350ਵੇਂ ਸ਼ਹੀਦੀ ਸਮਾਗਮਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਹੋਣਗੇ ਵਿਆਪਕ ਪ੍ਰਬੰਧ - ਹਰਜੋਤ ਬੈਂਸ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 30 ਅਗਸਤ ,2025
ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਮੌਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਜਾਣਗੇ, ਇਸ ਦੇ ਲਈ ਹੁਣ ਤੋ ਹੀ ਤਿਆਰੀਆਂ ਸੁਰੂ ਕੀਤੀਆ ਗਈਆਂ ਹਨ।
ਇਹ ਜਾਣਕਾਰੀ ਸ.ਹਰਜੋਤ ਸਿੰਘ ਬੈਂਸ ਕੈਬਨਿਟ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਜਿਲ੍ਹਾ ਅਧਿਕਾਰੀਆਂ ਨਾਲ ਇਸ ਇਲਾਕੇ ਦਾ ਦੌਰਾ ਕਰਨ ਉਪਰੰਤ ਦਿੱਤੀ। ਉਨ੍ਹਾਂ ਦੇ ਨਾਲ ਸੈਰ ਸਪਾਟਾ ਵਿਭਾਗ ਦੇ ਐਡਵਾਈਜਰ ਸ੍ਰੀ ਦੀਪਕ ਬਾਲੀ, ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆਂ, ਐਸ.ਐਸ.ਪੀ ਸ੍ਰੀ ਗੁਲਨੀਤ ਖੁਰਾਨਾ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਐਸ.ਪੀ ਅਰਵਿੰਦ ਮੀਨਾ ਵੀ ਮੋਜੂਦ ਸਨ। ਸ.ਬੈਂਸ ਨੇ ਇਸ ਮੌਕੇ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋ ਰਹੇ ਹਨ, ਜਿੱਥੇ ਦੇਸ਼ ਵਿਦੇਸ਼ ਤੋ ਵੱਡੀ ਗਿਣਤੀ ਸੰਗਤਾਂ ਪਹੁੰਚਣਗੀਆਂ। ਸ਼ਰਧਾਲੂਆਂ ਲਈ ਹਰ ਲੋੜੀਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਅੱਜ ਸ੍ਰੀ ਅਨੰਦਪੁਰ ਸਾਹਿਬ ਅਤੇ ਆਲੇ ਦੁਆਲੇ ਦੇ ਖੇਤਰਾਂ ਮੀਢਵਾ, ਗਰਾਂ, ਘਨਾਰੂ, ਅਗੰਮਪੁਰ, ਝਿੰਜੜੀ ਅਤੇ ਹੋਰ ਖੇਤਰਾਂ ਦਾ ਦੌਰਾ ਕੀਤਾ ਗਿਆ ਹੈ।
ਸ.ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਠਹਿਰਣ ਲਈ ਲੋੜੀਦੇ ਪ੍ਰਬੰਧ ਕੀਤੇ ਜਾਣਗੇ। ਸਫਾਈ, ਪੀਣ ਵਾਲਾ ਪਾਣੀ, ਪਖਾਨੇ, ਰੋਸ਼ਨੀ, ਟ੍ਰੈਫਿਕ ਮੈਨੇਜਮੈਂਟ, ਵਾਹਨਾਂ ਦੀ ਪਾਰਕਿੰਗ ਦੀ ਸੁਚਾਰੂ ਵਿਵਸਥਾ ਕੀਤੀ ਜਾਵੇਗੀ, ਸੜਕਾਂ ਦਾ ਵਿਆਪਕ ਪੱਧਰ ਤੇ ਕੰਮ ਸੁਰੂ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਦਾ ਸਮੁੱਚਾ ਪ੍ਰੋਗਰਾਮ ਪਹਿਲਾ ਹੀ ਤਹਿ ਕੀਤਾ ਜਾ ਚੁੱਕਾ ਹੈ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਨੂੰ ਆਪਣਾ ਕੰਮ ਜਿੰਮੇਵਾਰੀ ਦੀ ਭਾਵਨਾਂ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਐਸ.ਡੀ.ਐਮ ਜਸਪ੍ਰੀਤ ਸਿੰਘ, ਡੀ.ਐਸ.ਪੀ ਅਜੇ ਸਿੰਘ, ਡੀ.ਐਸ.ਪੀ ਹਰਕੀਰਤ ਸਿੰਘ ਵੀ ਹਾਜ਼ਰ ਸਨ।