Babushahi News: ਬਠਿੰਡਾ: ਪੁਲਿਸ ਨੂੰ ਠੇਂਗਾ ਦਿਖਾਕੇ ਹੁੱਲੜਬਾਜਾਂ ਨੇ ਮਚਾਇਆ ਹੁੜਦੰਗ
ਅਸ਼ੋਕ ਵਰਮਾ
ਬਠਿੰਡਾ,14 ਮਾਰਚ2025:ਬਠਿੰਡਾ ਪੁਲਿਸ ਵੱਲੋਂ ਕੀਤੇ ਸਖਤ ਪ੍ਰਬੰਧਾਂ ਦੇ ਦਾਅਵਿਆਂ ਦੌਰਾਨ ਅੱਜ ਬਠਿੰਡਾ ਦੀਆਂ ਸੜਕਾਂ ਤੇ ਹੁੜਦੰਗੀਆਂ ਨੇ ਜੰਮਕੇ ਹੁੱਲੜਬਾਜੀ ਕੀਤੀ। ਇਸ ਪੱਖ ਤੋਂ ਸੰਵੇਦਨਸ਼ੀਲ ਮੰਨੀ ਜਾਂਦੀ ਅਜੀਤ ਰੋਡ ਅਤੇ ਨਾਲ ਲੱਗਦੇ ਮੁਹੱਲਿਆਂ ਵਿੱਚ ਤਾਂ ਹੁੱਲੜਬਾਜਾਂ ਦਾ ਇੱਕ ਤਰਾਂ ਨਾਲ ਰਾਜ਼ ਨਜ਼ਰ ਆਇਆ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਇਲਾਕਿਆਂ ਵਿੱਚ ਪੁਲਿਸ ਨੇ ਚੀਕਾਂ ਮਾਰਨ , ਬੱਚਿਆਂ ਵਾਲੇ ਵਾਜੇ ਵਜਾਉਣ ਅਤੇ ਦੰਗਾ ਕਰਨ ਵਾਲਿਆਂ ਨੂੰ ਆਪਣੇ ਰਿਵਾਇਤੀ ਅੰਦਾਜ਼ ’ਚ ਹੋਲੀ ਦੇ ਰੰਗ ਦਿਖਾਏ। ਪੁਲਿਸ ਦੇ ਇੱਕ ਏਐਸਆਈ ਨੇ ਪਹਿਲਾਂ ਦੋ ਤਿੰਨ ਘੰਟੇ ਗਾਂਧੀਗਿਰੀ ਕੀਤੀ ਜਿਸ ਤੋਂ ਸਬਕ ਨਾਂ ਲੈਣ ਵਾਲਿਆਂ ਦੀ ਚੰਗੀ ਡੰਡਾ ਪਰੇਡ ਵੀ ਕੀਤੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਈ ਚੌਂਕਾਂ ਵਿੱਚ ਟਰੈਫਿਕ ਪੁਲਿਸ ਦੀ ਤਾਇਨਾਤੀ ਦੇ ਬਾਵਜੂਦ ਮੁੰਡਿਆਂ ਅਤੇ ਕੁੜੀਆਂ ਨੇ ਆਵਾਜਾਈ ਦੇ ਨਿਯਮਾਂ ਦੀਆਂ ਰੱਜਕੇ ਧੱਜੀਆਂ ਉਡਾਈਆਂ।

ਵੇਰਵਿਆਂ ਮੁਤਾਬਕ ਪੁਲਿਸ ਕੋਲ ਹੁੱਲੜਬਾਜੀ ਦੀਆਂ ਸਭ ਤੋਂ ਜਿਆਦਾ ਸ਼ਕਾਇਤਾਂ ਅਜੀਤ ਰੋਡ ਅਤੇ ਸੌ ਫੁੱਟੀ ਸੜਕ ਤੋਂ ਆਈਆਂ। ਜਿਆਦਾਤਰ ਲੋਕਾਂ ਨੂੰ ਸ਼ਕਾਇਤ ਸੀ ਕਿ ਮੁੰਡੇ ਉੱਚੀ ਅਵਾਜ਼ ’ਚ ਵਾਜੇ ਵਜਾਕੇ ਮਹੌਲ ਖਰਾਬ ਕਰ ਰਹੇ ਹਨ। ਸ਼ਹਿਰ ਦੀ ਅਜੀਤ ਰੋਡ ਤੇ ਇੱਕ ਆਟੋ ਦੀ ਛੱਤ ਤੇ ਸਵਾਰ ਹੋਕੇ ਹੁੱਲੜਬਾਜੀ ਕਰ ਰਹੇ ਮੁੰਡਿਆਂ ਨੂੰ ਪੁਲਿਸ ਨੇ ਦੋਬਚ ਲਿਆ ਅਤੇ ਥਾਣੇ ਲੈ ਗਈ। ਪੂਰਾ ਦਿਨ ਸ਼ਹਿਰ ’ਚ ਪੁਲਿਸ ਦੇ ਪੀਸੀਆਰ ਮੋਟਰਸਾਈਕਲਾਂ ਅਤੇ ਕਾਰ ਸਵਾਰ ਪੁਲਿਸ ਦੇ ਜਵਾਨਾਂ ਵੱਲੋਂ ਕੀਤੀ ਗਈ ਗਸ਼ਤ ਦੇ ਬਾਵਜੂਦ ਨੌਜਵਾਨਾਂ ਦੀਆਂ ਟੋਲੀਆਂ ਸੜਕਾਂ ਤੇ ਬੇਲਗਾਮ ਘੁੰਮਦੀਆਂ ਨਜ਼ਰ ਆਈਆਂ। ਅਜੀਤ ਰੋਡ ਦੀਆਂ ਕਈ ਗਲੀਆਂ ਵਿੱਚ ਖੜਮਸਤੀ ਕਰਦੇ ਮੁੰਡਿਆਂ ਨੇ ਕੁੜੀਆਂ ਤੇ ਜੋਰ ਜਬਰਦਸਤੀ ਰੰਗ ਵੀ ਪਾਇਆ। ਇੱਕ ਥਾਂ ਤੇ ਇੱਕ ਲੜਕੀ ਤੇ ਰੰਗ ਪਾਉਣ ਵਾਲਿਆਂ ਨੂੰ ਜਦੋਂ ਕੁੜੀਆਂ ਨੇ ਜੁੱਤੀਆਂ ਲਾਹਕੇ ਦਿਖਾਈਆਂ ਤਾਂ ਮੁੰਡਿਆਂ ਦੀ ਟੋਲੀ ਮੌਕੇ ਤੋਂ ਭੱਜ ਗਈ।

ਅਮਰੀਕ ਸਿੰਘ ਰੋਡ ਤੇ ਹੱਲਾ ਗੁੱਲਾ ਕਰ ਰਹੇ ਮੁੰਡਿਆਂ ਦੀ ਪੁਲਿਸ ਨੇ ਭੁਗਤ ਸਵਾਰ ਦਿੱਤੀ । ਸ਼ਹਿਰ ਦੀਆਂ ਦੋ ਤਿੰਨ ਸੜਕਾਂ ਤੇ ਚੀਕਾਂ ਮਾਰਨ ਤੇ ਬੁਲੇਟ ਦੇ ਪਟਾਕੇ ਵਜਾਉਣ ਵਾਲੇ ਮੁੰਡਿਆਂ ਨੂੰ ‘ਸਿੱਧੇ ਰਾਹ ’ ਪਾਏ ਜਾਣ ਦੀਆਂ ਖਬਰਾਂ ਵੀ ਹਨ। ਇਸ ਦੌਰਾਨ ਨਵੇਂ ਵਿਆਹੇ ਜੋੜਿਆਂ ਨੇ ਵੀ ਹੋਲ ਦਾ ਤਿਉਹਾਰ ਕਾਫੀ ਮਸਤੀ ਨਾਲ ਮਨਾਇਆ। ਇਸ ਮਾਮਲੇ ’ਚ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਰਹੀਆਂ ਜਿੰਨ੍ਹਾਂ ਨੇ ਇੱਕ ਦੂਸਰੇ ਦੇ ਗੁਲਾਲ ਮਲਕੇ ਚਾਅ ਪੂਰੇ ਕੀਤੇ । ਪ੍ਰਵਾਸੀ ਮਜਦੂਰਾਂ, ਅਤੇ ਵੱਖ ਵੱਖ ਭਾਈਚਾਰਿਆਂ ਨੇ ਢੋਲ ਦੀ ਥਾਪ ਤੇ ਹੋਲੀ ਮਨਾਈ । ਸਵੇਰ ਵਕਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਗੁਰੂ ਘਰਾਂ ‘ਚ ਨਤਮਸਤਕ ਹੋਏ ਤੇ ਅਮਨ ਸ਼ਾਂਤੀ ਦੀ ਅਰਦਾਸ ਕੀਤੀ। ਛੋਟੇ ਬੱਚਿਆਂ ਇੱਕ ਦੂਜੇ ਨੂੰ ਰੰਗਿਆ ਅਤੇ ਨੱਚ ਟੱਪਕੇ ਖੂਬ ਮਸਤੀ ਕੀਤੀ।
ਦੂਜੇ ਪਾਸੇ ਜਿਲ੍ਹਾ ਪੁਲਿਸ ਦੀ ਸਖਤੀ ਦੇ ਬਾਵਜੂਦ ਬਠਿੰਡਾ ਸ਼ਹਿਰ ਬਠਿੰਡਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਰੰਗਾਂ ਦਾ ਤਿਉਹਾਰ ਹੋਲੀ ਉਤਸ਼ਾਹ ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੀਆਂ ਕਈ ਸਿਆਸੀ ਹਸਤੀਆਂ ਨੇ ਆਪੋ ਆਪਣੇ ਹਮਾਇਤੀਆਂ ਅਤੇ ਆਪਣੀਆਂ ਪਾਰਟੀਆਂ ਦੇ ਵਰਕਰਾਂ ਤੇ ਆਮ ਲੋਕਾਂ ਨਾਲ ਹੋਲੀ ਮਨਾਈ ਤੇ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ।ਦੇਖਣ ’ਚ ਆਇਆ ਕਿ ਬਠਿੰਡਾ ਵਾਸੀਆਂ ਨੇ ਇੱਕ ਦਿਨ ਪਹਿਲਾਂ ਹੀ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਹੋਲੀ ਵਾਲੇ ਦਿਨ ਤਾਂ ਰੰਗਾਂ ਦਾ ਮੇਲਾ ਪੂਰੇ ਜੋਬਨ ਤੇ ਦਿਖਾਈ ਦਿੱਤਾ। ਜਾਣਕਾਰੀ ਮੁਤਾਬਕ ਜਿਲ੍ਹਾ ਪੁਲਿਸ ਨੇ ਸ਼ਹਿਰ ਦੇ ਥਾਣਿਆਂ ਨੂੰ ਆਪੋ ਆਪਣੇ ਇਲਾਕੇ ’ਚ ਮੁਸਤੈਦ ਰਹਿਣ ਲਈ ਕਿਹਾ ਹੋਇਆ ਸੀ । ਕਿਸੇ ਕਿਸਮ ਦੇ ਖਰੂਦ ਨੂੰ ਰੋਕਣ ਲਈ ਸ਼ਹਿਰ ਦੀਆਂ ਕਾਫੀ ਥਾਵਾਂ ਤੇ ਪੁਲਿਸ ਤਾਇਨਾਤ ਕੀਤੀ ਗਈ ਸੀ।
ਮਾੜੀ ਘਟਨਾ ਦੀ ਸੂਚਨਾ ਨਹੀਂ
ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਪਾਸਿਓਂ ਕੋਈ ਵੱਡੀ ਘਟਨਾ ਵਾਪਰਨ ਦੀ ਸੂਚਨਾ ਨਹੀਂ ਤੇ ਸਮੁੱਚੇ ਤੌਰ ਤੇ ਤਿਉਹਾਰ ਵਾਲਾ ਦਿਨ ਅਮਨ ਅਮਾਨ ਵਾਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਰੱਖਣ ਅਤੇ ਹੁੱਲੜ੍ਹਬਾਜੀ ਰੋਕਣ ਲਈ ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਸਨ।