Babushahi Big News : ਡੀਆਈਜੀ ਰਿਸ਼ਵਤ ਕਾਂਡ ਦੀਆਂ ਤਾਰਾਂ ਬਠਿੰਡਾ ਨਾਲ ਜੁੜਨ ਦੀ ਚੁੰਝ ਚਰਚਾ ਨੇ ਹਿਲਾਈ ਪੁਲਿਸ
ਅਸ਼ੋਕ ਵਰਮਾ
ਬਠਿੰਡਾ,30 ਅਕਤੂਬਰ 2025: ਲੰਘੀ 16 ਅਕਤੂਬਰ ਨੂੰ 8 ਲੱਖ ਰੁਪਏ ਰਿਸ਼ਵਤ ਹਾਸਲ ਕਰਨ ਦੇ ਕਥਿਤ ਦੋਸ਼ਾਂ ਤਹਿਤ ਇੱਕ ਦਲਾਲ ਕ੍ਰਿਸ਼ਾਨੂੰ ਸ਼ਾਰਦਾ ਨਾਲ ਗ੍ਰਿਫਤਾਰ ਕੀਤੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੀ ਜਾਂਚ ਦੀਆਂ ਤਾਰਾਂ ਬਠਿੰਡਾ ਨਾਲ ਜੁੜਨ ਦੀ ਚੁੰਝ ਚਰਚਾ ਨੇ ਇੱਥੋਂ ਦੇ ਪ੍ਰਸ਼ਾਸ਼ਨਿਕ ਹਲਕਿਆਂ ’ਚ ਤਹਿਲਕਾ ਮਚਾ ਦਿੱਤਾ ਹੈ। ਸੀਬੀਆਈ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਸਬੰਧੀ ਇੱਕ ਹੋਰ ਕੇਸ ਦਰਜ ਕਰਨ ਤੋਂ ਬਾਅਦ ਇਸ ਚਰਚਾ ਨੇ ਜੋਰ ਫੜ੍ਹਿਆ ਹੈ ਜਿਸ ਨਾਲ ਬਠਿੰਡਾ ਰੇਂਜ ਵਿਚਲੇ ਪੁਲਿਸ ਹਲਕੇ ਸੁੰਨ ਕਰਕੇ ਰੱਖ ਦਿੱਤੇ ਹਨ। ਅਹਿਮ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਸੀਬੀਆਈ ਦੀਆਂ ਟੀਮਾਂ ਅਗਲੀ ਜਾਂਚ ਪੜਤਾਲ ਲਈ ਜਲਦੀ ਹੀ ਬਠਿੰਡਾ ਰੇਂਜ ’ਚ ਦਬਿਸ਼ ਦੇ ਸਕਦੀਆਂ ਹਨ। ਮਾਮਲਾ ਲੱਖਾਂ ਦਾ ਭ੍ਰਿਸ਼ਟਾਚਾਰ ਕਰੋੜਾਂ ਤੱਕ ਪੁੱਜਣ ਨਾਲ ਜੁੜਿਆ ਹੋਣ ਕਰਕੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਇਸ ਮੁੱਦੇ ਤੇ ਮੂੰਹ ਖੋਹਲਣ ਦੀ ਥਾਂ ਚੁੱਪ ਵੱਟੀ ਹੋਈ ਹੈ।
ਖਾਸ ਤੌਰ ਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਸਰੋਤਾਂ ਤੋਂ ਵੱਧ ਜਾਇਦਾਦ ਬਨਾਉਣ ਦਾ ਇੱਕ ਨਵਾਂ ਤੇ ਵੱਖਰਾ ਮਾਮਲਾ ਦਰਜ ਹੋਣ ਨੇ ਕੁੱਝ ਅਜਿਹੇ ਲੋਕਾਂ ਦੀ ਸਥਿਤੀ ਕਸੂਤੀ ਬਣਾ ਸਕਦੀ ਹੈ ਜਿੰਨ੍ਹਾਂ ਦੀ ਉਦੋਂ ਰੇਂਜ ਦਫਤਰ ਵਿੱਚ ਤੂਤੀ ਬੋਲਦੀ ਹੁੰਦੀ ਸੀ। ਡੀਆਈਜੀ ਭੁੱਲਰ ਨੂੰ 26 ਸਤੰਬਰ 2024 ਨੂੰ ਬਠਿੰਡਾ ਰੇਂਜ ਦਾ ਡੀਆਈਜੀ ਬਣਾਇਆ ਗਿਆ ਸੀ ਅਤੇ ਉਹ ਦੋ ਮਹੀਨੇ ਇਸ ਅਹੁਦੇ ਤੇ ਰਹੇ ਸਨ। ਹਰਚਰਨ ਸਿੰਘ ਭੁੱਲਰ ਨੂੰ 25 ਨਵੰਬਰ 2024 ਨੂੰ ਰੋਪੜ ਰੇਂਜ ਦੇ ਡੀਆਈਜੀ ਵਜੋਂ ਨਿਯੁਕਤ ਕੀਤਾ ਗਿਆ ਸੀ ਜਿੱਥੋਂ ਹੁਣ ਉਨ੍ਹਾਂ ਦੀ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰੀ ਹੋਈ ਹੈ। ਚਰਚਾ ਮੁਤਾਬਕ ਡੀਆਈਜੀ ਭੁੱਲਰ ਦਾ ਦੋ ਮਹੀਨਿਆਂ ਦਾ ਛੋਟਾ ਜਿਹਾ ਕਾਰਜਕਾਲ ਹੁਣ ਸੀਬੀਆਈ ਦੇ ਨਿਸ਼ਾਨੇ ਤੇ ਆ ਗਿਆ ਹੈ। ਸੂਤਰ ਦੱਸਦੇ ਹਨ ਕਿ ਮਾਮਲਾ ਕਿਸੇ ਜਮੀਨੀ ਸੌਦੇ ਨਾਲ ਜੁੜਿਆ ਹੋਇਆ ਹੈ ਜਿਸ ਦੀ ਮਾਲ ਵਿਭਾਗ ਵੀ ਭਾਫ ਬਾਹਰ ਨਹੀਂ ਕੱਢ ਰਿਹਾ ਹੈ।
ਅੱਜ ਇਸ ਪੱਤਰਕਾਰ ਨੇ ਇੱਕ ਅਧਿਕਾਰੀ ਨੂੰ ਇਸ ਸਬੰਧੀ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬਾਹਰ ਹੋਣ ਦਾ ਕਹਿਕੇ ਪੱਲਾ ਛੁਡਾ ਲਿਆ। ਪੁਲਿਸ ਮੁਲਾਜਮਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਤਾਇਨਾਤੀ ਦੌਰਾਨ ਉਨ੍ਹਾਂ ਕੋਲ ਆਪੋ ਆਪਣੇ ਕੰਮ ਧੰਦੇ ਕਰਵਾਉਣ ਵਾਲਿਆਂ ਦੇ ਆਉਣ ਜਾਣ ਕਾਰਨ ਦਫਤਰ ਵਿੱਚ ਕਾਫੀ ਰੌਣਕ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਲੋਕਾਂ ਵਿੱਚ ਪੁਲਿਸ ਮੁਲਾਜਮ ਅਤੇ ਪ੍ਰਾਈਵੇਟ ਵਿਅਕਤੀ ਵੀ ਹੁੰਦੇ ਸਨ। ਇੰਨ੍ਹਾਂ ਲੋਕਾਂ ਨੂੰ ਅਜਿਹੇ ਕਿਹੜੇ ਕੰਮ ਸਨ ਇਹ ਜਾਣਕਾਰੀ ਨਹੀਂ ਮਿਲ ਸਕੀ ਪਰ ਪਤਾ ਲੱਗਿਆ ਹੈ ਕਿ ਕਾਫੀ ਲੋਕ ਅੰਦਰੋ ਅੰਦਰੀ ਡਰੇ ਹੋਏ ਹਨ। ਇੰਨ੍ਹਾਂ ਵਿੱਚ ਇੱਕ ਚਰਚਿਤ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਅਹਿਮ ਸੂਤਰਾਂ ਨੇ ਮੁੱਅਤਲ ਡੀਆਈਜੀ ਨੂੰ ਰਿਮਾਂਡ ਤੇ ਲਿਆਉਣ ਦੀ ਸੰਭਾਵਨਾ ਜਤਾਈ ਹੈ ਪਰ ਇਸ ਤੋਂ ਪਹਿਲਾਂ ਸੀਬੀਆਈ ਕ੍ਰਿਸ਼ਾਨੂੰ ਤੋਂ ਪੁੱਛਗਿਛ ਕਰਕੇ ਹਰ ਪੱਖ ਤੋਂ ਤਸੱਲੀ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਲੰਘੀ 16 ਅਕਤੂਬਰ ਨੂੰ ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗੋਬਿੰਦਗੜ੍ਹ ਦੇ ਇੱਕ ਸਕਰੈਪ ਵਪਾਰੀ ਤੋਂ 8 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ। ਦੋਸ਼ ਹਨ ਕਿ ਭੁੱਲਰ ਨੇ ਇਹ ਪੈਸੇ ਦਲਾਲ ਕ੍ਰਿਸ਼ਾਨੂੰ ਰਹੀਂ ਵਪਾਰੀ ਅਕਾਸ਼ ਬੱਤਾ ਤੋਂ ਰਿਸ਼ਵਤ ਮੰਗੀ ਸੀ। ਸੀਬੀਆਈ ਟੀਮਾਂ ਨੇ ਡੀਆਈਜੀ ਭੁੱਲਰ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ਤੋਂ ਤਿੰਨ ਵੱਖ ਵੱਖ ਬੈਗਾਂ ’ਚ ਭਰੀ ਸਾਢੇ 7 ਕਰੋੜ ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਸੀ ਜਿਸ ਦੀ ਗਿਣਤੀ ਲਈ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ ਸਨ। ਇਸ ਮੌਕੇ ਡੇਢ ਕਿਲੋ ਸੋਨਾ, ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ ਦੀਆਂ ਬੋਤਲਾਂ, ਲਗਜ਼ਰੀ ਵਾਹਨਾਂ ਦੀਆਂ ਚਾਬੀਆਂ ਅਤੇ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਸਨ। ਇਸ ਦੌਰਾਨ ਅਸਲਾ ਅਤੇ ਗੋਲੀ ਸਿੱਕਾ ਵੀ ਮਿਲਿਆ ਸੀ। ਭੁੱਲਰ ਦੇ ਕਥਿਤ ਸਹਿਯੋਗੀ ਕ੍ਰਿਸ਼ਾਨੂ ਕੋਲੋਂ 21 ਲੱਖ ਰੁਪਏ ਦੀ ਨਕਦ ਵੀ ਬਰਾਮਦ ਹੋਏ ਸਨ।
ਸਾਲ 2007 ਬੈਚ ਦੇ -ਆਈ ਪੀ ਐੱਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੇ ਪਿਛਲੇ ਸਾਲ 27 ਨਵੰਬਰ ਨੂੰ ਰੋਪੜ ਰੇਂਜ ਦੇ ਡੀਆਈਜੀ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਪਟਿਆਲਾ ਰੇਂਜ ਡੀਆਈਜੀ ਵਜੋਂ ਤਾਇਨਾਤ ਸਨ। ਉਨ੍ਹਾਂ ਵਿਜੀਲੈਂਸ ਵਿਭਾਗ ਵਿੱਚ ਵੀ ਸੇਵਾ ਨਿਭਾਈ ਹੈ ਅਤੇ ਕਈ ਜਿਲ੍ਹਿਆਂ ’ਚ ਐਸਐਸਪੀ ਵਜੋਂ ਵੀ ਤਾਇਨਾਤ ਰਹੇ ਹਨ। ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਰਚਰਨ ਸਿੰਘ ਭੁੱਲਰ ਨੂੰ ਤਰਸ ਦੇ ਅਧਾਰ ਤੇ ਬਿਨਾਂ ਕਿਸੇ ਲਿਖਤ ਪੜ੍ਹਤ ਦੇ ਸਿੱਧਾ ਡੀਐਸਪੀ ਭਰਤੀ ਕਰਨ ਦਾ ਮਾਮਲਾ ਵੀ ਇੰਨ੍ਹੀਂ ਦਿਨੀਂ ਸੁਰਖੀਆਂ ਬਣਿਆ ਹੋਇਆ ਹੈ। ਭੁੱਲਰ ਰੋਪੜ ਰੇਂਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਸਨ। ਉਹ ਉਸ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਵਿੱਚ ਸ਼ਾਮਲ ਸਨ ਜਿਸ ਨੇ ਕਰੋੜਾਂ ਰੁਪਏ ਦੀ ਹਾਈ ਪ੍ਰੋਫਾਈਲ ਨਸ਼ਾ ਤਸਕਰੀ ਨਾਲ ਸਬੰਧਤ ਮਾਮਲੇ ਤਹਿਤ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ।