Babushahi Special ਕੋਠਾ ਗੁਰੂ: ਸੁਹਾਗ ਘੋੜੀਆਂ ਦੀ ਥਾਂ ਤੇਜ਼ ਹੋਈ ਵੈਣਾਂ ਦੀ ਆਵਾਜ਼
ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2025: ਬਠਿੰਡਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਵੱਡੇ ਪਿੰਡਾਂ ਚੋਂ ਇੱਕ ਕੋਠਾ ਗੁਰੂ ਵਿੱਚ ਉਪਰੋਂ ਥਲੀ ਹੋਈਆਂ ਕਿਸਾਨ ਪਰਿਵਾਰਾਂ ਵਿੱਚ ਪੰਜ ਮੌਤਾਂ ਕਾਰਨ ਪਿੰਡ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਇਸ ਪਿੰਡ ਦਾ ਇੱਕ ਹੋਰ ਕਿਸਾਨ ਕਰਮਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੋਠਾ ਗੁਰੂ ਕਿਸਾਨੀ ਮੰਗਾਂ ਲਈ ਸ਼ਹੀਦ ਹੋ ਗਿਆ ਤਾਂ ਪਿੰਡ ਵਿੱਚ ਚਿੰਤਾ ਅਤੇ ਦੁੱਖ ਦੀ ਲਹਿਰ ਦੌੜ ਗਈ ਹੈ।ਮਾਘ ਮਹੀਨੇ ਦੌਰਾਨ ਜਦੋਂ ਪਿੰਡਾਂ ਵਿੱਚ ਵਿਆਹ ਸਾਹਿਆਂ ਅਤੇ ਹੋਰ ਧਾਰਮਿਕ ਸਮਾਗਮਾਂ ਕਾਰਨ ਚਹਿਲ ਪਹਿਲ ਹੁੰਦੀ ਹੈ ਤਾਂ ਪਿੰਡ ਕੋਠਾ ਗੁਰੂ ਵਿੱਚ ਇੱਕ ਅਜੀਬੋ ਗਰੀਬ ਕਿਸਮ ਦੀ ਮਾਤਮੀ ਚੁੱਪ ਦਾ ਪਸਾਰਾ ਹੈ। ਇਹਨਾਂ ਦਿਨਾਂ ਦੌਰਾਨ ਜਿਸ ਕਿਸੇ ਨੇ ਵੀ ਕੋਈ ਵਿਆਹ ਜਾ ਹੋਰ ਸਮਾਜਿਕ ਸਮਾਗਮ ਰੱਖੇ ਹੋਏ ਹਨ ਉਹ ਵੀ ਚੁੱਪ ਚੁਪੀਤੇ ਹੀ ਬਿਨਾਂ ਢੋਲ ਢਮੱਕਿਆਂ ਤੋਂ ਨਿਪਟਾਏ ਜਾ ਰਹੇ ਹਨ। ਜਦੋਂ ਪਿੰਡ ਵਿੱਚ ਕਰਮਜੀਤ ਸਿੰਘ ਦੀ ਮੌਤ ਦਾ ਸਮਾਚਾਰ ਪੁੱਜਾ ਤਾਂ ਜ਼ਿਆਦਾਤਰ ਪਰਿਵਾਰਾਂ ਨੇ ਸ਼ਾਮ ਨੂੰ ਢੰਗ ਸਿਰ ਚੁੱਲ੍ਹੇ ਵਿੱਚ ਅੱਗ ਤੱਕ ਨਹੀਂ ਅਤੇ ਪਿੰਡ ਵਾਸੀ ਸਿਰਫ ਬੱਚਿਆਂ ਜਾਂ ਜਰੂਰਤ ਅਨੁਸਾਰ ਹੀ ਦਾਲ ਰੋਟੀ ਬਣਾਉਣ ਤੱਕ ਹੀ ਸੀਮਤ ਰਹੇ।
ਪਤੀ ਦੇ ਸਦੀਵੀ ਵਿਛੋੜੇ ਕਾਰਨ ਕਰਮਜੀਤ ਸਿੰਘ ਦੀ ਪਤਨੀ ਅਤੇ ਰੋਂਦੇ ਬੱਚਿਆਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਹੈ।ਪਿੰਡ ਵਿੱਚ ਜਿੱਥੇ ਵੀ ਚਾਰ ਬੰਦੇ ਜੁੜਦੇ ਹਨ ਉੱਥੇ ਇਹਨਾਂ ਦੁਖਦਾਈ ਮੌਤਾਂ ਦੀ ਦੁਖਦਾਇਕ ਕਹਾਣੀ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿਸਾਨ ਗਏ ਤਾਂ ਕਿਸਾਨੀ ਦੇ ਦੁੱਖਾਂ ਦਾ ਹੱਲ ਲੱਭਣ ਲਈ ਸੀ ਪਰ ਹੋਣੀ ਇਸ ਤਰ੍ਹਾਂ ਸ਼ਰੀਕ ਬਣ ਕੇ ਟਕਰੇਗੀ ਕਿਸੇ ਨੂੰ ਕੋਈ ਚਿੱਤ ਚੇਤਾ ਵੀ ਨਹੀਂ ਸੀ । ਉਹਨਾਂ ਆਖਿਆ ਕਿ ਕੇਂਦਰੀ ਹਕੂਮਤ ਕਿਸਾਨਾਂ ਨਾਲ ਵੈਰ ਕੱਢ ਰਹੀ ਹੈ ਤਾਂ ਹੀ ਤਾਂ ਗੱਭਰੂ ਜਵਾਨ ਆਣਆਈ ਮੌਤ ਮਰਨ ਲਈ ਮਜ਼ਬੂਰ ਹਨ । ਪਿੰਡ ਵਾਸੀ ਜਰਨੈਲ ਸਿੰਘ ਆਖਦੇ ਹਨ ਕਿ ਇਤਿਹਾਸਿਕ ਪਿੰਡ ਕੋਠਾ ਗੁਰੂ ਨੇ ਖੇਤ ਬਚਾਉਣ ਤੇ ਪੈਲੀਆਂ ਦੀ ਪੱਤ ਦੀ ਰਾਖੀ ਲਈ ਘਰੋਂ ਤੋਰੇ ਪੁੱਤ ਗੁਆ ਲਏ ਹਨ। ਉਹਨਾਂ ਕਿਹਾ ਕਿ ਹਕੂਮਤ ਇੰਨੀ ਜ਼ਾਲਮ ਹੋ ਗਈ ਹੈ ਕਿ ਉਸ ਨੂੰ ਘਰਾਂ ਵਿੱਚ ਨਿੱਤ ਵਿਛਦੇ ਸੱਥਰ ਵੀ ਦਿਸਣੋ ਹਟ ਗਏ ਹਨ। ਕਿਸਾਨ ਜੀਤ ਸਿੰਘ ਦਾ ਕਹਿਣਾ ਸੀ ਕਿ ਦਿੱਲੀ ਦਾ ਗਰੂਰ ਐਨਾ ਕਰੂਰ ਹੋ ਗਿਆ ਹੈ ਕਿ ਸਾਲ ਚੜ੍ਹਦੇ ਸਾਰ ਘਰਾਂ ਦੇ ਚਿਰਾਗ ਬੁਝਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਚਿੰਤਾਜਨਕ ਅਤੇ ਦੁਖਦਾਈ ਹੈ।
ਉਹਨਾਂ ਕਿਹਾ ਕਿ ਕੇਂਦਰੀ ਹਕੂਮਤ ਕਿਸਾਨਾਂ ਦਾ ਸਬਰ ਪਰਖ ਕੇ ਜਬਰ ਕਰ ਰਹੀ ਹੈ ਪਰ ਉਸ ਨੂੰ ਪੰਜਾਬੀਆਂ ਦਾ ਪਤਾ ਨਹੀਂ ਕਿ ਉਹ ਆਪਣੀਆਂ ਮੰਗਾਂ ਮਨਾ ਕੇ ਹੀ ਪਿੱਛੇ ਹਟਣਗੇ। ਪਿੰਡ ਕੋਠਾ ਗੁਰੂ ਦਾ ਕਿਸਾਨ ਗੁਰਮੇਲ ਸਿੰਘ ਆਖਦਾ ਹੈ ਕਿ ਕਿਸਾਨਾਂ ਦੀਆਂ ਸ਼ਹੀਦੀਆਂ ਅਜਾਈਂ ਨਹੀਂ ਜਾਣਗੀਆਂ ਅਤੇ ਅੰਤ ਨੂੰ ਹੱਕ ਸੱਚ ਦਾ ਸੂਰਜ ਚੜ੍ਹ ਕੇ ਰਹੇਗਾ। ਉਹਨਾਂ ਆਖਿਆ ਕਿ ਕੱਲ੍ਹ ਨੂੰ ਕੁਦਰਤ ਇਹਨਾਂ ਪਰਿਵਾਰਾਂ ਦੀ ਜਿੰਨੀ ਵੱਡੀ ਮਰਜ਼ੀ ਬਾਂਹ ਫੜ ਲਹੇ ਪਰ ਜੋ ਇਸ ਤਰ੍ਹਾਂ ਹੋਰਨਾਂ ਲੋਕਾਂ ਦੀ ਖਾਤਰ ਜਹਾਨੋ ਚਲੇ ਗਏ ਉਹਨਾਂ ਦੇ ਜਾਣ ਦਾ ਖੱਪਾ ਕਦੇ ਵੀ ਨਹੀਂ ਪੂਰਿਆ ਜਾ ਸਕੇਗਾ। ਇਹਨਾਂ ਕਿਸਾਨਾਂ ਨੇ ਬਾਕੀ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਦੁਆ ਵੀ ਮੰਗੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨੀਆਂ ਮੌਤਾਂ ਤੋਂ ਬਾਅਦ ਵੀ ਸੱਤਾ ਪੱਖ ਦੇ ਕਿਸੇ ਵੱਡੇ ਆਗੂ ਨੇ ਪੀੜਤਾਂ ਨਾਲ ਦੁੱਖ ਸਾਂਝਾ ਨਹੀਂ ਕੀਤਾ ਹੈ।ਲੋਕ ਆਖਦੇ ਹਨ ਕਿ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਹਨ ਤਾਂ ਲੀਡਰ ਝੱਟ ਹਾਜ਼ਰ ਹੋ ਜਾਂਦੇ ਹਨ । ਅੱਜ ਜਦੋਂ ਪਿੰਡ ਤੇ ਬਿਪਤਾ ਪਈ ਹੈ ਤਾਂ ਕਿਸੇ ਨੂੰ ਕੋਠਾ ਗੁਰੂ ਦਾ ਰਾਹ ਦਿਖਾਈ ਨਹੀਂ ਦੇ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਅਖਵਾਉਣ ਵਾਲੀ ਪੰਜਾਬ ਸਰਕਾਰ ਨੂੰ ਸਮੂਹ ਪੀੜਿਤ ਪਰਿਵਾਰਾਂ ਦੀ ਮਾਲੀ ਅਤੇ ਹੋਰ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
ਹੰਢਿਆਇਆ ਸੜਕ ਹਾਦਸੇ ਦੀ ਹਕੀਕਤ
ਦੱਸਣਯੋਗ ਹੈ ਕਿ 4 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਰਕਰਾਂ ਦੀ ਪਿੰਡ ਕੋਠਾ ਗੁਰੂ(ਬਠਿੰਡਾ) ਤੋਂ ਟੋਹਾਣਾ (ਹਰਿਆਣਾ) ਵਿਖੇ ‘ਕਿਸਾਨ ਮਹਾ ਪੰਚਾਇਤ’ ਵਿੱਚ ਸ਼ਾਮਲ ਹੋਣ ਜਾ ਰਹੀ ਸੀ।ਸੰਘਣੀ ਧੁੰਦ ਕਾਰਨ ਬਰਨਾਲਾ ਜ਼ਿਲ੍ਹੇ ਦੇ ਹੰਢਿਆਇਆ ਲਾਗੇ ਕਿਸਾਨਾਂ ਦੇ ਨਾਲ ਕਾਫਲੇ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ ।ਇਸ ਮੰਦਭਾਗੇ ਹਾਦਸੇ ਦੌਰਾਨ ਕੋਠਾ ਗੁਰੂ ਦੀਆਂ ਤਿੰਨ ਕਿਸਾਨ ਔਰਤਾਂ ਸਰਬਜੀਤ ਕੌਰ, ਜਸਵੀਰ ਕੌਰ ਅਤੇ ਬਲਵੀਰ ਕੌਰ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੌਰਾਨ ਪੌਣੀ ਦਰਜਨ ਦੇ ਕਰੀਬ ਕਿਸਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ । ਜਖਮੀਆਂਂ ਨੂੰ ਏਮਜ਼ ਹਸਪਤਾਲ ਬਠਿੰਡਾ ਸਮੇਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ। ਦੋ ਦਿਨ ਪਹਿਲਾਂ ਏਮਜ਼ ਹਸਪਤਾਲ ਵਿੱਚ ਪਿੰਡ ਕੋਠਾ ਗੁਰੂ ਨਿਵਾਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ ਦੀ ਮੌਤ ਹੋ ਗਈ ਸੀ । ਹਾਲੇ ਇਸ ਪਿੰਡ ਦੇ ਕਿਸਾਨ ਆਗੂ ਦੇ ਸਿਵੇ ਦੀ ਅੱਗ ਠੰਢੀ ਨਹੀਂ ਹੋਈ ਸੀ ਕਿ ਇੱਕ ਹੋਰ ਕਿਸਾਨ ਕਰਮਜੀਤ ਸਿੰਘ ਵਾਸੀ ਕੋਠਾ ਗੁਰੂ ਆਪਣੇ ਜਖਮਾਂ ਦੀ ਤਾਬ ਨਾ ਝੱਲਦਿਆਂ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਦਮ ਤੋੜ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਕੂਮਤ ਦੀ ਨੀਅਤ ਹੀ ਮਾੜੀ ਹੈ ਜਿਸ ਕਰਕੇ ਅਜਿਹੇ ਕਾਰੇ ਹੋ ਰਹੇ ਹਨ।
ਪਤਨੀ ਦੇ ਸਿਰ ਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਕਰਮਾ (38) ਪੁੱਤਰ ਰਣਜੀਤ ਸਿੰਘ ਵਾਸੀ ਕੋਠਾ ਗੁਰੂ ਦੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਨੌਜਵਾਨ ਦਾ ਤਕਰੀਬਨ 10- 11 ਸਾਲ ਪਹਿਲਾਂ ਰਮਨਦੀਪ ਕੌਰ ਨਾਲ ਵਿਆਹ ਹੋਇਆ ਸੀ। ਕਰਮਜੀਤ ਸਿੰਘ ਦੇ ਘਰ ਨੌ ਸਾਲ ਦੀ ਲੜਕੀ ਅਤੇ ਪੰਜ ਸਾਲ ਦਾ ਲੜਕਾ ਹੈ। ਬੇਜ਼ਮੀਨਾਂ ਅਤੇ ਪਰਿਵਾਰਿਕ ਹਾਲਾਤ ਠੀਕ ਨਾ ਹੋਣ ਕਰਕੇ ਉਹ ਕੱਪੜੇ ਸਿਲਾਈ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਬਰਨਾਲਾ ਜ਼ਿਲ੍ਹੇ ਦੇ ਹੰਡਿਆਇਆ ਕੋਲ ਵਾਪਰਿਆ ਇਹ ਹਾਦਸਾ ਰਮਨਦੀਪ ਕੌਰ ਦੀ ਜ਼ਿੰਦਗੀ ਨੂੰ ਰੋਹੀ ਦਾ ਰੁੱਖ ਬਣਾ ਗਿਆ ਹੈ। ਇਹ ਮਹਿਲਾ ਤਾਂ ਆਪਣੇ ਬੱਚਿਆਂ ਸਹਾਰੇ ਜ਼ਿੰਦਗੀ ਦੇ ਸੁਪਨੇ ਬੁਣ ਰਹੀ ਸੀ ਕਿ ਅਚਾਨਕ ਉਸ ਦੀਆਂ ਸੱਧਰਾਂ ਤੇ ਅਜਿਹੀ ਬਿਜਲੀ ਡਿੱਗੀ ਜਿਸਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ। ਰਮਨਦੀਪ ਕੌਰ ਨੂੰ ਹੁਣ ਇਕੱਲਿਆਂ ਜ਼ਿੰਦਗੀ ਦੀ ਜੰਗ ਲੜਨੀ ਪਵੇਗੀ । ਉਸਦੇ ਸਿਰ ਤੇ ਹੁਣ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਆ ਗਈ ਹੈ।ਕਿਸਾਨ ਆਗੂ ਸੁਖਜੀਤ ਸਿੰਘ ਕੋਠਾ ਗੁਰੂ ਆਖਦਾ ਹੈ ਕਿ ਕਿਸਾਨੀ ਦਾ ਮੂੰਹ ਮੱਥਾ ਸਵਾਰਨ ਲਈ ਇਹ ਕਿਸਾਨ ਘਰੋਂ ਨਿਕਲੇ ਸਨ ਪਰ ਹਕੂਮਤੀ ਚੱਕਾ ਏਨਾ ਤੇਜ਼ ਸੀ ਕਿ ਮੌਤ ਨੂੰ ਝਕਾਨੀ ਨਾ ਦੇ ਸਕੇ। ਉਹਨਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਸ਼ਹਾਦਤ ਨੇ ਕਿਸਾਨੀ ਘੋਲ ’ਚ ਰੜਕ ਭਰ ਦਿੱਤੀ ਹੈ।
ਬਸੰਤ ਸਿੰਘ ਦੇ ਪ੍ਰੀਵਾਰ ਵਿੱਚ ਛਾਈ ਪੱਤਝੜ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ ਦੇ ਪਰਿਵਾਰ ਸਿਰ ਵੀ ਹੁਣ ਦੁੱਖਾਂ ਦੀ ਪੰਡ ਟਿਕਣ ਦੇ ਨਾਲ ਨਾਲ ਪੱਤਝੜ ਛਾ ਗਈ ਹੈ। ਬਸੰਤ ਸਿੰਘ ਯੂਨੀਅਨ ਵਿੱਚ ਲੰਮੇ ਸਮੇਂ ਤੋਂ ਆਗੂ ਵਜੋਂ ਮੋਹਰੀ ਸਫ਼ਾਂ ਵਿੱਚ ਕੰਮ ਕਰ ਰਹੇ ਸਨ। ਬਸੰਤ ਸਿੰਘ ਦੀ ਪਤਨੀ ਅਮਰਜੀਤ ਕੌਰ ਦੀ ਨਾਮੁਰਾਦ ਕੈਂਸਰ ਕਾਰਨ ਕਰੀਬ ਦਸ ਸਾਲ ਪਹਿਲਾਂ ਮੌਤ ਹੋ ਗਈ ਸੀ। ਕਿਸਾਨ ਆਗੂ ਆਪਣੇ ਪਿੱਛੇ ਦੋ ਲੜਕੇ ਅਤੇ ਦੋ ਲੜਕੀਆਂ ਛੱਡ ਗਿਆ ਹੈ।ਇੰਨ੍ਹਾਂ ਚੋਂ ਇੱਕ ਲੜਕਾ ਤੇ ਇੱਕ ਲੜਕੀ ਬਾਹਰਲੇ ਮੁਲਕ ਗਏ ਹੋਏ ਹਨ। ਪ੍ਰੀਵਾਰ ਕੋਲ ਸਿਰਫ ਢਾਈ ਤਿੰਨ ਏਕੜ ਜਮੀਨ ਸੀ ਜਿਸ ਚੋਂ ਵੱਡਾ ਹਿੱਸਾ ਅਮਰਜੀਤ ਕੌਰ ਨੂੰ ਚਿੰਬੜੀ ਕੈਂਸਰ ਦੀ ਬਿਮਾਰੀ ਦੇ ਇਲਾਜ ਅਤੇ ਖੇਤੀ ਸੰਕਟ ਕਾਰਨ ਸਿਰ ਚੜ੍ਹੇ ਕਰਜੇ ’ਚ ਵਿਕ ਗਈ।ਹੁਣ ਇਸ ਪ੍ਰੀਵਾਰ ਕੋਲ ਨਾਮਾਤਰ ਜਮੀਨ ਹੈ ਜਿਸ ਤੇ ਬਸੰਤ ਸਿੰਘ ਦਾ ਲੜਕਾ ਖੇਤੀ ਕਰਨ ਦੇ ਨਾਲ ਨਾਲ ਪ੍ਰੀਵਾਰ ਪਾਲਣ ਲਈ ਹੱਥੀਂ ਮਿਹਨਤ ਕਰਦਾ ਹੈ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਬੇਸ਼ੱਕ ਇਹਨਾਂ ਕਿਸਾਨ ਪਰਿਵਾਰਾਂ ਨਾਲ ਜੱਗੋਂ ਤੇਰ੍ਹਵੀਂ ਹੋਈ ਹੈ ਪਰ ਇਹਨਾਂ ਬੁਝੇ ਚਿਰਾਗਾਂ ਨੇ ਕਿਸਾਨੀ ਸੰਘਰਸ਼ ਦੀ ਮਸ਼ਾਲ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਦੀ ਤੁਰੰਤ ਬਾਂਹ ਫੜ੍ਹੇ।
ਬਲਬੀਰ ਕੌਰ ਦੇ ਘਰ ਨੂੰ ਜਿੰਦਰਾ ਵੱਜਿਆ
ਇਸ ਸੜਕ ਹਾਦਸੇ ਦੌਰਾਨ ਮੌਤ ਦੇ ਮੂੰਹ ਜਾ ਪਈ ਬਜ਼ੁਰਗ ਬਲਵੀਰ ਕੌਰ ਦੇ ਘਰ ਨੂੰ ਹੀ ਜਿੰਦਰਾ ਵੱਜ ਗਿਆ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਬਲਵੀਰ ਕੌਰ ਦੀ ਕਹਾਣੀ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਬਲਵੀਰ ਕੌਰ ਦੇ ਦੁੱਖਾਂ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਜਦੋਂ ਉਸ ਦੇ ਪਤੀ ਦੀ ਬੇਵਕਤੀ ਮੌਤ ਹੋ ਗਈ ਸੀ। ਬਲਵੀਰ ਕੌਰ ਅਜੇ ਸੰਭਲੀ ਵੀ ਨਹੀਂ ਸੀ ਕਿ ਉਸਦੇ ਦੋ ਪੁੱਤਰਾਂ ਚੋ ਛੋਟੇ ਨੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਨਾਂ ਸਹਾਰਦਿਆਂ ਆਤਮ ਹੱਤਿਆ ਕਰ ਲਈ ਜੋ ਉਸ ਲਈ ਇੱਕ ਵੱਡਾ ਸਦਮਾ ਸੀ। ਇਸ ਬਜ਼ੁਰਗ ਨੂੰ ਉਸ ਵਕਤ ਜ਼ਿੰਦਗੀ ਦੀ ਇੱਕ ਹੋਰ ਵੱਡੀ ਸੱਟ ਵੱਜੀ ਜਦੋਂ ਬਲਵੀਰ ਕੌਰ ਦਾ ਦੂਸਰਾ ਡਰਾਈਵਰ ਲੜਕਾ ਇੱਕ ਹਾਦਸੇ ਦੌਰਾਨ ਆਪਣੀ ਲੱਤ ਗੁਆ ਬੈਠਾ। ਦੁੱਖਾਂ ਦਾ ਅੰਤ ਏਥੇ ਹੀ ਨਹੀਂ ਹੋਇਆ ਬਲਕਿ ਉਸ ਦੇ ਲੜਕੇ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਮਹਿੰਗੇ ਇਲਾਜ ਅਤੇ ਆਰਥਿਕ ਤੰਗੀ ਕਾਰਨ ਪ੍ਰੀਵਾਰ ਦੀ ਜ਼ਮੀਨ ਵਿਕ ਗਈ।ਇਸ ਦੇ ਬਾਵਜੂਦ ਕਿਸਾਨ ਜੱਥੇਬੰਦੀ ਦੀ ਇਕਾਈ ਕੋਠਾ ਗੁਰੂ ਦੀਆਂ ਔਰਤਾਂ ਦੇ ਕਾਫਲੇ ਦੀ ਸਰਗਰਮ ਮੈਂਬਰ ਬਲਵੀਰ ਕੌਰ ਨੇ ਹੌਸਲਾ ਨਹੀਂ ਹਾਰਿਆ ਅਤੇ ਹਰ ਅੰਦੋਲਨ ਵਿੱਚ ਸ਼ਾਮਲ ਹੁੰਦੀ ਰਹੀ । ਬਲਵੀਰ ਕੌਰ ਨੇ ਜ਼ਿੰਦਗੀ ਤਾਂ ਕਿਸਾਨੀ ਲੇਖੇ ਲਾਈ ਹੀ ਬਲਕਿ ਅੰਤ ਵਿੱਚ ਉਹ ਮੌਤ ਵੀ ਪੈਲੀਆਂ ਦੀ ਰਾਖੀ ਵਾਸਤੇ ਲਾ ਗਈ।