ ਉਮਰ ਦੀਆਂ 1 ਹਜ਼ਾਰ ਔਰਤਾਂ ਚੋਂ ਸਿਰਫ਼ 24 ਨੇ ਆਪਣੇ ਪਤੀਆਂ ਦੀ ਕੁੱਟਮਾਰ ਕੀਤੀ ਹੈ ਜਦੋਂਕਿ 49 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੀਆਂ 32 ਔਰਤਾਂ ਆਪਣੇ ਪਤੀਆਂ ਨੂੰ ਕੁੱਟਦੀਆਂ ਨਜ਼ਰ ਆਈਆਂ ਹਨ। ਅਜਿਹੇ ਹਾਲਾਤਾਂ ਦਰਮਿਆਨ ਜਦੋਂ ਪਤੀ ਕਮਾਉਂਦਾ ਵੀ ਹੈ ਅਤੇ ਕੁੱਟ ਵੀ ਖਾਂਦਾ ਹੈ ਬੇਸ਼ੱਕ ਕਾਰਨ ਕੁੱਝ ਵੀ ਹੋਣ ਸਮਾਜਿਕ ਵਰਤਾਰੇ ਲਈ ਫਿਕਰਮੰਦੀ ਵਾਲੇ ਤੱਥ ਹਨ।
ਮੋਬਾਇਲ ਬਣਿਆ ਦੁਸ਼ਮਣ
ਲੜਕੀਆਂ ਦੇ ਮੌਜੂਦਾ ਪੋਚ ’ਚ ਬਰਦਾਸ਼ਤ ਦੀ ਸਮਰੱਥਾ ਬਿਲਕੁਲ ਨਹੀਂ ਰਹੀ ਹੈ। ਮੋਬਾਇਲ ਫੋਨ ਵੀ ਪਤੀ ਪਤਨੀ ਦਾ ਰਿਸ਼ਤਾ ਖਰਾਬ ਕਰ ਰਿਹਾ ਹੈ। ਮਹਿਲਾ ਥਾਣੇ ’ਚ ਪੁੱਜਦੇ ਮਾਮਲਿਆਂ ਚੋਂ 50 ਫੀਸਦੀ ਵਿੱਚ ਪਤੀ ਪਤਨੀ ਦੀ ਅਣਬਣ ਪਿਛੇ ਮੋਬਾਇਲ ਫੋਨ ਮੁੱਖ ਕਾਰਨ ਹੁੰਦਾ ਹੈ। ਪਤੀ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਸ ਦੀ ਪਤਨੀ ਨੂੰ ਗਲ੍ਹਤ ਫੋਨ ਆਉਂਦੇ ਹਨ ਜਦੋਂਕਿ ਪਤਨੀ ਪਤੀ ਨੂੰ ਕੁੜੀਆਂ ਦੇ ਫੋਨ ਆਉਣ ਦੀ ਸ਼ਿਕਾਇਤ ਕਰਦੀਆਂ ਹਨ। ਬਹੁਤੇ ਪਤੀ ਪਤਨੀ ਦੇ ਝਗੜੇ ਇਸ ਕਰਕੇ ਵੀ ਵਧੇ ਹਨ ਕਿ ਮਾਪੇ ਆਪਣੀ ਲੜਕੀ ਦੇ ਘਰ ’ਚ ਦਾਖਲਅੰਦਾਜੀ ਕਰਦੇ ਹਨ।
Click to Follow Babushahi Facebook page →