← ਪਿਛੇ ਪਰਤੋ
Babushahi Special ਜੰਗਬੰਦੀ ਦਾ ਅਸਰ: ਬੰਬਾਂ ਦੇ ਖੌਫ ਤੇ ਅੱਗ ਦੇ ਸਹਿਮ ਚੋਂ ਬਾਹਰ ਨਿਕਲਿਆ ਪਿੰਡ ਫੂਸ ਮੰਡੀ ਅਸ਼ੋਕ ਵਰਮਾ ਬਠਿੰਡਾ, 12 ਮਈ 2025:ਭਾਰਤ ਪਾਕਿਸਤਾਨ ਵਿਚਕਾਰ ਛਿੜੀ ਜੰਗ ਤੋਂ ਬਾਅਦ ਦੋਵਾਂ ਮੁਲਕਾਂ ਵੱਲੋਂ ਜੰਗਬੰਦੀ ਕਰਨ ਦੇ ਫੈਸਲੇ ਨੇ ਬਠਿੰਡਾ ਜਿਲ੍ਹੇ ਦੇ ਪਿੰਡ ਫੂਸ ਮੰਡੀ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਫੂਸ ਮੰਡੀ ਦੇ ਬਿਲਕੁਲ ਨਾਲ ਪੈਂਦਾ ਪਿੰਡ ਭਾਗੂ ਵੀ ਸੁਰਖਰੂ ਮਹਿਸੂਸ ਕਰ ਰਿਹਾ ਹੈ ਪਰ ਫੂਸ ਮੰਡੀ ਦੇ ਫਿਕਰ ਜਿਆਦਾ ਘਟੇ ਹਨ। ਬਠਿੰਡਾ ਛਾਉਣੀ ਦੇ ਐਨ ਨਾਲ ਦੇ ਪਿੰਡ ਫੂਸ ਮੰਡੀ ਦੇ ਲੋਕ ਬਾਰੂਦ ਦੇ ਢੇਰ ਤੇ ਬੈਠੇ ਹਨ। ਫੂਸ ਮੰਡੀ ਦੇ ਇੱਕ ਪਾਸੇ ਬਠਿੰਡਾ ਛਾਉਣੀ ਹੈ ਅਤੇ ਦੂਸਰੇ ਬੰਨੇ੍ਹ ਤੇਲ ਕੰਪਨੀਆਂ ਦੇ ਤੇਲ ਭੰਡਾਰ ਹਨ। ਜਦੋਂ ਦੋਵਾਂ ਮੁਲਕਾਂ ਵਿਚਕਾਰ ਜੰਗ ਦੀ ਚੰਗਿਆੜੀ ਭੜਕਣ ਲੱਗੀ ਤਾਂ ਉਸ ਨੇ ਇਸ ਪਿੰਡ ਦੇ ਲੋਕਾਂ ਨੂੰ ਵੀ ਡਰਾ ਦਿੱਤਾ ਸੀ। ਭਾਵੇਂ ਭਾਰਤੀ ਫੌਜ ਵੱਲੋਂ ਕੀਤੇ ਪ੍ਰਬੰਧਾਂ ਕਾਰਨ ਬਠਿੰਡਾ ਜਿਲ੍ਹੇ ਵਿਚ ਸਭ ਕੁਝ ਸੁਰੱਖਿਅਤ ਰਿਹਾ ਹੈ ਪ੍ਰੰਤੂ ਧਮਾਕਿਆਂ ਦੀਆਂ ਘਟਨਾਵਾਂ ਨੇ ਫੂਸ ਮੰਡੀ ਵਾਸੀ ਖੌਫਜ਼ਦਾ ਕਰੀ ਰੱਖੇ ਸਨ। ਪਿੰਡ ਵਾਸੀ ਆਖਦੇ ਹਨ ਕਿ ਲੋਕਾਂ ਕੋਲ ਕੋਈ ਚਾਰਾ ਨਹੀਂ ਹੈ ਕਿਉਂਕਿ ਉਹ ਪਿੰਡ ਵੀ ਨਹੀਂ ਛੱਡ ਸਕਦੇ ਹਨ। ਅਸਲਾ ਡਿਪੂ ਦੇ ਦੋ ਹਜ਼ਾਰ ਮੀਟਰ ਦੇ ਘੇਰੇ ਅੰਦਰ ਉਸਾਰੀ ਦੀ ਮਨਾਹੀ ਵੀ ਕੀਤੀ ਹੋਈ ਹੈ। ਬਠਿੰਡਾ ਛਾਉਣੀ ਬਣਨ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਧਾਰਨਾ ਬਣੀ ਹੋਈ ਹੈ ਕਿ ਫੌਜ ਦਾ ਅਸਲਾ ਡਿਪੂ ਪਿੰਡ ਫੂਸ ਮੰਡੀ ਵਾਲੇ ਪਾਸੇ ਹੈ ਜਿਸ ਕਰਕੇ ਲੋਕਾਂ ਦੀ ਜਾਨ ਹਮੇਸ਼ਾ ਮੁੱਠੀ ਵਿੱਚ ਆਈ ਰਹਿੰਦੀ ਹੈ। ਜਿਸ ਦਿਨ ਤੋਂ ਦੋਵਾਂ ਮੁਲਕਾਂ ਵਿਚਕਾਰ ਜੰਗ ਦਾ ਮਹੌਲ ਬਣਨਾ ਸ਼ੁਰੂ ਹੋਇਆ ਸੀ ਤਾਂ ਉਦੋਂ ਤੋਂ ਲੋਕਾਂ ਨੂੰ ਹਰ ਵਕਤ ਅਣਹੋਣੀ ਦੇ ਸਹਿਮ ਹੇਠ ਜਿਉਣਾ ਪਿਆ ਹੈ। ਡਰ ਦਾ ਕਾਰਨ ਇਹ ਵੀ ਹੈ ਕਿ ਪਿੰਡ ਦੇ ਦੂਸਰੀ ਤਰਫ਼ ਚਾਰ ਤੇਲ ਕੰਪਨੀਆਂ ਦੇ ਵੱਡੇ ਤੇਲ ਭੰਡਾਰ ਹਨ ਜਿਥੋਂ ਪੂਰੇ ਮਾਲਵੇ ਨੂੰ ਤੇਲ ਸਪਲਾਈ ਹੁੰਦਾ ਹੈ। ਤੇਲ ਦਾ ਇਹ ਭੰਡਾਰ ਵੀ ਪਿੰਡ ਵਾਸੀਆਂ ਵਿੱਚ ਭੈਅ ਦਾ ਕਾਰਨ ਬਣਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਭਾਵੇਂ ਛਾਉਣੀ ਤੇ ਤੇਲ ਡਿਪੂਆਂ ਦੀ ਕੋਈ ਅੜਚਨ ਨਹੀਂ ਹੈ ਪ੍ਰੰਤੂ ਖਤਰਾ ਤਾਂ ਹਮੇਸ਼ਾ ਬਣਿਆ ਹੀ ਰਹਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਤਾਂ ਜਦੋਂ ਛਾਉਣੀ ਵਿਚ ਪ੍ਰੈਕਟਿਸ ਚੱਲਦੀ ਹੁੰਦੀ ਸੀ ਤਾਂ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਤਿੜਕ ਜਾਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਫੂਸ ਮੰਡੀ ਤਾਂ ਬਠਿੰਡੇ ਦੇ ਆਲੇ ਦੁਆਲੇ ਤਰੱਕੀ ਦੀ ਵਗੀ ਹਵਾ ਤੋਂ ਵੀ ਵਾਂਝਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਗ ਤਾਂ ਨਾਮ ਹੀ ਖਤਰੇ ਦਾ ਸੂਚਕ ਹੈ ਜੋ ਦੋ ਮੁਲਕਾਂ ਵਿੱਚ ਲੱਗੀ ਤਾਂ ਹੋਰ ਵੀ ਖਤਰਨਾਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਹੋਣ ਮਗਰੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਪਿੰਡ ਦੇ ਵਸਨੀਕ ਲਖਵਿੰਦਰ ਸਿੰਘ ਲੱਖਾ ਦਾ ਕਹਿਣਾ ਸੀ ਕਿ ਪਹਿਲੋ ਪਹਿਲ ਤਾਂ ਕਾਫੀ ਡਰ ਲੱਗਦਾ ਰਿਹਾ ਹੈ ਪਰ ਹੁਣ ਤਾਂ ਇਸ ਮਹੌਲ ਦੀ ਆਦਤ ਜਿਹੀ ਬਣ ਗਈ ਹੈ। ਜੰਗਬੰਦੀ ਮਗਰੋਂ ਘਟਿਆ ਡਰ ਪਿੰਡ ਫੂਸ ਮੰਡੀ ਦੀ ਸਰਪੰਚ ਗੁਰਵਿੰਦਰ ਕੌਰ ਦੇ ਪਤੀ ਗੁਰਤੇਜ ਸਿੰਘ ਦਾ ਕਹਿਣਾ ਸੀ ਕਿ ਜੰਗਬੰਦੀ ਹੋਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੂਰਾ ਪਿੰਡ ਤਾਂ ਮੌਤ ਦੇ ਮੂੰਹ ਵਿੱਚ ਬੈਠਾ ਰਿਹਾ ਅਤੇ ਇਹ ਦਿਨ ਡਰ ਡਰ ਕੇ ਦਿਨ ਕੱਟਣੇ ਪਏ ਹਨ। ਉਨ੍ਹਾਂ ਆਖਿਆ ਕਿ ਬਠਿੰਡਾ ਜਿਲ੍ਹੇ ’ਚ ਹੋਏ ਧਮਾਕਿਆਂ ਮਗਰੋਂ ਤਾਂ ਪਿੰਡ ਦੇ ਲੋਕ ਹੋਰ ਵੀ ਜਿਆਦਾ ਸਹਿਮ ਗਏ ਸਨ। ਉਨ੍ਹਾਂ ਕਿਹਾ ਕਿ ਫੌਜ ਦੀ ਮੁਸਤੈਦੀ ਕਾਰਨ ਹੁਣ ਭਾਵੇਂ ਕੋਈ ਵੀ ਖਤਰਾ ਨਹੀਂ ਹੈ ਪ੍ਰੰਤੂ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਲੋਕਾਂ ਨੂੰ ਤੇਲ ਡਿਪੂ ਅਤੇ ਛਾਉਣੀ ਚੇਤੇ ਆ ਜਾਂਦੇ ਹਨ। ਦਿਵਾਲੀ ਵੀ ਰਹਿੰਦੀ ਫਿੱਕੀ ਫੌਜੀ ਛਾਉਣੀ ਦੇ ਨਜ਼ਦੀਕ ਹੋਣ ਕਾਰਨ ਫੂਸ ਮੰਡੀ ਵਾਸੀ ਨਾ ਦੀਵਾਲ਼ੀ ਮਨਾ ਸਕਦੇ ਹਨ ਅਤੇ ਨਾ ਹੀ ਖੁਸ਼ੀ ਦੇ ਹੋਰਨਾਂ ਮੌਕਿਆਂ ਤੇ ਕਿਸੇ ਕਿਸਮ ਦੇ ਪਟਾਕੇ ਚਲਾ ਸਕਦੇ ਹਨ। ਆਤਿਸ਼ਬਾਜ਼ੀ ਤਾਂ ਬਿਲਕੁਲ ਵੀ ਨਹੀਂ ਚਲਾਉਣ ਦਿੱਤੀ ਜਾਂਦੀ ਹੈ। ਬਠਿੰਡਾ ਪ੍ਰਸ਼ਾਸਨ ਪਟਾਕੇ ਚਲਾਉਣ ’ਤੇ ਅਗੇਤੀ ਪਾਬੰਦੀ ਲਾ ਦਿੰਦਾ ਹੈ। ਲੋਕਾਂ ਨੇ ਦੱਸਿਆ ਕਿ ਪਿੰਡ ਦੇ ਬੱਚੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਦੀਵਾਲੀ ਮਨਾਉਣ ਲਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਅਚਨਚੇਤ ਕਿਸੇ ਵੀ ਕਿਸਮ ਦੀ ਕੋਈ ਅੱਗ ਵਰਗੀ ਘਟਨਾ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਮਜਬੂਰੀ ਦੇ ਵਾਤਾਵਰਨ ਪ੍ਰੇਮੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਸ ਮੰਡੀ ਤੇ ਭਾਗੂ ਦੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਹਨ। ਦੇਖਣ ਤੋਂ ਜਾਪਦਾ ਹੈ ਕਿ ਕਿਸਾਨ ਵਾਤਾਵਰਨ ਪ੍ਰੇਮੀ ਹਨ ਪਰ ਉਨ੍ਹਾਂ ਨੂੰ ਮਜਬੂਰੀ ਵਿੱਚ ਇਹ ਵਾਜੇ ਵਜਾਉਣੇ ਪੈ ਰਹੇ ਹਨ ਜਿੰਨ੍ਹਾਂ ਨੂੰ ਵਜਾਉਣ ਦਾ ਕਿਸਾਨਾਂ ਤੇ ਫਾਲਤੂ ਖਰਚਾ ਪੈ ਰਿਹਾ ਹੈ। ਕਿਸਾਨ ਦੱਸਦੇ ਹਨ ਕਿ ਛਾਉਣੀ ਪ੍ਰਸ਼ਾਸ਼ਨ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀ ਮਨਾਹੀਂ ਕੀਤੀ ਹੋਈ ਹੈ ਜਿਸ ਕਰਕੇ ਉਨ੍ਹਾਂ ਨੂੰ ਪਰਾਲੀ ਹੋਰ ਥਾਵਾਂ ਤੇ ਛੱਡ ਕੇ ਆਉਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਢੋਆ ਢੁਆਈ ਤੇ ਉਨ੍ਹਾਂ ਨੂੰ ਵੱਖਰੇ ਤੌਰ ਤੇ ਖਰਚਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਚਾਹ ਬਣਾਉਣ ਵਾਸਤੇ ਅੱਗ ਵੀ ਬਾਲਣ ਦੀ ਆਗਿਆ ਨਹੀਂ ਹੈ।
Total Responses : 1742