- By : ਬਾਬੂਸ਼ਾਹੀ ਬਿਊਰੋ
- First Published : Saturday, Jan 31, 2026 05:43 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਧੁੱਪਾਂ ਵੀ ਉਦਾਸ ਨੇ ਛਾਵਾਂ ਵੀ ਉਦਾਸ ਨੇ ਕੋਠਾ ਗੁਰੂ ’ਚ ਤਾਂ ਦੂਰ ਦੂਰ ਤੱਕ ਰਾਹਵਾਂ ਵੀ ਉਦਾਸ ਨੇ
ਅਸ਼ੋਕ ਵਰਮਾ
ਬਠਿੰਡਾ, 31 ਜਨਵਰੀ 2026: ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਵੱਡੇ ਪਿੰਡਾਂ ਚੋਂ ਇੱਕ ਕੋਠਾ ਗੁਰੂ ’ਚ ਅੱਜ ਇੱਕ ਵਾਰ ਫਿਰ ਤੋਂ ਉਦਾਸੀ ਦਾ ਪਹਿਰਾ ਨਜ਼ਰ ਆਇਆ। ਸਾਲ 2025 ’ਚ ਇੱਕ ਸੜਕ ਹਾਦਸੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਕਿਸਾਨ ਔਰਤਾਂ ਨਮਿੱਤ ਅੱਜ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਜਿਸ ਨੇ ਪਿੰਡ ਨੂੰ ਇੱਕ ਵਾਰ ਫਿਰ ਤੋਂ ਗਮਗੀਨ ਕਰ ਦਿੱਤਾ। ਵਿਛੜਿਆਂ ਦੀ ਯਾਦ ਅਤੇ ਕੁਰਬਾਨੀਆਂ ਭੁਲਾਈਆਂ ਨਹੀਂ ਜਾ ਸਕਦੀਆਂ ਪਰ ਸ਼ਰਧਾਂਜਲੀ ਸਮਾਗਮ ਨੇ ਮੁੜ ਤੋਂ ਜਖਮ ਹਰੇ ਕਰ ਦਿੱਤੇ ਹਨ। ਹਾਲਾਂਕਿ ਕਿਸੇ ਸ਼ਹਾਦਤ ਦਾ ਵਜ਼ਨ ਕਿਸੇ ਵੀ ਤੱਕੜੀ ’ਚ ਨਹੀਂ ਤੋਲਿਆ ਜਾ ਸਕਦਾ ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਸੰਤ ਸਿੰਘ ਕੋਠਾ ਗੁਰੂ ਦੇ ਚਲੇ ਜਾਣ ਕਾਰਨ ਵੱਡਾ ਘਾਟਾ ਮਹਿਸੂਸ ਕਰ ਰਹੀ ਹੈ। ਕਿਸਾਨ ਆਗੂ ਬਸੰਤ ਸਿੰਘ ਨੇ ਲੋਕ ਸੰਘਰਸ਼ਾਂ ਦਾ ਤਮਾਸ਼ਾ ਜਿੰਦਗੀ ਦੇ ਆਖਰੀ ਸਾਹਾਂ ਤੱਕ ਸੱਚਮੁੱਚ ਹੀ ਘਰ ਫੂਕਕੇ ਦੇਖਿਆ ਸੀ।
ਇਹੋ ਕਾਰਨ ਹੈ ਕਿ ਜਿੰਨ੍ਹਾਂ ਨਪੀੜੇ ਕਿਸਾਨਾਂ ਮਜ਼ਦੂਰਾਂ ਦੀ ਅਵਾਜ਼ ਬਣਦਾ ਸੀ ਉਹ ਖੁਦ ਨੂੰ ਲਾਵਾਰਿਸ ਹੋਇਆ ਮੰਨ ਰਹੇ ਹਨ। ਬਸੰਤ ਸਿੰਘ ਦੀ ਪਤਨੀ ਬੇਹੱਦ ਹੌਂਸਲੇ ਵਾਲੀ ਔਰਤ ਸੀ ਜਿਸ ਨੇ ਹਮੇਸ਼ਾ ਪਤੀ ਨੂੰ ਲੋਕਾਂ ਦੀ ਅਗਵਾਈ ਕਰਨ ਲਈ ਪ੍ਰੇਰਿਆ। ਅਮਰਜੀਤ ਕੌਰ ਨੂੰ ਕੈਂਸਰ ਹੋ ਗਿਆ ਜਿਸ ਨੇ ਜੇਬਾਂ ਵੀ ਖਾਲੀ ਕੀਤੀਆਂ ਅਤੇ ਅੰਤ ਨੂੰ ਘਰ ਵੀ ਖਾਲੀ ਕਰ ਗਈ । ਪਹਾੜ ਜਿੱਡੇ ਦੁੱਖਾਂ ਦੀ ਪੰਡ ਸਿਰ ਟਿਕਣ ਦੇ ਬਾਵਜੂਦ ਬਸੰਤ ਸਿੰਘ ਨੇ ਹੌਂਸਲਾ ਨਾਂ ਹਾਰਿਆ ਅਤੇ ਜੱਥੇਬੰਦੀ ਦੇ ਹਰ ਸੰਘਰਸ਼ ’ਚ ਮੋਹਰੀ ਰੋਲ ਨਿਭਾਇਆ। ਪਿੰਡ ਵਾਸੀ ਕਿਸਾਨ ਆਗੂ ਜਸਪਾਲ ਸਿੰਘ ਕੋਠਾ ਗੁਰੂ ਆਖਦੇ ਹਨ ਕਿ ਸੱਚੀਮੁੱਚੀਂ ਨਰ ਬੰਦਾ ਸੀ ਬਸੰਤ ਸਿਓਂ ਜਿਸ ਨੇ ਤੁਫਾਨਾਂ ਦੌਰਾਨ ਵੀ ਬੇੜੀ ਡੋਲਣ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਬਸੰਤ ਸਿੰਘ ਦੀ ਮੌਤ ਕਿਸਾਨੀ ਘੋਲਾਂ ਦੌਰਾਨ ਮਸ਼ਾਲ ਦਾ ਕੰਮ ਕਰ ਰਹੀ ਹੈ ਜੋ ਪਿੰਡ ਕੋਠਾਗੁਰੂ ਵੱਲੋਂ ਬੁਝਣ ਨਹੀਂ ਦਿੱਤੀ ਜਾਏਗੀ।
ਇਸ ਹਾਦਸੇ ਦੌਰਾਨ ਕਿਸਾਨ ਕਰਮਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੋਠਾ ਗੁਰੂ ਕਿਸਾਨੀ ਮੰਗਾਂ ਲਈ ਸ਼ਹੀਦ ਹੋ ਗਿਆ ਸੀ। ਪਤੀ ਦੇ ਸਦੀਵੀ ਵਿਛੋੜੇ ਕਾਰਨ ਕਰਮਜੀਤ ਸਿੰਘ ਦੀ ਪਤਨੀ ਰਮਨਦੀਪ ਕੌਰ ਅਤੇ ਉੁਸ ਦੇ ਬੱਚੇ ਅੱਜ ਵੀ ਗਮਜ਼ਦਾ ਹਨ। ਕਰਮਜੀਤ ਟੇਲਰ ਮਾਸਟਰ ਸੀ ਅਤੇ ਕਿਸਾਨੀ ਦੇ ਅੱਛੇੇ ਦਿਨਾਂ ਖਾਤਰ ਸੰਘਰਸ਼ਾਂ ਵਿੱਚ ਸ਼ਾਮਲ ਹੁੰਦਾ ਸੀ। ਹੁਣ ਤਾਂ ਕਰਮਜੀਤ ਦੇ ਬੱਚੇ ਹੌਲੀ ਹੌਲੀ ਬੱਚੇ ਸਮਝਣ ਲੱਗ ਪਏ ਹਨ ਕਿ ਪਾਪਾ ਕਦੇ ਨਹੀਂ ਮੁੜਨਗੇ। ਪੈਲੀਆਂ ਦੀ ਲੜਾਈ ’ਚ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਇਹ ਤਾਂ ਭਵਿੱਖ ਦੇ ਹੱਥ ’ਚ ਹੈ। ਏਨਾ ਜਰੂਰ ਹੈ ਕਿ ਕਰਮਜੀਤ ਦੇ ਬੱਚੇ ਨੱਚਣ ਟੱਪਣ ਦੇ ਦਿਨਾਂ ’ਚ ਹੀ ਜਿੰਦਗੀ ਦੀ ਬਾਜੀ ਬਿਨਾਂ ਲੜਿਆਂ ਹਾਰ ਗਏ ਹਨ। ਮਹਾਂਪੰਚਾਇਤ ਲਈ ਜਾਂਦਿਆਂ ਕਰਮਜੀਤ ਆਖਕੇ ਗਿਆ ਸੀ ਕਿ ਮੁੜਦਿਆਂ ਕੁਵੇਲਾ ਹੋ ਸਕਦਾ ਹੈ ਪਰ ਕਿਸੇ ਨੂੰ ਉਦੋਂ ਚਿੱਤ ਚੇਤਾ ਨਹੀਂ ਸੀ ਕਿ ਇਹ ਵੇਲਾ ਮੁੜ ਨਹੀਂ ਆਉਣਾ ਹੈ।
ਇਸ ਸੜਕ ਹਾਦਸੇ ਦੌਰਾਨ ਮੌਤ ਦੇ ਮੂੰਹ ਜਾ ਪਈ ਬਜ਼ੁਰਗ ਬਲਵੀਰ ਕੌਰ ਦੇ ਘਰ ਨੂੰ ਤਾਂ ਜਿੰਦਰਾ ਵੱਜ ਗਿਆ ਹੈ। ਬਲਵੀਰ ਕੌਰ ਦੀ ਕਹਾਣੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ ਜਿਸ ਦੇ ਪਤੀ ਦੀ ਬੇਵਕਤੀ ਮੌਤ ਹੋ ਗਈ ਸੀ। ਉਹ ਅਜੇ ਸੰਭਲੀ ਵੀ ਨਹੀਂ ਸੀ ਕਿ ਉਸ ਦੇ ਦੋ ਪੁੱਤਰਾਂ ਚੋ ਛੋਟੇ ਨੇ ਆਤਮ ਹੱਤਿਆ ਕਰ ਲਈ ਜੋ ਉਸ ਲਈ ਇੱਕ ਵੱਡਾ ਸਦਮਾ ਸੀ। ਇਸ ਬਜ਼ੁਰਗ ਨੂੰ ਵੱਡੀ ਸੱਟ ਉਦੋਂ ਵੱਜੀ ਜਦੋਂ ਉਸ ਦਾ ਡਰਾਈਵਰ ਲੜਕਾ ਇੱਕ ਹਾਦਸੇ ਦੌਰਾਨ ਆਪਣੀ ਲੱਤ ਗੁਆ ਬੈਠਾ। ਦੁੱਖਾਂ ਦਾ ਅੰਤ ਏਥੇ ਹੀ ਨਹੀਂ ਹੋਇਆ ਅਤੇ ਉਸ ਦੇ ਲੜਕੇ ਨੂੰ ਨਾਮੁਰਾਦ ਕੈਂਸਰ ਨੇ ਘੇਰ ਲਿਆ। ਮਹਿੰਗੇ ਇਲਾਜ ਅਤੇ ਆਰਥਿਕ ਤੰਗੀ ਕਾਰਨ ਪ੍ਰੀਵਾਰ ਦੀ ਜ਼ਮੀਨ ਵਿਕ ਗਈ। ਸਿਰ ਤੇ ਦੁੱਖਾਂ ਦੀ ਪੰਡ ਦੇ ਬਾਵਜੂਦ ਬਲਵੀਰ ਕੌਰ ਨੇ ਜ਼ਿੰਦਗੀ ਤਾਂ ਕਿਸਾਨੀ ਲੇਖੇ ਲਾਈ ਹੀ ਅੰਤ ਨੂੰ ਮੌਤ ਵੀ ਪੈਲੀਆਂ ਦੇ ਨਾਮ ਲਾ ਗਈ।
ਇਸ ਮੰਦਭਾਗੇ ਹਾਦਸੇ ਦੌਰਾਨ ਕੋਠਾ ਗੁਰੂ ਦੀਆਂ ਦੋ ਹੋਰ ਕਿਸਾਨ ਔਰਤਾਂ ਸਰਬਜੀਤ ਕੌਰ ਅਤੇ ਜਸਵੀਰ ਕੌਰ ਅਤੇ ਬਲਵੀਰ ਕੌਰ ਦੀ ਵੀ ਮੌਤ ਹੋ ਗਈ ਸੀ। ਇੰਨ੍ਹਾਂ ਪ੍ਰੀਵਾਰਾਂ ਦੀ ਕਹਾਣੀ ਵੀ ਕੋਈ ਹੋਰਨਾਂ ਨਾਲੋਂ ਵੱਖਰੀ ਨਹੀਂ ਹੈ। ਅੱਜ ਵੀ ਸ਼ਰਧਾਂਜਲੀ ਸਮਾਗਮਾਂ ਦੌਰਾਨ ਇੰਨ੍ਹਾਂ ਮੌਤਾਂ ਦੀ ਦੁਖਦਾਇਕ ਕਹਾਣੀ ਚਰਚਾ ਦਾ ਵਿਸ਼ਾ ਬਣੀ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸਾਨ ਗਏ ਤਾਂ ਕਿਸਾਨੀ ਦੇ ਦੁੱਖਾਂ ਦਾ ਹੱਲ ਲੱਭਣ ਲਈ ਸੀ ਪਰ ਦਿੱਲੀ ਦਾ ਗਰੂਰ ਐਨਾ ਕਰੂਰ ਹੋ ਗਿਆ ਹੈ ਕਿ ਉਨ੍ਹਾਂ ਦੀ ਮੌਤ ਦੀ ਖਬਰ ਆਈ ਸੀ। ਉਨ੍ਹਾਂ ਕਿਹਾ ਕਿ ਹਕੂਮਤਾਂ ਕਿਸਾਨਾਂ ਨਾਲ ਵੈਰ ਕੱਢ ਰਹੀਆਂ ਹਨ ਤਾਂ ਹੀ ਤਾਂ ਗੱਭਰੂ ਜਵਾਨ ਅਣਆਈ ਮੌਤੇ ਮਰਨ ਲਈ ਮਜ਼ਬੂਰ ਹਨ । ਪਿੰਡ ਵਾਸੀ ਜਰਨੈਲ ਸਿੰਘ ਆਖਦੇ ਹਨ ਕਿ ਇਤਿਹਾਸਿਕ ਪਿੰਡ ਕੋਠਾ ਗੁਰੂ ਨੇ ਖੇਤ ਬਚਾਉਣ ਤੇ ਪੈਲੀਆਂ ਦੀ ਪੱਤ ਦੀ ਰਾਖੀ ਲਈ ਘਰੋਂ ਤੋਰੇ ਧੀਆਂ ਪੁੱਤ ਗੁਆ ਲਏ ਹਨ।
ਅਜਾਈਂ ਨਹੀ ਜਾਏਗੀ ਸ਼ਹਾਦਤ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ ਅਤੇ ਹੱਕ ਸੱਚ ਦਾ ਸੂਰਜ ਚੜ੍ਹਕੇ ਰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਦੀਆਂ ਸ਼ਹੀਦੀਆਂ ਨੇ ਕਿਸਾਨੀ ਘੋਲਾਂ ’ਚ ਰੜਕ ਭਰਨ ਦਾ ਕੰਮ ਕੀਤਾ ਹੈ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com